‘ਆਪ’ ਯੂਥ ਵਿੰਗ ਪੰਜਾਬ ਦੇ ਨੌਜਵਾਨਾਂ ਨੂੰ ਜੋੜਨ ਲਈ 2 ਜੂਨ ਤੋਂ ਸ਼ੁਰੂ ਕਰੇਗਾ ਵਿਸ਼ੇਸ਼ ਮੁਹਿੰਮ

ਨਸ਼ੇ ਦੇ ਮੁੱਦੇ ‘ਤੇ ‘ਆਪ’ ਆਪਣੇ ਪਹਿਲਾਂ ਵਾਲੇ ਸਟੈਂਡ ‘ਤੇ ਕਾਇਮ-ਮਨਜਿੰਦਰ ਸਿੰਘ ਸਿੱਧੂ
ਚੰਡੀਗੜ੍ਹ -ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਜੋੜਨ ਲਈ 2 ਜੂਨ ਤੋਂ ਸੂਬਾ ਪੱਧਰੀ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸਦੇ ਅਧੀਨ ਪੰਜਾਬ ਦੇ ਹਰ ਪਿੰਡ ਵਿਚ ਨੌਜਵਾਨਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਰਾਜਨੀਤੀ ਵਿਚ ਆਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਵਿੰਗ ਦੇ ਇੰਚਾਰਜ ਐਮ.ਐਲ.ਏ ਮੀਤ ਹੇਅਰ, ਸਹਿ-ਪ੍ਰਧਾਨ ਸੰਦੀਪ ਧਾਲੀਵਾਲ, ਜਥੇਬੰਦਕ ਢਾਂਚਾ ਇੰਚਾਰਜ ਵਿਪੁਲ ਪੁਰੀ, ਮਾਲਵਾ ਜ਼ੋਨ- 1 ਦੇ ਪ੍ਰਧਾਨ ਸੁਖਰਾਜ ਸਿੰਘ ਗੌਰਾ ਫ਼ਿਰੋਜ਼ਸ਼ਾਹ, ਮਾਲਵਾ ਜ਼ੋਨ-2 ਦੇ ਪ੍ਰਧਾਨ ਅਮਨਦੀਪ ਸਿੰਘ ਮੋਹੀ, ਮਾਲਵਾ ਜ਼ੋਨ-3 ਦੇ ਪ੍ਰਧਾਨ ਐਡਵੋਕੇਟ ਕੁਲਜਿੰਦਰ ਸਿੰਘ ਢੀਂਡਸਾ, ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਅਤੇ ਦੋਆਬਾ ਜ਼ੋਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੋਬੀ ਕੰਗ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਰੀਡ ਦੀ ਹੱਡੀ ਹਨ ਅਤੇ ਉਨ੍ਹਾਂ ਦਾ ਰਾਜਨੀਤੀ ਵਿਚ ਰੁਚੀ ਰੱਖਣਾ ਦੇਸ਼ ਦੇ ਭਵਿੱਖ ਲਈ ਅਤਿ ਅੰਤ ਜ਼ਰੂਰੀ ਹੈ।
ਮਨਜਿੰਦਰ ਸਿੱਧੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਰਾਜਨੀਤਿਕ ਕਾਰਜਾਂ ਲਈ ਨਸ਼ੇ ਵਰਗੀ ਦਲਦਲ ਵਿਚ ਧੱਕਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਹਰ ਪਿੰਡ ਵਿਚ ਲੋਕਾਂ ਦੇ ਘਰ ਜਾ ਕੇ ਨੌਜਵਾਨਾਂ ਨਾਲ ਰਾਬਤਾ ਕਰੇਗੀ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਉਨ੍ਹਾਂ ਨਾਲ ਕੀਤੇ ਧੋਖੇ ਅਤੇ ਵਾਅਦਾ ਖਿਲਾਫੀਆਂ ਬਾਰੇ ਜਾਗਰੂਕ ਕਰਨਗੇ। ਸਿੱਧੂ ਨੇ ਕਿਹਾ ਕਿ ‘ਆਪ’ ਯੂਥ ਵਿੰਗ 2 ਤੋਂ 6 ਜੂਨ ਤੱਕ ਪੰਜਾਬ ਭਰ ਵਿਚ ਮੀਟਿੰਗਾਂ ਕਰਦੇ ਹੋਏ ਕੁੱਲ 15 ਵਿਧਾਨ ਸਭਾ ਖੇਤਰਾਂ ਵਿਚ ਨੌਜਵਾਨਾਂ ਨਾਲ ਵਿਚਾਰ-ਵਟਾਂਦਰਾ ਕਰੇਗੀ। ਇਸਦੇ ਤਹਿਤ 2 ਜੂਨ ਨੂੰ ਡੇਰਾਬੱਸੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਚਮਕੌਰ ਸਾਹਿਬ, 3 ਜੂਨ ਨੂੰ ਸਮਰਾਲਾ, ਗਿੱਲ ਅਤੇ ਲੁਧਿਆਣਾ (ਪੂਰਬੀ), 4 ਜੂਨ ਨੂੰ ਫਿਲੌਰ, ਹੁਸ਼ਿਆਰਪੁਰ ਅਤੇ ਸ਼ਾਮਚੁਰਾਸੀ, 5 ਜੂਨ ਨੂੰ ਬਾਬਾ ਬਕਾਲਾ, ਜੰਡਿਆਲਾ ਅਤੇ ਅੰਮ੍ਰਿਤਸਰ (ਪੂਰਬੀ), 6 ਜੂਨ ਨੂੰ ਸਰਦੂਲਗੜ੍ਹ, ਮਾਨਸਾ ਅਤੇ ਬੁਢਲਾਡਾ ਵਿਖੇ ਮੀਟਿੰਗਾਂ ਕੀਤੀਆਂ ਜਾਣਗੀਆਂ।
ਵਿੰਗ ਦੇ ਇੰਚਾਰਜ ਐਮ.ਐਲ.ਏ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ, ਜਿਸ ਦਾ ਸਬੂਤ ਆਮ ਘਰਾਂ ਦੇ ਨੌਜਵਾਨਾਂ ਦਾ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਵਿਧਾਨ ਸਭਾ ਵਿਚ ਆਉਣਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਹੀ ਆਮ ਅਤੇ ਗ਼ਰੀਬ ਘਰਾਂ ਦੇ ਨੌਜਵਾਨਾਂ ਨੂੰ ਸਿਆਸਤਦਾਨਾਂ ਦੇ ਕਾਕਿਆਂ ਦੇ ਵਿਰੁੱਧ ਖੜ੍ਹਾ ਕਰਨਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਨਹੀਂ ਰਿਹਾ ਕਿ ਸਿਰਫ਼ ਧਨਾਢਾਂ ਅਤੇ ਸਿਆਸਤਦਾਨਾਂ ਦੇ ਧੀਆਂ ਪੁੱਤਰ ਹੀ ਸਿਆਸਤ ਵਿਚ ਆਉਣ, ਬਲਕਿ ਲੋਕਾਂ ਦੇ ਮੁੱਦਿਆਂ ਨਾਲ ਸਰੋਕਾਰ ਰੱਖਣ ਵਾਲੇ ਆਮ ਲੋਕ ਵੀ ਰਾਜਨੀਤੀ ਵਿਚ ਆਪਣਾ ਭਵਿੱਖ ਵੇਖ ਸਕਦੇ ਹਨ। ਹੇਅਰ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਣੀਆਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਪੰਜਾਬ ਦੀ ਕਿਸਾਨੀ, ਵਪਾਰ ਅਤੇ ਜਵਾਨੀ ਨੂੰ ਖ਼ਤਮ ਕੀਤਾ ਹੈ। ਸੂਬੇ ਵਿਚ ਸਿਆਸਤਦਾਨਾਂ ਵੱਲੋਂ ਹੀ ਨਸ਼ੇ ਦਾ ਵਪਾਰ ਕੀਤਾ ਗਿਆ ਹੈ।
