ਅਫ਼ਗ਼ਾਨਿਸਤਾਨ ‘ਚ ਰਾਸ਼ਟਰਪਤੀ ਤੋਂ ਬਾਅਦ ਮੈਂ ਸਭ ਤੋਂ ਮਸ਼ਹੂਰ ਬੰਦਾ ਹੋ ਸਕਦਾਂ: ਰਾਸ਼ਿਦ ਖ਼ਾਨ

ਮੁੰਬਈ – ਅਫ਼ਗ਼ਾਨਿਸਤਾਨ ਦੇ ਨੌਜਵਾਨ ਸਪਿਨਰ ਰਾਸ਼ਿਦ ਖ਼ਾਨ ਨੇ IPL ਦੇ 11 ਵੇਂ ਸੀਜ਼ਨ ‘ਚ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਖ਼ੁਦ ਨੂੰ ਸਾਬਿਤ ਕੀਤਾ। ਰਾਸ਼ਿਦ ਨੇ ਦੱਸਿਆ ਕਿ ਜਦੋਂ ਦਿੱਗਜ ਸਚਿਨ ਤੇਂਦੁਲਕਰ ਨੇ ਉਸ ਦੀ ਤਾਰੀਫ਼ ‘ਚ ਟਵੀਟ ਕੀਤਾ ਤਾਂ ਉਹ ਬਹੁਤ ਹੈਰਾਨ ਹੋ ਗਿਆ ਅਤੇ 1-2 ਘੰਟੇ ਤਕ ਸੋਚਦਾ ਰਿਹਾ ਕਿ ਕੀ ਜਵਾਬ ਦੇਵਾਂ। ਇਸ 19 ਸਾਲ ਦੇ ਕ੍ਰਿਕਟਰ ਰਾਸ਼ਿਦ ਖ਼ਾਨ ਨੇ ਸਨਰਾਈਜ਼ਰਜ਼ ਹੈਦਰਾਬਾਦ ਲਈ IPL ਦੇ 11ਵੇਂ ਸੀਜ਼ਨ ‘ਚ ਕੁੱਲ 21 ਵਿਕਟ ਲਏ।
ਜਦੋਂ ਰਾਸ਼ਿਦ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਕੁਆਲੀਫ਼ਾਇਰ-2 ‘ਚ ਆਪਣੀ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਤਾਂ ਦੁਨੀਆ ਭਰ ਦੇ ਦਿੱਗਜਾਂ ਨੇ ਉਸ ਦੀ ਸਹਾਰਨਾ ਕੀਤੀ। ਕ੍ਰਿਕਟ ਦੇ ਭਗਵਾਨ ਦੀ ਟਵੀਟ ਤੋਂ ਬਾਅਦ ਰਾਸ਼ਿਦ ਹੈਰਾਨ ਹੋ ਗਿਆ।
ਰਾਸ਼ਿਦ ਨੇ ਕਿਹਾ ਕਿ ਕਿ ਜਦੋਂ ਮੈਂ ਟੀਮ ਬੱਸ ‘ਚ ਚੜ੍ਹ ਰਿਹਾ ਸੀ ਓਦੋਂ ਮੇਰੇ ਇੱਕ ਦੋਸਤ ਨੇ ਮੈਨੂੰ ਉਸ ਟਵੀਟ ਦਾ ਸਕਰੀਨਸ਼ੌਟ ਭੇਜਿਆ। ਮੈਂ ਉਸ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਿਆ। ਮੈਂ 1-2 ਘੰਟੇ ਸੋਚਦਾ ਹੀ ਰਿਹਾ ਕਿ ਜਵਾਬ ਕੀ ਦੇਵਾਂ, ਅਤੇ ਫ਼ਿਰ ਮੈਂ ਉਸ ਟਵੀਟ ਦਾ ਜਵਾਬ ਦਿੱਤਾ।” ਉਸ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਪੂਰੇ ਅਫ਼ਗ਼ਾਨਿਸਤਾਨ ਨੇ ਸਚਿਨ ਦੇ ਟਵੀਟ ਨੂੰ ਦੇਖਿਆ ਹੋਵੇਗਾ। ਸਚਿਨ ਸਰ ਅਫ਼ਗਾਨਿਸਤਾਨ ‘ਚ ਬਹੁਤ ਮਸ਼ਹੂਰ ਹਨ, ਅਤੇ ਸਾਰੇ ਇਹ ਦੇਖ ਕੇ ਹੈਰਾਨ ਹੋ ਗਏ ਹੋਣਗੇ ਕਿ ਉਨ੍ਹਾਂ ਨੇ ਮੇਰੀ ਇੰਨੀ ਤਾਰੀਫ਼ ਕੀਤੀ। ਉਨ੍ਹਾਂ ਦੇ ਅਜਿਹੇ ਬਿਆਨ ਹੀ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਹਨ।
