ਪਿੰਡ ਦੀ ਸੱਥ ਵਿੱਚੋਂ (ਕਿਸ਼ਤ-299)

ਸੱਥ ਵਿੱਚ ਤਾਸ਼ ਖੇਡੀ ਜਾਂਦਿਆਂ ਦਾ ਪੱਤਾ ਸੁੱਟਣ ਪਿੱਛੇ ਪਏ ਰੌਲੇ ਨੂੰ ਸੁਣ ਕੇ ਸੱਥ ਕੋਲ ਦੀ ਲੰਘੇ ਜਾਂਦੇ ਗੀਸਾ ਵਪਾਰੀ ਤੇ ਭਾਨਾ ਠੇਕਦਾਰ ਇੱਕਦਮ ਸੱਥ ਵੱਲ ਨੂੰ ਇਉਂ ਮੁੜ ਪਏ ਜਿਮੇਂ ਇੱਕ ਪਾਸੇ ਦਾ ਬਰੇਕ ਦੱਬ ਕੇ ਮੈਸ੍ਹੀ ਟਰੈਕਟਰ ਪੈਰ ‘ਤੇ ਮੋੜ ਦਿੱਤਾ ਹੋਵੇ। ਸੱਥ ਵਾਲੇ ਥੜ੍ਹੇ ‘ਤੇ ਤਾਸ਼ ਖੇਡੀ ਜਾਂਦੀ ਜੁੰਡਲੀ ਦੇ ਸਰ੍ਹਾਣੇ ਖੜ੍ਹ ਕੇ ਗੀਸਾ ਵਪਾਰੀ ਛੋਲੇ ਮਿੱਧਾਂ ਦੇ ਚੱਘੂ ਨੂੰ ਕਹਿੰਦਾ, ”ਕੀ ਗੱਲ ਓਏ ਐਨਾ ਰੌਲਾ ਪਾਇਆ ਜਿਮੇਂ ਭੇਡਾਂ ਦੇ ਇੱਜੜ ‘ਚ ਬਘਿਆੜ ਵੜ ਗਿਆ ਹੁੰਦੇ। ਆਂਢ ਗੁਆਂਢ ‘ਚ ਧੀਆਂ ਭੈਣਾਂ ਆਲੇ ਘਰ ਵਸਦੇ ਐ, ਤੁਸੀਂ ਪਤੰਦਰੋ ਇਉਂ ਸਮਾਨ ਚੱਕਣਾ ਲਿਆ ਜਿਮੇਂ ਵਿਆਹ ‘ਚੋਂ ਰੁੱਸ ਕੇ ਆਈ ਵਚੋਲਣ ਚੰਡੋਲ ਝੂਟਦੀ ਡਰ ਕੇ ਚੀਕਾਂ ਮਾਰਦੀ ਹੋਵੇ।”
ਗੀਸੇ ਦੀ ਚੌਧਰਪੁਣੇ ਵਾਲੇ ਲਹਿਜੇ ਦੀ ਬੋਲੀ ਸੁਣ ਕੇ ਚੱਘੂ ਗੀਸੇ ਨੂੰ ਇਉਂ ਕਤਾੜ ਕੇ ਪੈ ਗਿਆ ਜਿਮੇਂ ਭੁੱਖੀ ਬਾਂਦਰੀ ਖਿੱਲਾਂ ਨੂੰ ਪੈ ਗਈ ਹੋਵੇ। ਤਾਸ਼ ਖੇਡਦਿਆਂ ਦੇ ਪਿੱਛੇ ਖੜ੍ਹੇ ਬੋਲੀ ਜਾਂਦੇ ਗੀਸੇ ਵੱਲ ਮੂੰਹ ਭਮਾ ਕੇ ਚੱਘੂ ਕਹਿੰਦਾ, ”ਜਾਹ ਬਾਈ ਤੂੰ ਆਵਦਾ ਵਪਾਰ ਵਪੂਰ ਕਰਿਆ ਜਾ ਕੇ। ਠੱਗੀ ਠੁੱਗੀ ਮਾਰਨੀ ਐ ਜਾ ਕੇ ਮਾਰਿਆ। ਨਾਲੇ ਤੂੰ ਸਾਡੇ ਰੌਲੇ ਤੋਂ ਕੀ ਵੜੇਮੇਂ ਲੈਣੇ ਐਂ। ਰੌਲਾ ਚੁੱਪ ਕਰਾਉਣ ਆਇਆ ਵੱਡਾ ਇਹੇ ਨਾਢੂ ਖਾਂ। ਤੂੰ ਸਾਡੀ ਤਾਸ਼ ਤੋਂ ਕੀ ਲੈਣਾ ਓਏ, ਆਵਦੇ ਘਰ ਦੇ ਨਿਆਣੇ ਤਾਂ ਤੈਥੋਂ ਸਾਂਭੇ ਨ੍ਹੀ ਜਾਂਦੇ।”
ਸੀਤਾ ਮਰਾਸੀ ਚੱਘੂ ਤੋਂ ਗੀਸੇ ਦੇ ਨਿਆਣਿਆਂ ਬਾਰੇ ਗੱਲ ਸੁਣ ਕੇ ਚੱਘੂ ਨੂੰ ਟਿੱਚਰ ‘ਚ ਕਹਿੰਦਾ, ”ਨਿਆਣੇ ਕੀ ਇਹਦੇ ‘ਡਾਰੀਆਂ ਮਾਰਦੇ ਐ ਬਈ ‘ਸਮਾਨ ‘ਚ ਗਿਰਝਾਂ ਫ਼ੜਦੇ ਫ਼ਿਰਦੇ ਐ। ਭੋਰਾ ਭਰ ਤਾਂ ਜੁਆਕ ਐ। ਪੋਤੜਿਆਂ ‘ਚੋਂ ਅਜੇ ਨਿੱਕਲੇ ਨ੍ਹੀ, ਹੁਣੇ ਈਂ ਕਿੱਥੋਂ ਚੰਦ ‘ਤੇ ਛੋਲੇ ਮਿੱਧਿਆਏ ਬਈ।”
ਚੱਘੂ ਕਾ ਟੱਬਰ ਪਿੰਡ ‘ਚ ਛੋਲੇ ਮਿੱਧਾਂ ਦਾ ਲਾਣਾ ਵੱਜਦਾ ਕਰ ਕੇ ਮਰਾਸੀ ਨੇ ਚੱਘੂ ‘ਤੇ ਸੂਈ ਧਰ ਲਈ। ਜਦੋਂ ਮਰਾਸੀ ਨੇ ਚੱਘੂ ਨੂੰ ਕਿਹਾ ਕਿ ਹੁਣੇ ਈ ਕਿੱਥੋਂ ਗੀਸੇ ਕੇ ਜੁਆਕ ਚੰਦ ‘ਤੇ ਛੋਲੇ ਮਿੱਧ ਆਏ ਤਾਂ ਚੱਘੂ ਤਾਸ਼ ਖੇਡੀ ਜਾਂਦਾ ਜਾਂਦਾ ਤਾਸ਼ ਦੇ ਪੱਤੇ ਸੁੱਟ ਕੇ ਮਰਾਸੀ ਦੇ ਗਲ ਪੈ ਗਿਆ, ”ਸਾਲੀਏ ਮੰਗ ਖਾਣੀਏ ਜਾਤੇ, ਅਸੀਂ ਕੀਹਦੇ ਛੋਲੇ ਮਿੱਧ ‘ਤੇ ਓਏ। ਆਪ ਸੋਡੇ ਟੱਬਰ ਨੇ ਕਦੇ ਘਰੇ ਰੋਟੀ ਪਕਾਈ ਐ। ਕਦੇ ਕਿਸੇ ਦੇ ਜਾ ਖਾ ਆਉਂਦਾ ਸਾਰਾ ਟੱਬਰ ਕਦੇ ਕਿਸੇ ਦੇ।”
ਮਾਹਲਾ ਨੰਬਰਦਾਰ ਗੀਸੇ ਵਪਾਰੀ ਨੂੰ ਕਹਿੰਦਾ, ”ਜਿੰਨਾ ਰੌਲਾ ਹੁਣ ਧੁਖ ਗਿਆ ਐਨਾ ਤਾਂ ਤਾਸ਼ ਆਲੇ ਪਾਉਂਦੇ ਮਨ੍ਹੀ ਸੀ, ਤੂੰ ਪਤੰਦਰਾ ਹੋਰ ਈ ਗੋਂਗਲੂਆਂ ‘ਚ ਗਧੀ ਵਾੜ ‘ਤੀ। ਜਾਹ ਤੂੰ ਜਾਂਦਾ ਰਹਿ, ਹੋਰ ਨਾ ਕਿਤੇ ਏਥੇ ਕੋਈ ਹੋਰ ਸਿਆਪਾ ਖੜ੍ਹਾ ਹੋ ਜੇ।”
ਬੰਤਾ ਬੁੜ੍ਹਾ ਕਹਿੰਦਾ, ”ਚੰਗੇ ਭਲੇ ਤਾਸ਼ ‘ਚ ਆਵਦਾ ਖੱਪ ਖਾਨਾ ਪਾਈ ਜਾਂਦੇ ਸੀ, ਪਾਈ ਜਾਣ ਦਿੰਦੇ, ਆਪਾਂ ਨੂੰ ਕੀ ਕਹਿੰਦੇ ਸੀ। ਆਹ ਹੋਰ ਈ ਪਤੰਦਰ ਨੇ ਫ਼ਲੂਹਾ ਸਿੱਟ ‘ਤਾ।”
ਮਾਹਲੇ ਨੰਬਰਦਾਰ ਦੇ ਕਹਿਣ ‘ਤੇ ਗੀਸਾ ਵਪਾਰੀ ਤਾਂ ਸੱਥ ‘ਚੋਂ ਤੁਰ ਗਿਆ, ਚੱਘੂ ਫ਼ੇਰ ਭਾਨੇ ਠੇਕੇਦਾਰ ਨੂੰ ਪੈ ਗਿਆ, ”ਤੂੰ ਪਤੰਦਰਾ ਉਈਂ ਘੋਟਣੇ ਸਿਰੇ ਜੇ ਨੂੰ ਤਾਸ਼ ਖੇਡੀ ਜਾਂਦਿਆਂ ਦੇ ਸਾਡੇ ਸਰ੍ਹਾਣੇ ਲਿਆ ਕੇ ਖੜ੍ਹਾਤਾ ਜਿਮੇਂ ਗਾਹਾਂ ਫ਼ੱਤੂ ਢੀਂਗੇ ਕਾ ਰੁਲਦੂ ਮਾਹਟਰ ਹੁੰਦੈ।”
ਸੀਤਾ ਮਰਾਸੀ ਚੱਘੂ ਨੂੰ ਕਹਿੰਦਾ, ”ਰੁਲਦੂ ਮਾਹਟਰ ਕੀ ਬਾਹਲ਼ਾ ਵੱਡਾ ਚੌਧਰੀ ਐ, ਲੱਗਿਆ ਤਾਂ ਮਾਹਟਰ ਈ ਐ ਸਤੀਲਦਾਰ ਤਾਂ ਲੱਗਿਆ ਵਿਆ। ਨਾਲੇ ਮਾਹਟਰ ਕਿਹੜਾ ਸਾਰਿਆਂ ਤੋਂ ਉੱਤੋਂ ਦੀ ਐ, ਪੜ੍ਹਾਉਂਦਾ ਤਾਂ ਪਹਿਲੀ ਪੱਕੀ ਆਲਿਆਂ ਨੂੰ ਈ ਐ। ਓਨ੍ਹੀ ਕੀ ਅਕਲ ਰੁਲਦੂ ਨੂੰ ਐ।”
ਸੱਥ ‘ਚ ਲੜਾਈ ਵਾਲੇ ਮਹੌਲ ਨੂੰ ਟਾਲਣ ਦਾ ਮਾਰਾ ਬਾਬਾ ਪਾਖਰ ਸਿਉਂ ਚੱਘੂ ਦੇ ਮੂੰਹੋਂ ਫ਼ੱਤੂ ਢੀਂਗੇ ਕੇ ਰੁਲਦੂ ਮਾਸਟਰ ਦੀ ਗੱਲ ਸੁਣ ਕੇ ਚੱਘੂ ਨੂੰ ਕਹਿੰਦਾ, ”ਕਿਉਂ ਚੱਘਾ ਸਿਆਂ! ਆਹ ਫ਼ੱਤੂ ਢੀਂਗੇ ਕੇ ਰੁਲਦੂ ਮਾਹਟਰ ਦੀ ਗੱਲ ਐ। ਇਹ ਤਾਂ ਤੂੰ ਰੁਲਦੂ ਮਾਹਟਰ ਦਾ ਇਉਂ ਨਾਉਂ ਲੈ ‘ਤਾ ਜਿਮੇਂ ਗਾਹਾਂ ਡੀ ਸੀ ਲੱਗਿਆ ਹੁੰਦੈ ਰੁਲਦੂ।”
ਸੀਤਾ ਮਰਾਸੀ ਕਹਿੰਦਾ, ”ਹੁਣ ਤਾਂ ਨ੍ਹੀ ਯਾਰ ਓਹੋ ਮਾਹਟਰ। ਜਦੋਂ ਸਕੂਲ ‘ਚ ਪੜ੍ਹਾਉਂਦਾ ਹੁੰਦਾ ਸੀ ਉਦੋਂ ਮਾਹਟਰ ਹੁੰਦਾ ਸੀ, ਹੁਣ ਤਾਂ ਡੰਗਰਾਂ ਨੂੰ ਪੱਠੇ ਪਾਉਣ ਜੋਗਾ ਈ ਰਹਿ ਗਿਆ।”
ਬਾਬੇ ਪਾਖਰ ਸਿਉਂ ਨੇ ਹੈਰਾਨੀ ਨਾਲ ਸੀਤੇ ਮਰਾਸੀ ਨੂੰ ਪੁੱਛਿਆ, ”ਕਿਉਂ ਹੁਣ ਕੀ ਹੋ ਗਿਆ ਰੁਲਦੂ ਮਾਹਟਰ ਨੂੰ?”
ਬੁੱਘਰ ਦਖਾਣ ਕਹਿੰਦਾ, ”ਹੋਣਾ ਕਰਨਾ ਤਾਂ ਬਾਬਾ ਕੀ ਸੀ, ਲਟੈਰ ਲਟੂਰ ਹੋ ਗਿਆ ਹੋਣੈ ਹੋਰ ਕਿਤੇ ਸੁਰਜਨ ਕੇ ਬੋਘੇ ਆਂਗੂੰ ਬੱਕਰੀ ਤਾਂ ਨ੍ਹੀ ਕਿਸੇ ਦੀ ਚੋਰੀ ਕਰ ਲੀ।”
ਬਾਬਾ ਪਾਖਰ ਸਿਉਂ ਕਹਿੰਦਾ, ”ਐਡੀ ਛੇਤੀ ਕਿੱਥੋਂ ਲਟੈਰ ਹੋ ਗਿਆ ਯਰ। ਆਹ ਹੁਣੇ ਜੇ ਤਾਂ ਲੱਗਿਆ ਸੀ। ਪੰਜ ਸੱਤ ਕੁ ਵਰ੍ਹੇ ਈ ਹੋਏ ਹੋਣੇ ਐਂ ਕੁ ਨਹੀਂ। ਕਿਉਂ ਭਾਗ ਸਿਆਂ ਤੇਰਾ ਤਾਂ ਗੁਆਂਢੀ ਐ ਰੁਲਦੂ, ਤੈਨੂੰ ਤਾਂ ਪਤਾ ਹੁਣੈ?”
ਬਾਬੇ ਪਾਖਰ ਸਿਉਂ ਸਾਹਮਣੇ ਬੈਠਾ ਭਾਗ ਸਿਉਂ ਬਜ਼ੁਰਗ ਅਵਸਥਾਂ ‘ਚੋਂ ਬਾਬੇ ਪਾਖਰ ਸਿਉਂ ਕਹਿੰਦਾ, ”ਮੇਰੇ ਨਾਲੋਂ ਨਾਥਾ ਸਿਉਂ ਬਾਹਲਾ ਪਤੈ। ਇਹ ਉਨ੍ਹਾਂ ਦੇ ਘਰੋਂ ਸਾਰਾ ਸਿਆਲ ਕੁੱਕੜਾਂ ਦੇ ਆਂਡੇ ਵੀ ਲਿਆ ਲਿਆ ਖਾਦੈ।”
ਨਾਥਾ ਅਮਲੀ ਭਾਗ ਸਿਉਂ ਨੂੰ ਕਹਿੰਦਾ, ”ਆਂਡੇ ਤਾਂ ਤਾਇਆ ਕੁਕੜੀਆਂ ਧਰਦੀਆਂ ਹੁੰਦੀਐਂ, ਕਿਤੇ ਕੁੱਕੜਾਂ ਨੇ ਵੀ ਆਂਡੇ ਧਰੇ ਐ।”
ਭਾਗ ਸਿਉਂ ਦੀ ਗੱਲ ਸੁਣ ਕੇ ਬਾਬਾ ਪਾਖਰ ਸਿਉਂ ਨਾਥੇ ਅਮਲੀ ਵੱਲ ਨੂੰ ਹੋਇਆ। ਅਮਲੀ ਦੇ ਖੂੰਡੀ ਦੀ ਹੁੱਜ ਮਾਰ ਕੇ ਬਾਬਾ ਪਾਖਰ ਸਿਉਂ ਅਮਲੀ ਨੂੰ ਕਹਿੰਦਾ, ”ਕਿਉਂ ਨਾਥਾ ਸਿਆਂ! ਆਹ ਭਾਗ ਸਿਉਂ ਕੀ ਕਹਿੰਦੈ। ਤੈਨੂੰ ਪਤਾ ਰੁਲਦੂ ਮਾਹਟਰ ਬਾਰੇ, ਕਹਿੰਦੇ ਲਟੈਰ ਹੋ ਗਿਆ, ਸੱਚੀ ਗੱਲ ਐ ਬਈ?”