ਵਿੰਗ ਦੇ ਸਹਿ-ਪ੍ਰਧਾਨ ਸੰਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਭ੍ਰਿਸ਼ਟ ਕਾਂਗਰਸ ਅਤੇ ਅਕਾਲੀ ਦਲ ਤੋਂ ਅੱਕ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਬਦਲ ਵਜੋਂ ਵੇਖ ਰਹੇ ਹਨ। ਪਿਛਲੀਆਂ ਚੋਣਾਂ ਵਿਚ ਹੋਈਆਂ ਗ਼ਲਤੀਆਂ ਤੋਂ ਸਬਕ ਲੈਂਦੇ ਹੋਏ ਆਮ ਆਦਮੀ ਪਾਰਟੀ ਅਗਲੀਆਂ ਚੋਣਾਂ ਦੀ ਤਿਆਰੀ ਦੌਰਾਨ ਇਹਨਾਂ ਗ਼ਲਤੀਆਂ ਨੂੰ ਨਾ ਦੋਹਰਾ ਕੇ ਸੂਬੇ ਦੇ ਲੋਕਾਂ ਦੀਆਂ ਆਸਾਂ ਉੱਤੇ ਖਰਾ ਉੱਤਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨਾਲ ਸੰਬੰਧਿਤ ਹਰ ਮੁੱਦੇ ਉੱਤੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਸਰਕਾਰ ਨੂੰ ਘੇਰੇਗੀ।
ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਦਿੰਦਿਆਂ ਮਨਜਿੰਦਰ ਸਿੱਧੂ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਆਪਣੇ ਪਹਿਲਾਂ ਵਾਲੇ ਸਟੈਂਡ ‘ਤੇ ਕਾਇਮ ਹੈ ਅਤੇ ਹੁਣ ਵੀ ਮੰਨਦੀ ਹੈ ਕਿ ਸੂਬੇ ਵਿਚ ਸਿਆਸਤਦਾਨ ਹੀ ਨਸ਼ੇ ਦਾ ਵਪਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਦੇ ਵੀ ਬਿਕਰਮ ਮਜੀਠੀਆ ਨੂੰ ਜੇਲ੍ਹ ਵਿਚ ਨਹੀਂ ਸੁੱਟੇਗੀ ਬਲਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਜੀਠੀਆ ਨੂੰ ਨਸ਼ੇ ਦੇ ਵਪਾਰ ਕਰਨ ਲਈ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਜੇਲ੍ਹ ਦਾ ਰਸਤਾ ਦੇਖਾਵੇਗੀ।
ਆਮ ਆਦਮੀ ਪਾਰਟੀ ਨੇ ਅੱਜ ਵਿਪੁਲ ਪੁਰੀ ਨੂੰ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਇੰਚਾਰਜ ਨਿਯੁਕਤ ਕੀਤਾ। ਪੁਰੀ ਮੁੱਢ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਿਛਲੇ ਸਮੇਂ ਦੌਰਾਨ ਵੱਖ-ਵੱਖ ਅਹੁਦਿਆਂ ਉੱਤੇ ਕਾਰਜ ਕਰ ਚੁੱਕੇ ਹਨ। ਸਿੱਧੂ ਨੇ ਕਿਹਾ ਕਿ ਪੁਰੀ ਦੀ ਨਿਯੁਕਤੀ ਨਾਲ ਯੂਥ ਵਿੰਗ ਹੋਰ ਮਜ਼ਬੂਤ ਹੋਵੇਗਾ ਅਤੇ ਪੁਰੀ ਪਾਰਟੀ ਦੀ ਮਜ਼ਬੂਤੀ ਲਈ ਸਹਾਈ ਸਿੱਧ ਹੋਣਗੇ।