ਗਠੀਏ ਦਾ ਸੰਕੇਤ ਹੈ ਯੂਰਿਕ ਐਸਿਡ ਦਾ ਵਧਣਾ

ਯੂਰਿਕ ਐਸਿਡ ਵਧਣ ਦੀ ਚਰਚਾ ਗਲੀ ਗਲੀ ਹੋਣ ਲੱਗ ਪਈ ਹੈ। ਕੀ ਵੱਡਾ ਕੀ ਬੱਚਾ ਤੇ ਬਜ਼ੁਰਗ, ਸਭ ਇਸ ਦਾ ਰੋਣਾ ਰੋ ਰਹੇ ਹਨ। ਇਸ ਬਿਮਾਰੀ ਨੂੰ ਗਠੀਆ ਦਾ ਛੋਟਾ ਭਰਾ ਸਮਝਿਆ ਜਾ ਰਿਹਾ ਹੈ ਜਦ ਕਿ ਇਹ ਦੋਵੇ ਬਿਮਾਰੀਆਂ ਵੱਖਰੀਆਂ-ਵੱਖਰੀਆਂ ਹਨ। ਇਸ ਦੇ ਕਾਰਨ ਨੂੰ ਜਾਣੇ ਬਗ਼ੈਰ ਹੀ ਹਰ ਵਿਅਕਤੀ ਦਰਦ ਨਿਵਾਰਨ ਗੋਲੀਆਂ ਦੇ ਫੱਕੇ ਮਾਰਦਾ ਹੋਇਆ ਆਪਣੇ ਗੁਰਦਿਆਂ ਵਿੱਚ ਵਿਗਾੜ ਪੈਦਾ ਕਰ ਰਿਹਾ ਹੈ ਕਿਉਂੁਕਿ ਯੂਰਿਕ ਐਸਿਡ ਦੀ ਬਿਮਾਰੀ ਗਠੀਏ ਦਾ ਸੰਕੇਤ ਵੀ ਹੋ ਸਕਦੀ ਹੈ ਪਰ ਉਨ੍ਹਾਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਹੁਤਾ ਡਰਨ ਦੀ ਲੋੜ ਨਹੀਂ ਜੋ ਦੁਬਲੇ ਪਤਲੇ ਤੇ ਗਤੀਸ਼ੀਲ ਹਨ ਪਰ ਕਮਜ਼ੋਰ ਇਮਿਊਨ ਸਿਸਟਮ ਤੇ ਮੋਟਾਪੇ ਵਾਲੇ ਮਰੀਜ਼ਾਂ ਲਈ ਇਹ ਆਫ਼ਤ ਹੈ। ਇਸ ਦਾ ਪ੍ਰਕੋਪ ਫਾਕੇ ਕੱਟਣ ਨੂੰ ਮਜਬੂਰ ਕਰਦਾ ਹੈ। ਸ਼ਾਕਾਹਾਰੀ ਮਰੀਜ਼ ਦਾਲਾਂ, ਪਨੀਰ, ਦਹੀਂ, ਰਾਜਮਾਂਹ, ਲੱਸੀ ਤੇ ਪਾਲਕ ਤੋ ਵਾਂਝੇ ਹੋ ਜਾਂਦੇ ਹਨ ਤੇ ਮਾਸਾਹਾਰੀ ਆਡਾਂ, ਮੀਟ, ਮੱਛੀ ਨੂੰ ਮੂੰਹ ਲਗਾਉਣ ਤੋਂ ਡਰਦੇ ਹਨ। ਕਿੰਨੀ ਅਜੀਬ ਗੱਲ ਹੈ ਕਿ ਸਾਡੀ ਥਾਲੀ ਵਿੱਚ ਛੱਤੀ ਤਰ੍ਹਾਂ ਦੇ ਭੋਜਨ ਪਏ ਹਨ ਪਰ ਡਾਕਟਰ ਸਾਡੇ ਖਾਣ-ਪੀਣ ‘ਤੇ ਰੋਕ ਲਗਾ ਦਿੰਦੇ ਹਨ। ਵਾਕਿਆ ਹੀ ਇਸ ਜੀਭ ਦੇ ਚਸਕੇ ਨੇ ਸਾਨੂੰ ਕਈ ਬਿਮਾਰੀਆਂ ਦਾ ਹਾਣੀ ਬਣਾ ਦਿੱਤਾ ਹੈ। ਕਈ ਸਪੈਸ਼ਲਿਸਟ ਡਾਕਟਰ ਇਸ ਨੂੰ ਰੋਗ ਮੰਨਦੇ ਹੀ ਨਹੀਂ, ਸਗੋ ਉਹ ਤਾਂ ਬਿਮਾਰੀ ਦੇ ਲੱਛਣਾਂ ਦੇ ਅਧਾਰ ‘ਤੇ ਕਮਜ਼ੋਰ ਹੋ ਚੁੱਕੀਆਂ ਹੱਡੀਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਹਨ। ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਇਸ ਨੂੰ ਯੂਰਿਕ ਐਸਿਡ ਦੇ ਨਾਂ ਨਾਲ ਜਾਣਦੇ ਹਨ ਤੇ ਪਿੰਡਾਂ ਵਿੱਚ ਰਹਿਣ ਵਾਲਿਆਂ ਵਾਸਤੇ ਇਹ ਇੱਕ ਵਾਈ ਦਾ ਦਰਦ ਹੈ। ਇਸ ਵਿੱਚ ਕੋਈ ਸ਼ੱਕ ਨਹੀ ਕਿ ਜੋੜਾਂ ਵਿੱਚ ਜਮ੍ਹਾਂ ਹੋਣ ਵਾਲਾ ਇਹ ਪਦਾਰਥ ਸਰੀਰ ਦੇ ਛੋਟੇ ਜੋੜਾਂ ਦਾ ਸਤਿਆਨਾਸ ਕਰਦਾ ਹੈ। ਇਹ ਸਰੀਰ ਦੀ ਲਚਕ ਨੂੰ ਘਟਾ ਦਿੰਦਾ ਹੈ ਤੇ ਜਵਾਨੀ ਨੂੰ ਖੋਰਾ ਲਾਉਂਦਾ ਹੈ। ਇਸ ਦਾ ਦਰਦ ਉਹੀ ਦੱਸ ਸਕਦਾ ਹੈ ਜਿਸ ਨੂੰ ਇਹ ਰੋਗ ਲੱਗਿਆ, ਹੋਵੇ ਬਾਕੀਆਂ ਲਈ ਇਹ ਸਿਰਫ ਬੇਵਜ੍ਹਾ ਦਾ ਰੋਣਾ ਲਗਦਾ ਹੈ।
ਕਾਰਨ-
1. ਸਾਡੇ ਸਰੀਰ ਵਿੱਚ ਬਣਨ ਵਾਲਾ ਫਾਲਤੂ ਪਦਾਰਥ ਯੂਰਿਕ ਐਸਿਡ ਖੂਨ ਨਾਲ ਰਲ ਕੇ ਪਿਸ਼ਾਬ ਰਾਹੀਂ ਬਾਹਰ ਨਿਕਲਦਾ ਹੈ ਪਰ ਪਾਣੀ ਦੀ ਕਮੀ ਤੇ ਵੱਧਦੀ ਉਮਰ ਵਿੱਚ ਕਿਡਨੀਆਂ ਆਪਣਾ ਕੰਮ ਘਟਾ ਦਿੰਦੀਆਂ ਹਨ। ਸੋ ਕਿਡਨੀ ਦੀ ਫਿਲਟਰੇਸ਼ਨ ਘੱਟ ਹੋਣ ਕਰਕੇ ਇਹ ਚਾਕ ਵਰਗੇ ਪਦਾਰਥ ਦੀ ਮਾਤਰਾ ਸਾਡੇ ਖ਼ੂਨ ਵਿੱਚ ਵਧਣ ਲੱਗ ਪੈਂਦੀ ਹੈ।
ਨਤੀਜਾ ਇਹ ਪਦਾਰਥ ਸਾਡੇ ਜੋੜਾਂ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ ਤੇ ਮਰੀਜ਼ ਜੋੜਾਂ ਦੇ ਦਰਦ ਤੇ ਥਕਾਵਟ ਦੀ ਸ਼ਿਕਾਇਤ ਨਾਲ ਡਾਕਟਰ ਕੋਲ ਆਉਂਦਾ ਹੈ।
2. ਸਾਡੇ ਖੁਨ ਵਿੱਚ ਯੂਰਿਕ ਐਸਿਡ ਦੀ ਮਾਤਰਾ 2 ਤੋਂ 7 ਪੁਆਇੰਟ ਹੁੰਦੀ ਹੈ ਪਰ ਦੇਖਿਆ ਗਿਆ ਹੈ ਕਿ ਜਦ ਯੂਰਿਕ ਐਸਿਡ ਦੀ ਮਾਤਰਾ 5 ਤੋਂ ਉੱਪਰ ਹੋ ਜਾਂਦੀ ਹੈ ਤਾਂ ਮਰੀਜ਼ ਜੋੜਾਂ ਤੇ ਮਾਸ਼ਪੇਸ਼ੀਆਂ ਦੇ ਦਰਦ ਦੀ ਸ਼ਿਕਾਇਤ ਕਰਦਾ ਹੈ ਪਰ ਜਿਸ ਨੂੰ ਅਸੀਂ ਯੂਰਿਕ ਐਸਿਡ ਸਮਝ ਰਹੇ ਹੁੰਦੇ ਹਾਂ ਉਹ ਸਰੀਰ ਦਾ ਹੋਰ ਘਾਲਾ-ਮਾਲਾ ਵੀ ਹੋ ਸਕਦਾ ਹੈ।