ਰਾਸ਼ਿਦ ਖਾਨ ਦੀ ਹਰ ਗਤੀਵਿਧੀ ਨੂੰ ਉਸ ਦੇ ਦੇਸ਼ ‘ਚ ਲੋਕ ਫ਼ੌਲੋ ਕਰਦੇ ਹਨ, ਅਤੇ ਅਫ਼ਗ਼ਾਨਿਸਤਾਨ ‘ਚ ਕ੍ਰਿਕਟ ਨੂੰ ਵਧਾਵਾ ਦੇਣ ‘ਚ ਉਸ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੇ ਦੇਸ਼ ‘ਚ ਭਾਰਤ ਦੇ ਉੱਚ ਕ੍ਰਿਕਟਰਾਂ ਵਰਗਾ ਸਨਮਾਨ ਪਾਉਂਦਾ ਹੈ ਤਾਂ ਉਸ ਨੇ ਸ਼ਰਮਾਉਂਦੇ ਹੋਏ ਕਿਹਾ, ”ਜਿੰਨਾ ਮੈਨੂੰ ਪਤਾ ਹੈ, ਆਪਣੇ ਦੇਸ਼ ਦੇ ਰਾਸ਼ਟਰਪਤੀ ਤੋਂ ਬਾਅਦ ਹੋ ਸਕਦਾ ਹੈ ਕਿ ਮੈਂ ਹੀ ਅਫ਼ਗ਼ਾਨਿਸਤਾਨ ਦਾ ਦੂਸਰਾ ਸਭ ਤੋਂ ਜ਼ਿਆਦਾ ਮਸ਼ਹੂਰ ਵਿਅਕਤੀ ਹੋਵਾਂ।
19 ਸਾਲ ਦਾ ਰਾਸ਼ਿਦ ਨੇ IPL ਦੇ ਇਸ ਸੀਜ਼ਨ ‘ਚ ਭਾਰਤ ਹੀ ਨਹੀਂ, ਦੁਨੀਆ ਦੇ ਉੱਚ ਕ੍ਰਿਕਟਰਾਂ ਦੇ ਵਿਕਟ ਝਟਕੇ ਜਿਨ੍ਹਾਂ ‘ਚ AB ਡੀਵਿਲੀਅਰਜ਼, ਵਿਰਾਟ ਕੋਹਲੀ ਅਤੇ MS ਧੋਨੀ ਵੀ ਸ਼ਾਮਿਲ ਰਹੇ। ਉਸ ਨੇ ਕਿਹਾ, ਵਿਰਾਟ, AB ਅਤੇ ਧੋਨੀ ਦੇ ਵਿਕਟ ਲੈਣਾ ਬਹੁਤ ਸੰਤੋਖਜਨਕ ਰਿਹਾ। ਸੱਚ ਕਹਾਂ ਤਾਂ ਇਨ੍ਹਾਂ ਨੂੰ ਮੈਂ ਆਪਣੇ ਹੁਣ ਤਕ ਦੇ ਕਰੀਅਰ ਦੇ ਬੈੱਸਟ ਵਿਕਟ ਮੰਨਦਾ ਹਾਂ। ਇਹ ਸਾਰੇ ਸਪਿਨ ਗੇਂਦਬਾਜ਼ੀ ਨੂੰ ਬਹੁਤ ਚੰਗੀ ਤਰ੍ਹਾਂ ਖੇਡਦੇ ਹਨ, ਅਤੇ ਉਨ੍ਹਾਂ ਨੂੰ ਆਊਟ ਕਰਨਾ ਮੇਰੇ ਲਈ ਬਹੁਤ ਯਾਦਗਾਰੀ ਰਹੇਗਾ।”
T-20 ਫ਼ੌਰਮੈਟ ‘ਚ ਗੇਂਦਬਾਜ਼ਾਂ ਲਈ ਕੁੱਝ ਨਹੀਂ ਹੁੰਦਾ ਹੈ, ਪਰ ਖ਼ਾਨ ਦਾ ਮੰਨਣਾ ਹੈ ਕਿ ਇਸ ਫ਼ੌਰਮੈਟ ‘ਚ ਧੀਰਜ ਰੱਖਣਾ ਅਤੇ ਖ਼ੁਦ ‘ਤੇ ਭਰੋਸਾ ਰੱਖਣਾ ਹੀ ਸਭ ਤੋਂ ਅਹਿਮ ਹੈ, ਚਾਹੇ ਬੱਲੇਬਾਜ਼ ਤੁਹਾਡੀਆਂ ਗੇਂਦਾਂ ‘ਤੇ ਲਗਾਤਾਰ ਦੌੜਾਂ ਬਣਾ ਰਹੇ ਹੋਣ। ਉਨ੍ਹਾਂ ਨੇ ਕਿਹਾ, ”T-20 ਖ਼ੁਦ ਦਾ ਅਨੰਦ ਉਠਾਉਣ ਦਾ ਫ਼ੌਰਮੈਟ ਹੈ। ਤੁਸੀਂ ਜਿੰਨਾ ਅਨੰਦ ਮਾਣੋਗੇ, ਓਨਾ ਬਿਹਤਰ ਤੁਹਾਡਾ ਪ੍ਰਦਰਸ਼ਨ ਹੋਵੇਗਾ। ਜਿੰਨਾ ਤੁਸੀਂ ਡਰਦੇ ਰਹੋਗੇ, ਓਨਾ ਜ਼ਿਆਦਾ ਪਰੇਸ਼ਾਨੀ ‘ਚ ਪੈਂਦੇ ਜਾਓਗੇ।