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਮੈਂ ਤਾਂ ਸੁਣਿਐਂ ਅਕੇ ਸ਼ਰਾਬ ਸ਼ਰੂਬ ਬਾਹਲੀ ਪੀਂਦਾ ਕਰ ਕੇ ਸਕੂਲ ਆਲਿਆਂ ਨੇ ਕੱਢ ਕੁੱਢ ਨਾ ਦਿੱਤਾ ਹੋਵੇ ਕਿਤੇ। ਅਧੀਏ ਦਾ ਲਾ ਕੇ ਹਾੜਾ ਹੈਡਮਾਹਟਰ ਆਲੀ ਕੁਰਸੀ ਨਾ ਕਿਤੇ ਮੱਲ ਕੇ ਬਹਿ ਗਿਆ ਹੋਵੇ, ਅਗਲਿਆਂ ਨੇ ਪੱਟ ਕੇ ਜੜਾਂ ‘ਚੋਂ ਪੂਛ, ਹੱਥ ‘ਚ ਫ਼ੜਾ ਕੇ ਘਰ ਨੂੰ ਤੋਰ ‘ਤਾ ਹੋਣੈ।”
ਨਾਥਾ ਅਮਲੀ ਕਹਿੰਦਾ, ”ਸ਼ਰਾਬ ਤਾਂ ਸੂਬੇਦਾਰਾ ਜਰੂਰ ਬਾਹਲ਼ੀ ਪੀਂਦਾ, ਪਰ ਸ਼ਰਾਬ ਪੀ ਕੇ ਸਕੂਲ ਨ੍ਹੀ ਸੀ ਕਦੇ ਗਿਆ ਹੋਣੈ।”
ਗਿਆਨੀ ਕੇਵਲ ਸਿਉਂ ਕਹਿੰਦਾ, ”ਲਿਹਾਜਾਂ ਤਾਂ ਰੁਲਦੂ ਦੀਆਂ ਕਹਿੰਦੇ ਵੱਡੇ ਵੱਡੇ ਅਫ਼ਸਰਾਂ ਨਾਲ ਐ। ਕਹਿੰਦੇ ਡੀਸੀ ਡੂਸੀ ਤੇ ਠਾਣੇ ਠੂਣੇਦਾਰਾਂ ਕੋਲ ਤਾਂ ਆਮ ਈ ਜਾਣਾ ਆਉਣਾ ਦੱਸਦੇ ਐ। ਬਾਕੀ ਭਾਈ ਫ਼ੇਰ ਇਨ੍ਹਾਂ ਸ਼ਰਾਬੀਆਂ ਦੇ ਰੰਗਾਂ ਦਾ ਮਨ੍ਹੀ ਪਤਾ ਹੁੰਦਾ। ਇਹ ਰੁਲਦੂ ਤਾਂ ਕਹਿੰਦੇ ਪੀ ਕੇ ਬਹੁਤੀਓ ਈ ਤਿੱਤਰ ਖੰਭੀ ਜੀ ਖਲਾਰਦੈ।”
ਗੁਰਨਾਮੇ ਕਾ ਘੀਚਾ ਕਹਿੰਦਾ, ”ਸ਼ਰਾਬ ਪੀ ਕੇ ਗਾਲ ਵੀ ਕੱਢਦਾ ਬਾਈ ਜੀ। ਪੰਗਾ ਵੀ ਗਾਲ ਗੂਲ ਤੋਂ ਈ ਪਿਆ ਹੋਊ।”
ਨਾਥਾ ਅਮਲੀ ਗਿਆਨੀ ਕੇਵਲ ਸਿਉਂ ਨੂੰ ਕਹਿੰਦਾ, ”ਤੁਸੀਂ ਵੱਡੇ ਅਸਫ਼ਰਾਂ ਨਾਲ ਲਿਹਾਜ ਆਲੀ ਜਿਹੜੀ ਗੱਲ ਕੀਤੀ ਐ ਗਿਆਨੀ ਜੀ, ਤਾਂ ਹੀਂ ਤਾਂ ਤਿੱਤਰ ਖੰਭੀ ਖਲਾਰਦੈ। ਹੁਣ ਨ੍ਹੀ ਫ਼ਿਰ ਖਲਾਰਦਾ।”
ਗਿਆਨੀ ਜੀ ਨੇ ਪੁੱਛਿਆ, ”ਕਿਉਂ ਹੁਣ ਕੀ ਹੋ ਗਿਆ?”