3. ਪ੍ਰੋਟੀਨ ਦੀ ਮਾਤਰਾ ਲੋੜ ਤੋ ਵੱਧ ਲੈਣਾ।
4. ਜਿਆਦਾ ਫੈਟ ਦੀ ਵਰਤੋ ਤੇ ਸ਼ਰਾਬ ਪੀਣਾ।
5. ਇਹ ਵਧਦੀ ਉਮਰ ਦੀ ਬਿਮਾਰੀ ਹੈ ਪਰ ਆਧੁਨਿਕ ਜੀਵਨ ਸ਼ੈਲੀ ਕਰਕੇ ਬੱਚੇ ਵੀ ਇਸ ਬਿਮਾਰੀ ਨਾਲ ਘਿਰ ਗਏ ਹਨ।
ਲੱਛਣ-
1.ਹੱਥਾਂ ਪੈਰਾਂ ਦੀਆਂ ਉਗਲੀਆਂ ਵਿੱਚ ਸੋਜ,ਅੱਡੀਆਂ ਵਿੱਚ ਹਲਕਾ-ਹਲਕਾ ਦਰਦ ਮਹਿਸੂਸ ਹੋਣਾ।
2. ਥਕਾਵਟ ਮਹਿਸੂਸ ਹੋਣਾ।
3. ਕੰਮ ਕਰਨ ਨੂੰ ਦਿਲ ਨਾ ਕਰਨਾ।
4. ਜ਼ਿਆਦਾ ਨੀਂਦ ਆਉਣਾ।
5. ਜੋੜਾਂ ਵਿੱਚ ਸੋਜ ਆ ਜਾਣਾ।
ਖਾਣਯੋਗ ਪਦਾਰਥ-ਘੀਆ, ਕੱਦੂ, ਅਰਬੀ, ਕਰੇਲਾ, ਆਲੂ, ਗਾਜਰ, ਸਰ੍ਹੋਂ ਦਾ ਸਾਗ, ਬੰਦਗੋਭੀ, ਸਾਰੇ ਫਲ਼, ਸ਼ਿਮਲਾ ਮਿਰਚ, ਪੇਠਾ, ਟਿੰਡੇ, ਚਾਵਲ ਆਦਿ।
ਨਾ ਖਾਣ ਯੋਗ ਪਦਾਰਥ-ਦੁੱਧ, ਪਨੀਰ, ਰਾਜਮਾਹ, ਮਾਸਾਹਾਰੀ ਭੋਜਨ, ਸਾਬਤ ਦਾਲਾਂ, ਚਾਹ, ਕੌਫੀ, ਕੋਲਡ-ਡਰਿੰਕਸ, ਖੋਆ, ਫਾਸਟ- ਫੂਡ ਆਦਿ ਚਾਵਲ,ਆਲੂ, ਆਚਾਰ,ਖਟਾਈ, ਸੁੱਕ ੇਮੇਵੇ ਆਦਿ।
ਰੋਗ ਦੀਆਂ ਪੇਚੀਦਗੀਆਂ- ਜੇਕਰ ਯੂਰਿਕ ਏਸਿਡ ਦੀ ਅਣਦੇਖੀ ਕੀਤੀ ਜਾਵੇ ਤਾਂ ਇਹ ਰੋਗ ਗਠੀਏ ਵਿੱਚ ਤਬਦੀਲ ਹੋ ਸਕਦਾ ਹੈ। ਯੂਰਿਕ ਏਸਿਡ ਦਾ ਰੋਗ ਗੁਰਦੇ ਦੀ ਪੱਥਰੀ ਦਾ ਜਨਮਦਾਤਾ ਵੀ ਹੈ।
ਬਚਾਓ ਤੇ ਉਪਾਅ- ਯੂਰਿਕ ਐਸਿਡ ਦੀ ਦਵਾਈ ਡਾਕਟਰੀ ਸਲਾਹ ਤੋ ਬਗ਼ੈਰ ਨਹੀਂ ਲੈਣੀ ਚਾਹੀਦੀ ਹੈ।
2. ਹਰ ਰੋਜ਼ 8 ਤੋ 10 ਗਲਾਸ ਪਾਣੀ ਪੀਣਾ ਚਾਹੀਦਾ ਹੈ।
3. ਅਚਾਰ, ਪਾਪੜ, ਚਟਨੀ ਤੇ ਫਾਸਟ ਫੂਡ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਹੈ।
ਡਾ. ਅਨਿਲ ਕੁਮਾਰ ਬੱਗਾ
977884393