ਅਮਲੀ ਕਹਿੰਦਾ, ”ਅਗਲਿਆਂ ਨੇ ਪੱਟ ਕੇ ਖੰਭ ਹੱਥ ‘ਚ ਫ਼ੜਾ ਕੇ ਘਰ ਨੂੰ ਤੋਰ ‘ਤਾ, ਆਹ ਫ਼ਿਰਦਾ ਹੁਣ ਢੇਕੇ ਭੰਨਦਾ।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਹੁਣ ਦੱਸ ਵੀ ਦੇ ਬਰੀ ਦਿਆ ਤਿਓਰਾ ਬਈ ਗੱਲ ਕੀ ਐ?”
ਅਮਲੀ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਲੈ ਫ਼ਿਰ ਸੁਣ ਲਾ ਹੀਰ। ਉਰ੍ਹੇ ਨੂੰ ਹੋ ਜਾ ਹੁਣ। ਗੱਲ ਤਾਂ ਇਉਂ ਐ ਨੰਬਰਦਾਰਾ, ਜਿਹੜੀ ਗੱਲ ਗਿਆਨੀ ਜੀ ਕੇਵਲ ਸਿਉਂ ਕਹਿ ਕੇ ਹਟੇ ਐ ਬਈ ਇਹਦੀ ਵੱਡੇ ਵੱਡੇ ਅਸਫ਼ਰਾਂ ਨਾਲ ਲਿਹਾਜ ਐ, ਗੱਲ ਤਾਂ ਗਿਆਨੀ ਜੀ ਦੀ ਠੀਕ ਐ, ਪਰ ਜਿਮੇਂ ਕਹਿੰਦੇ ਹੁੰਦੇ ਐ ਬਈ ਕੇਰਾਂ ਅੱਕਾਂ ‘ਤੇ ਰਹਿਣ ਆਲੇ ਟਿੱਡੇ ਨੇ ਹਾਥੀ ਨਾਲ ਯਾਰੀ ਪਾ ਲੀ। ਕਿੱਥੇ ਹਾਥੀ ਕਿੱਥੇ ਟਿੱਡਾ। ਅਕੇ ਦੋਨੋਂ ਜਣੇ ਕਿਸੇ ਗੱਲ ਤੋਂ ਆਪਸ ਵਿੱਚ ਲੜ ਪੇ। ਹਾਥੀ ਨੇ ਮਾਰ ਕੇ ਪੂਛ, ਟਿੱਡੇ ਨੂੰ ਸੱਤ ਘਰ ਟਪਾ ‘ਤਾ। ਉਹੀ ਗੱਲ ਰੁਲਦੂ ਮਾਹਟਰ ਨਾਲ ਹੋਈ ਐ। ਰੁਲਦੂ ਦੀ ਇੱਕ ਵੱਡੇ ਠਾਣੇਦਾਰ ਤੇ ਇੱਕ ਡੀਸੀ ਨਾਲ ਉੱਠਣੀ ਬੈਠਣੀ ਸੀ। ‘ਕੱਠਿਆਂ ਨੇ ਖਾਣਾ ‘ਕੱਠਿਆਂ ਨੇ ਦਾਰੂ ਛਿੱਕਾ ਪੀਣਾ। ਕਹਿੰਦੇ ਕੇਰਾਂ ਇਹ ਤਿੰਨੇ ਜਣੇ ‘ਕੱਠੇ ਬਹਿਕੇ ਸ਼ਰਾਬ ਪੀਣ ਲੱਗ ਪੇ। ਦੋ-ਦੋ, ਤਿੰਨ-ਤਿੰਨ ਹਾੜੇ ਲਾ ਕੇ ਤਿੰਨੇ ਜਣੇ ਆਵਦੀਓ ਈ ਵਡਿਆਈ ਕਰਨ ਲੱਗਪੇ। ਅਕੇ ਡੀਸੀ ਕਹਿੰਦਾ ‘ਮੈਂ ਯਾਰ ਡੀਸੀ, ਸਾਰੇ ਜ਼ਿਲ੍ਹੇ ‘ਤੇ ਮੇਰਾ ਹੁਕਮ ਚੱਲਦਾ। ਸਭ ਤੋਂ ਵੱਧ ਮੇਰੀ ਟੌਹਰ ਐ’। ਅਕੇ ਓਦੂੰ ਪਿੱਛੋਂ ਠਾਣੇਦਾਰ ਬੋਲ ਪਿਆ। ਠਾਣੇਦਾਰ ਕਹਿੰਦਾ ‘ਸਭ ਤੋਂ ਵੱਧ ਮੇਰੀ ਟੌਹਰ ਐ। ਜੀਹਦੇ ਮਰਜੀ ਛਿੱਤਰ ਪਤਾਣ ਕਰ ਦੀਏ। ਜੀਹਨੂੰ ਮਰਜੀ ਡੰਡਿਆਂ ਨਾਲ ਖੜਕਾ ਦੀਏ। ਵੀਹ ਵੀਹ ਕੋਹ ਤਕ ਡਰਦੇ ਐ ਠਾਣੇਦਾਰਾਂ ਤੋਂ’। ਇਹ ਕੰਜਰ ਦਾ ਪੁੱਤ ਉਨ੍ਹਾਂ ਤੋਂ ਮਗਰੋਂ ਆਵਦੀ ਟੌਹਰ ਦੀ ਗੱਲ ਛੇੜ ਕੇ ਬਹਿ ਗਿਆ। ਸ਼ਰਾਬ ਪੀਤੀ ‘ਚ ਕਹਿੰਦਾ ‘ਸਭ ਤੋਂ ਬਾਹਲੀ ਤਾਂ ਮੇਰੀ ਟੌਹਰ ਐ। ਆਪਾਂ ਤਾਂ ਠੁੱਡੇ ਮਾਰ ਮਾਰ ਕੇ ਪੜ੍ਹਾਉਣੇ ਆਂ ਸਭ ਨੂੰ। ਮਗਰੋਂ ਭਾਮੇਂ ਕੋਈ ਸਾਲਾ ਡੀਸੀ ਲੱਗ ਜੇ ਭਾਮੇਂ ਸਾਲਾ ਠਾਣੇਦਾਰ ਬਣ ਜੇ। ਕੁਸ ਬਣੀ ਜਾਣ’। ਜਦੋਂ ਆਹ ਗੱਲ ਹੋਈ ਬਈ ਉਨ੍ਹਾਂ ਨੂੰ ਸਾਲਾ ਕਹਿ ਕੇ ਗਾਲ ਕੱਢ ਬੈਠਾ ਤਾਂ ਸ਼ਰਾਬੀ ਹੋਏ ਠਾਣੇਦਾਰ ਨੇ ਮਾਰ ਮਾਰ ਠੁੱਡੇ ਰੁਲਦੂ ਦਾ ਮੂੰਹ ਫ਼ੂਕ ਨਿੱਕਲੀ ਆਲੇ ਬੁੱਲਬਲੇ ਅਰਗਾ ਕਰ ‘ਤਾ।”
ਸੂਬੇਦਾਰ ਰਤਨ ਸਿਉਂ ਅਮਲੀ ਤੋਂ ਗੱਲ ਸੁਣ ਕੇ ਕਹਿੰਦਾ, ”ਵੱਸ ਫ਼ੇਰ! ਤਾਹੀਂ ਤਾਂ ਹੁਣ ਫ਼ਿਰ ਪਿੰਡ ‘ਚ ਰੂੜੀਆਂ ਮਿੱਧਦਾ ਫ਼ਿਰਦੈ। ਡੀਸੀ ਨੇ ਖੰਭਾਂ ਦੇ ਨਾਲ ਪੂਛ ਵੀ ਪੱਟ ਕੇ ਧਰ ‘ਤੀ ਹੋਣੀ ਐ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਹੁਣ ਫ਼ਿਰ ਇਹਦਾ ਵੀ ਰੂੜੀ ਮਿੱਧਣਾ ਨਾਂਅ ਧਰ ਦਿਉ। ਜਦੋਂ ਪਿੰਡ ‘ਚ ਇਨ੍ਹਾਂ ਦੇ ਘਰ ਬਾਰੇ ਗੱਲ ਹੋਵੇ, ਲੋਕ ਕਿਹਾ ਕਰਨ ਰੂੜੀ ਮਿੱਧਣਿਆਂ ਦੇ। ਆਹ ਗੱਲ ਰੂੜੀ ਮਿੱਧਣਿਆਂ ਦੇ। ਜਦੋਂ ਪਿੰਡ ‘ਚ ਰੁਲਦੂ ਬਾਰੇ ਪੁੱਛਣ ਆਵੇ ਬਈ ਕਿਹੜਾ ਰੁਲਦੂ? ਉਦੋਂ ਈ ਕਹਿ ਦਿਆਂ ਕਰਨ, ਰੂੜੀ ਮਿੱਧਣਿਆਂ ਦਾ ਰੁਲਦੂ।”
ਬਾਬੇ ਪਾਖਰ ਸਿਉਂ ਨੇ ਪੁੱਛਿਆ, ”ਹੁਣ ਫ਼ਿਰ ਰੁਲਦੂ ਹਟਾ ‘ਤਾ, ਕੁ ਸਕੂਲ ‘ਚ ਛੁੱਟੀਆਂ ਛੱਟੀਆਂ ਹੋਈਆਂ ਵੀ ਐਂ?”
ਨਾਥਾ ਅਮਲੀ ਬਾਬੇ ਪਾਖਰ ਸਿਉਂ ਨੂੰ ਟਿੱਚਰ ‘ਚ ਕਹਿੰਦਾ, ”ਊਂ ਸਕੂਲ ਤਾਂ ਬਾਬਾ ਲੱਗਦੇ ਐ ਤੇ ਛੁੱਟੀਆਂ ਵੀ ਹੋਈਆਂ ਵੀਆਂ, ਪਰ ਛੁੱਟੀਆਂ ਰੂੜੀ ਮਿੱਧਣੇ ਰੁਲਦੂ ‘ਕੱਲੇ ਨੂੰ ਹੋਈਐਂ। ਹੋਈਆਂ ਵੀ ਦੱਸਦੇ ਪੱਕੀਆਂ ਈ ਐ। ਗਾਲ੍ਹ ਕੱਢਣ ਪਿੱਛੇ ਅਗਲਿਆਂ ਨੇ ਨਾਮਾਂ ਕੱਟ ਕੇ ਘਰੇ ਤੋਰ ‘ਤਾ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਮੌਸਮ ਖਰਾਬ ਹੋਣ ਕਰ ਕੇ ਹਨ੍ਹੇਰੀ ਦਾ ਮਹੌਲ ਬਣ ਗਿਆ ਵੇਖ ਕੇ ਜਿਉਂ ਹੀ ਬਾਬਾ ਪਾਖਰ ਸਿਉਂ ਸੱਥ ‘ਚੋਂ ਉੱਠਿਆ ਤਾਂ ਨਾਥੇ ਅਮਲੀ ਨੇ ਬਾਬੇ ਨੂੰ ਪੁੱਛਿਆ, ”ਕੀ ਗੱਲ ਬਾਬਾ ਤੂੰ ਉੱਠ ਖੜ੍ਹਿਆ?”
ਬਾਬਾ ਪਾਖਰ ਸਿਉਂ ਕਹਿੰਦਾ, ”ਉੱਤੋਂ ਘਟਾਮਾਂ ਤਾਂ ਵੇਖ ਕਿਮੇਂ ਚੜ੍ਹੀਆਂ ਆਉਂਦੀਆਂ। ਵੇਲੇ ਸਿਰ ਘਰੇ ਅੱਪੜੀਏ।”
ਅਮਲੀ ਬਾਬੇ ਪਾਖਰ ਸਿਉਂ ਨੂੰ ਕਹਿੰਦਾ, ”ਜਾਹ ਓ ਬਾਬਾ! ਤੂੰ ਨੇਰ੍ਹੀ ਤੋਂ ਈ ਡਰ ਗਿਐਂ। ਰੂੜੀਆਂ ਮਿੱਧਣਾ ਰੁਲਦੂ ਸ਼ਰਾਬ ਪੀਤੀ ‘ਚ ਡੀਸੀ ਤੋਂ ਨ੍ਹੀ ਡਰਿਆ। ਡੀਸੀ ਨੂੰ ਗਾਲ੍ਹ ਕੱਢ ਕੇ ਸਾਲਾ ਬਣਾ ਲਿਆ।”
ਸੀਤਾ ਮਰਾਸੀ ਕਹਿੰਦਾ, ”ਸ਼ਰਾਬ ਲੱਥੀ ਤੋਂ ਡੀਸੀ ਨੇ ਸਾਲਾ ਬਣਾ ਲਿਆ ਰੁਲਦੂ ਨੂੰ। ਝੱਟ ਬਿਹੜ੍ਹੀ ਲੈ ਗੀ।”
ਜਿਉਂ ਹੀ ਹਨ੍ਹੇਰੀ ਥੋੜ੍ਹੀ ਜਿਹੀ ਹੋਰ ਤੇਜ ਹੋਈ ਤਾਂ ਬਾਬਾ ਕਹਿੰਦਾ, ”ਚਲੋ ਓਏ ਉੱਠ ਖੜੋਵੋ। ਹੁਣ ਤਾਂ ਹੋਰ ਵੀ ਤੇਜ ਹੋ ਚੱਲੀ ਨੇਰ੍ਹੀ। ਚਲੋ ਘਰਾਂ ਨੂੰ ਚੱਲੀਏ।”
ਬਾਬੇ ਪਾਖਰ ਸਿਉਂ ਦਾ ਕਹਿਣਾ ਮੰਨ ਕੇ ਤੇਜ ਹੋਈ ਜਾਂਦੀ ਹਨ੍ਹੇਰੀ ਨੂੰ ਵੇਖ ਕੇ ਸਾਰੇ ਜਣੇ ਆਪੋ ਆਪਣੇ ਘਰਾਂ ਨੂੰ ਤੁਰ ਪਏ।