ਕਰਮ ਕੁਕਰਮ

ਬੰਦਾ ਹੈ ਕਿ ਸਾਰੀ ਦੁਨੀਆ ਨੂੰ ਚੰਗੀ ਤਰ੍ਹਾਂ ਜਾਣ ਲੈਂਦਾ ਹੈ ਪਰ ਸਿਤਮਜ਼ਰੀਫ਼ੀ ਇਹ ਹੈ ਕਿ ਆਪਣੇ ਆਪ ਤੇ ਆਪਣੀ ਹੋਣੀ ਨੂੰ ਅਖ਼ੀਰ ਤਕ ਨਹੀਂ ਜਾਣ ਸਕਦਾ। ਜਵਾਨੀ ਦੇ ਜੋਸ਼ ‘ਚ ਹਵਾ ਨੂੰ ਤਲਵਾਰਾਂ ਮਾਰਦਾ ਹੈ। ਮਾਪਿਆਂ ਨੂੰ ਮਾਪੇ ਨਹੀਂ ਸਮਝਦਾ, ਹਮਸਾਇਆਂ ਨੂੰ ਮਾਂ-ਪਿਉ ਜਾਏ ਨਹੀਂ ਸਮਝਦਾ। ਜੀਣ-ਥੀਣ ਲਈ ਹਰ ਹੀਲੇ ਧਨ, ਦੌਲਤ ਦੀ ਪ੍ਰਾਪਤੀ ਹੀ ਉਸ ਦਾ ਇੱਕੋ ਇੱਕ ਮਕਸਦ ਹੁੰਦਾ ਏ। ਉਮਰ ਢਲਣਹਾਰ ਹੁੰਦੀ ਏ। ਢਲਦੀ ਜਾਂਦੀ ਹੈ। ਸਰੀਰ ਨਿਮਾਣਾ ਤੇ ਨਿਤਾਣਾ ਹੋ ਜਾਂਦਾ ਏ। ਸਾਹਮਣੇ ਪਈਆਂ ਨੱਕੋ ਨੱਕ ਭਰੀਆਂ ਤਿਜੌਰੀਆਂ ਤੇ ਦੂਰ ਦੁਮੇਲ ਤੀਕ ਫ਼ੈਲੀਆਂ ਜ਼ਮੀਨਾਂ ਜਾਇਦਾਦਾਂ ਸੁੱਖ-ਦੁੱਖ ‘ਚ ਭੋਰਾ ਹੱਥ ਨਹੀਂ ਵਟਾਉਂਦੀਆਂ। ਅਖ਼ੀਰ, ਅਟਕਦੇ, ਉੱਖੜਦੇ ਸਵਾਸਾਂ ‘ਚ ਵੀ ਥੋੜ੍ਹੀ- ਬਹੁਤੀ ਰਵਾਨੀ ਨਹੀਂ ਭਰਦੀਆਂ ਇਹ ਸੁੱਖ-ਸਹੂਲਤਾਂ। ਆਖ਼ਰੀ ਉਮਰੇ ਡਾਢਾ ਹੈਰਾਨ ਤੇ ਪਰੇਸ਼ਾਨ ਹੁੰਦਾ ਏ ਬੰਦਾ। ਈਸਾ ਮਸੀਹ ਆਖਦੇ ਹਨ-ਜੇ ਕੁਝ ਮੰਗੋਗੇ ਤਾਂ ਮਿਲ ਹੀ ਜਾਏਗਾ। ਜੇ ਕੁਝ ਖੋਜਣਾ ਚਾਹੁੰਦੇ ਹੋ ਤਾਂ ਤੁਹਾਨੂੰ ਖ਼ੁਦ ਹੀ ਖੋਜਣਾ ਪਏਗਾ। ਦਰਵਾਜ਼ੇ ਖੜਕਾਉਣੇ ਪੈਣਗੇ, ਖੜਕਾਓਗੇ ਤਾਂ ਦਰਵਾਜ਼ੇ ਵੀ ਮਨਚਾਹੀ ਪ੍ਰਾਪਤੀ ਲਈ ਖੁੱਲ੍ਹ ਜਾਣਗੇ। ਅੱਗਾ ਸੁਆਰਨ ਲਈ ਹੱਥ- ਪੈਰ ਮਾਰਨੇ ਪੈਣਗੇ, ਕਰਮ ਕਰਨੇ ਪੈਣਗੇ। ਇੱਕ ਰਾਜੇ ਦੀ ਕਹਾਣੀ ਸੁਣੋ, ਬੜਾ ਮਹਾਂਬਲੀ ਸੀ। ਦੇਸ਼ਾਂ-ਦੇਸ਼ਾਂਤਰਾਂ ਤਕ ਫ਼ੈਲਿਆ ਹੋਇਆ ਸੀ ਉਸ ਦਾ ਰਾਜ-ਭਾਗ। ਪੰਛੀ ਵੀ ਉਸ ਦੀ ਸ਼ਕਤੀ ਤੋਂ ਤ੍ਰਹਿੰਦੇ ਉਸ ਦੇ ਰਾਜ ‘ਚ ਉਡਾਰੀ ਮਾਰਨ ਤੋਂ ਝਿਜਕਦੇ ਸਨ। ਰਾਜਾ ਆਪਣੇ ਲਾਮ-ਲਸ਼ਕਰ, ਹੀਰੇ-ਜਵਾਹਰਾਤ ਤੇ ਦੂਰ ਤਕ ਫ਼ੈਲੀ ਸਲਤਨਤ ਨੂੰ ਵੇਖ ਕੇ ਫ਼ੁੱਲਿਆ ਨਹੀਂ ਸੀ ਸਮਾਉਂਦਾ। ਦੁਨਿਆਵੀ ਚਕਾਚੌਂਧ ‘ਚ ਵਿਚਰਦਿਆਂ ਰਾਜੇ ਨੂੰ ਪਤਾ ਹੀ ਨਾ ਲੱਗਾ ਕਿ ਉਸ ਦੀ ਕੰਚਨ ਦੇਹੀ ਬਿਰਧ ਤੇ ਜਰਜਰੀ ਹੋਈ ਜਾ ਰਹੀ ਹੈ। ਚਿਹਰੇ ਦਾ ਜਾਹੋ- ਜਲਾਲ ਫ਼ਿੱਕਾ ਪੈ ਰਿਹਾ ਏ। ਹੱਥ-ਪੈਰ ਵੀ ਆਖੇ ਲੱਗਣੋਂ ਹਟਦੇ ਜਾ ਰਹੇ ਨੇ। ਅਖ਼ੀਰ, ਰਾਜੇ ਨੂੰ ਅੰਤ ਸਮਾਂ ਯਾਦ ਆਉਣ ਲੱਗਾ। ਉਹ ਬੜਾ ਚਿੰਤਤ ਹੋਇਆ। ਹੁਣ ਉਸ ਨੂੰ ਆਪਣਾ ਅੱਗਾ ਸੁਆਰਨ ਦੀ ਚਿੰਤਾ ਸਤਾਉਣ ਲੱਗੀ। ਦੁਨਿਆਵੀ ਦੌਲਤਾਂ ਬੰਦੇ ਦੀ ਮੱਤ ਮਾਰ ਦੇਂਦੀਆਂ ਨੇ। ਅੱਯਾਸ਼ੀਆਂ ਦੇ ਮਾਇਆ ਜਾਲ ‘ਚ ਉਲਝਿਆ ਰਹਿੰਦਾ ਹੈ ਬੰਦਾ। ਦੂਜੇ ਨੂੰ ਲਤਾੜ ਕੇ ਅੱਗੇ ਲੰਘਣਾ ਲੋਚਦਾ ਹੈ। ਸਭ ਤੋਂ ਵੱਧ ਅਮੀਰ ਬਣਨਾ ਲੋਚਦਾ ਏ। ਬੰਦਾ ਫ਼ਾਨੀ ਜਹਾਨ ਨੂੰ ਹੀ ਪੱਕਾ ਵਸੇਬਾ ਮੰਨ ਬਹਿੰਦਾ ਏ। ਅਖ਼ੀਰ ਨੂੰ ਜਿੱਥੇ ਜਾਣਾ ਹੈ, ਉਸ ਦੁਨੀਆ ਬਾਰੇ ਕੁਝ ਨਹੀਂ ਸੋਚਦਾ। ਜਦੋਂ ਸੋਝੀ ਆਉਂਦੀ ਏ ਤਾਂ ਬੜੀ ਦੇਰ ਹੋ ਚੁੱਕੀ ਹੁੰਦੀ ਏ। ਹਾਂ ਸੱਚ! ਗੱਲ ਰਾਜੇ ਦੀ ਹੋ ਰਹੀ ਸੀ। ਰਾਜੇ ਨੂੰ ਗਿਆਨ ਹੋਣ ਲੱਗਾ ਕਿ ਇਹ ਦੁਨੀਆ ਰੈਣ-ਬਸੇਰਾ ਹੁੰਦੀ ਹੈ। ਰੂਹ ਦਾ ਅਸਲ ਮੁਕਾਮ ਕੋਈ ਹੋਰ ਹੀ ਦੁਨੀਆ ਹੈ, ਜਿੱਥੋਂ ਦੀ ਟਿਕਟ ਹਰ ਬਸ਼ਰ ਨੂੰ ਕਟਵਾਉਣੀ ਪੈਂਦੀ ਹੈ। ਰਾਜਾ ਸੋਚਣ ਲੱਗਾ ਕਿ ਕਿਹੜੇ ਕਰਮ ਕੀਤੇ ਜਾਣ ਜਿਹੜੇ ਉਸ ਨੂੰ ਅਗਲੇ ਜਹਾਨ ਵਿੱਚ ਵੀ ਵੱਡਾ ਰਾਜ- ਭਾਗ ਦਿਵਾਉਣ ‘ਚ ਸਹਾਈ ਹੋਣ? ਇੱਕ ਦਿਨ ਰਾਜੇ ਨੇ ਦਰਬਾਰ ‘ਚ ਆਪਣੇ ਅਮੀਰਾਂ, ਵਜ਼ੀਰਾਂ ਕੋਲੋਂ ਤਿੰਨ ਪ੍ਰਸ਼ਨ ਪੁੱਛਣੇ ਸ਼ੁਰੂ ਕੀਤੇ। ਪਹਿਲਾ ਪ੍ਰਸ਼ਨ ਸੀ- ਕਿਹੜਾ ਕਰਮ ਕਰਨਾ ਚਾਹੀਦਾ ਹੈ, ਜਿਸ ਨਾਲ ਇਸ ਦੁਨੀਆ ‘ਚ ਲਾਭ ਮਿਲ ਸਕੇ? ਦੂਜਾ ਪ੍ਰਸ਼ਨ ਸੀ- ਕਿਹੜਾ ਕਰਮ ਕਰਨਾ ਚਾਹੀਦਾ ਹੈ, ਜਿਸ ਨਾਲ ਨਾ ਤਾਂ ਇਸ ਦੁਨੀਆ ‘ਚ ਤੇ ਨਾ ਹੀ ਅਗਲੀ ਦੁਨੀਆ ‘ਚ ਕੋਈ ਲਾਭ ਪ੍ਰਾਪਤ ਹੋਵੇ? ਤੀਜਾ ਪ੍ਰਸ਼ਨ ਸੀ- ਕਿਹੜਾ ਕਰਮ ਕਰਨਾ ਚਾਹੀਦਾ ਹੈ, ਜਿਸ ਨਾਲ ਇਸ ਦੁਨੀਆ ‘ਚ ਵੀ ਲਾਭ ਪ੍ਰਾਪਤ ਹੋਵੇ ਤੇ ਅਗਲੀ ਦੁਨੀਆ ਵਿੱਚ ਵੀ ਵੱਡਾ ਫ਼ਲ ਮਿਲੇ? ਰਾਜੇ ਦੇ ਅਜੀਬੋ-ਗ਼ਰੀਬ ਪ੍ਰਸ਼ਨ ਸੁਣ ਕੇ ਵਜ਼ੀਰਾਂ ਨੇ ਨੀਵੀਂ ਪਾ ਲਈ। ਕਿਸੇ ਵੀ ਵਜ਼ੀਰ ਨੂੰ ਉੱਤਰ ਨਹੀਂ ਸੀ ਅਹੁੜ ਰਿਹਾ। ਅਖ਼ੀਰ ਇੱਕ ਧਰਮੀ-ਕਰਮੀ ਵਜ਼ੀਰ ਉੱਠਿਆ ਤੇ ਹੱਥ ਬੰਨ੍ਹ ਕੇ ਰਾਜੇ ਦੇ ਸਾਹਮਣੇ ਜਾ ਖਲੋਤਾ। ਆਖਣ ਲੱਗਾ, ‘ਰਾਜਨ! ਤੁਹਾਡੇ ਪ੍ਰਸ਼ਨਾਂ ਦੇ ਉੱਤਰ ਮੈਂ ਦੇ ਸਕਦਾ ਹਾਂ।’ ‘ਦਿਓ ਉੱਤਰ, ਜੇ ਠੀਕ ਹੋਏ ਤਾਂ ਮੂੰਹ ਮੰਗਿਆ ਇਨਾਮ ਦਿਆਂਗਾ।’ ਸਿੰਘਾਸਨ ਤੋਂ ਖੜਾ ਹੁੰਦਿਆਂ ਰਾਜਾ ਬੋਲਿਆ। ‘ਰਾਜਨ! ਜੇ ਜ਼ਿੰਦਗੀ ਬਖ਼ਸ਼ੀ ਜਾਏ ਤਾਂ ਮੈਨੂੰ ਇਨਾਮਾਂ-ਇਕਰਾਮਾਂ ਦੀ ਨਹੀਂ, ਥੋੜ੍ਹੇ ਜਿਹੇ ਧਨ ਤੇ ਕੁਝ ਸਮੇਂ ਦੀ ਲੋੜ ਪਏਗੀ।’ ਨਿਮਰਤਾ ਨਾਲ ਵਜ਼ੀਰ ਨੇ ਕਿਹਾ। ਰਾਜੇ ਦੇ ਹੁਕਮ ‘ਤੇ ਅਗਲੇ ਹੀ ਪਲ ਖਜ਼ਾਨਚੀ ਅਸ਼ਰਫ਼ੀਆਂ ਦੀ ਭਰੀ ਗਾਗਰ ਲੈ ਕੇ ਦਰਬਾਰ ‘ਚ ਆਣ ਹਾਜ਼ਰ ਹੋਇਆ। ਰਾਜੇ ਨੇ ਵਜ਼ੀਰ ਨੂੰ ਗਾਗਰ ਸੌਂਪ ਦਿੱਤੀ ਤੇ ਪ੍ਰਸ਼ਨਾਂ ਦੇ ਉੱਤਰ ਲੱਭਣ ਲਈ ਤਿੰਨ ਹਫ਼ਤੇ ਦੀ ਮੋਹਲਤ ਦੇ ਕੇ ਉਸ ਨੂੰ ਮਾਣ-ਸਤਿਕਾਰ ਨਾਲ ਮਹਿਲ ‘ਚੋਂ ਵਿਦਾ ਕੀਤਾ। ਵਜ਼ੀਰ ਦੇ ਚਲੇ ਜਾਣ ਤੋਂ ਬਾਅਦ ਰਾਜੇ ਦੀ ਇੱਕ-ਇਕ ਘੜੀ ਸਦੀਆਂ ਵਾਂਗ ਬੀਤਣ ਲੱਗੀ। ਸਮਾਂ ਸੀ ਕਿ ਮੁੱਕਣ ‘ਚ ਨਹੀਂ ਸੀ ਆ ਰਿਹਾ। ਬੀਤਦਾ-ਬੀਤਦਾ ਤਿੰਨ ਹਫ਼ਤੇ ਦਾ ਸਮਾਂ ਬੀਤ ਗਿਆ। ਮਿੱਥੇ ਸਮੇਂ ਅਨੁਸਾਰ ਵਜ਼ੀਰ ਖਾਲੀ ਹੱਥ ਦਰਬਾਰ ‘ਚ ਆਣ ਹਾਜ਼ਰ ਹੋਇਆ। ਰਾਜੇ ਨੇ ਬੇਸਬਰੀ ਨਾਲ ਪਹਿਲਾ ਪ੍ਰਸ਼ਨ ਪੁੱਛਿਆ, ‘ਕਿਹੜਾ ਕਰਮ ਕਰਨਾ ਚਾਹੀਦਾ ਹੈ, ਜਿਸ ਨਾਲ ਇਸ ਦੁਨੀਆ ‘ਚ ਲਾਭ ਪ੍ਰਾਪਤ ਕੀਤਾ ਜਾ ਸਕੇ?’ ‘ਰਾਜਨ! ਆਪ ਦੀ ਗਾਗਰ ‘ਚ ਡੇਢ ਸੌ ਅਸ਼ਰਫ਼ੀਆਂ ਸਨ, ਜਿਨਾਂ ‘ਚੋਂ ਮੈਂ ਪੰਜਾਹ ਅਸ਼ਰਫ਼ੀਆਂ ਤੁਹਾਡੇ ਨਾਂ ‘ਤੇ ਦੇਸ਼ ਦੇ ਵੱਡੇ ਸ਼ਾਹੂਕਾਰ ਕੋਲ ਜਮ੍ਹਾਂ ਕਰਵਾ ਦਿੱਤੀਆਂ ਹਨ।’ ‘ਕੀ ਮਤਲਬ?’ ਸੁਣਦੇ ਸਾਰ ਰਾਜਾ ਗੁੱਸੇ ‘ਚ ਬੋਲਿਆ। ‘ਰਾਜਨ! ਇਸ ਰਕਮ ਦੇ ਬਦਲੇ ਆਪ ਨੂੰ ਇਸ ਦੁਨੀਆ ਵਿੱਚ ਮੂਲ ਸਮੇਤ ਵਿਆਜ ਦੀ ਰਕਮ ਵੀ ਮਿਲੇਗੀ।’ ਵਜ਼ੀਰ ਨੇ ਨਿਮਰਤਾ ਨਾਲ ਕਿਹਾ। ‘ਕਿਹੜਾ ਕਰਮ ਕਰਨਾ ਚਾਹੀਦਾ ਹੈ, ਜਿਸ ਨਾਲ ਨਾ ਤਾਂ ਇਸ ਦੁਨੀਆ ‘ਚ ਤੇ ਨਾ ਹੀ ਅਗਲੀ ਦੁਨੀਆ ਵਿੱਚ ਕੋਈ ਲਾਭ ਪ੍ਰਾਪਤ ਹੋਵੇ?’ ਰਾਜੇ ਦਾ ਦੂਜਾ ਪ੍ਰਸ਼ਨ ਸੀ। ‘ਰਾਜਨ! ਬਾਕੀ ਸੌ ਅਸ਼ਰਫ਼ੀਆਂ ‘ਚੋਂ ਪੰਜਾਹ ਅਸ਼ਰਫ਼ੀਆਂ ਨਾਲ ਮੈਂ ਤੁਹਾਡੇ ਨਾਂ ‘ਤੇ ਬੜੀ ਐਸ਼ ਕੀਤੀ। ਮੁਜ਼ਰੇ ਵੇਖੇ, ਸ਼ਰਾਬ ਪੀਤੀ ਤੇ ਰੰਗ-ਤਮਾਸ਼ੇ ਮਾਣੇ। ਇਸ ਕਰਮ ਦੇ ਬਦਲੇ ਨਾ ਆਪ ਨੂੰ ਇਸ ਦੁਨੀਆ ‘ਚ ਤੇ ਨਾ ਹੀ ਅਗਲੀ ਦੁਨੀਆ ਵਿੱਚ ਕੋਈ ਲਾਭ ਪ੍ਰਾਪਤ ਹੋਵੇਗਾ।’ ਵਜ਼ੀਰ ਬੋਲਿਆ। ਮਨ ਹੀ ਮਨ ਜਮ੍ਹਾਂ-ਤਕਸੀਮ ਕਰਦਿਆਂ ਰਾਜਾ ਕੁਝ ਪਲ ਚੁੱਪ ਰਿਹਾ ਤੇ ਮੁੜ ਉਤਸੁਕਤਾ ਨਾਲ ਤੀਜਾ ਪ੍ਰਸ਼ਨ ਪੁੱਛਿਆ, ‘ਕਿਹੜਾ ਕਰਮ ਹੈ, ਜਿਸ ਨਾਲ ਇਸ ਦੁਨੀਆ ‘ਚ ਵੀ ਲਾਭ ਪ੍ਰਾਪਤ ਹੋਵੇ ਤੇ ਅਗਲੀ ਦੁਨੀਆ ਵਿੱਚ ਵੀ ਵੱਡਾ ਫ਼ਲ ਪ੍ਰਾਪਤ ਕੀਤਾ ਜਾ ਸਕੇ?’ ‘ਹਜ਼ੂਰ! ਬਾਕੀ ਬਚੀਆਂ ਪੰਜਾਹ ਅਸ਼ਰਫ਼ੀਆਂ ਨਾਲ ਦਾਸ ਨੇ ਤੁਹਾਡੇ ਨਾਂ ‘ਤੇ ਕੱਪੜੇ-ਲੀੜੇ ਤੇ ਦਾਣਾ-ਫ਼ੱਕਾ ਖ਼ਰੀਦਿਆ ਤੇ ਗ਼ਰੀਬ, ਗੁਰਬਿਆਂ ਤੇ ਲੋੜਵੰਦਾਂ ਨੂੰ ਦਾਨ-ਪੁੰਨ ਕਰ ਦਿੱਤਾ। ਇਸ ਕਰਮ ਦੇ ਬਦਲੇ ਤੁਹਾਨੂੰ ਉਨ੍ਹਾਂ ਲੋਕਾਂ ਦੀਆਂ ਆਸੀਸਾਂ ਮਿਲੀਆਂ, ਜਿਨ੍ਹਾਂ ਨਾਲ ਤੁਹਾਡੇ ਇਸ ਜਨਮ ਦੇ ਕਸ਼ਟ ਕੱਟੇ ਜਾਣਗੇ ਤੇ ਅਗਲੀ ਦੁਨੀਆ ਵਿੱਚ ਵੀ ਇਸ ਕਰਮ ਦਾ ਵੱਡਾ ਫ਼ਲ ਪ੍ਰਾਪਤ ਹੋਏਗਾ।’ ਵਜ਼ੀਰ ਨੇ ਆਪਣੀ ਗੱਲ ਮੁਕਾਉਂਦਿਆਂ ਕਿਹਾ। ਆਪਣੇ ਪ੍ਰਸ਼ਨਾਂ ਦੇ ਸ਼ੰਕੇ ਦੂਰ ਕਰਨ ਵਾਲੇ ਅਣਕਿਆਸੇ ਉੱਤਰ ਸੁਣ ਕੇ ਰਾਜੇ ਦੀ ਰੂਹ ਤ੍ਰਿਪਤ ਹੋ ਗਈ। ਉਸ ਨੇ ਤੀਜੇ ਕਰਮ ਨੂੰ ਪਹਿਲਾ ਤੇ ਆਖ਼ਰੀ ਕਰਮ ਮੰਨ ਲਿਆ ਤੇ ਰਹਿੰਦੇ ਸੁਆਸਾਂ ਤੀਕ ਉਸ ਨੇ ਆਪਣੇ ਖ਼ਜ਼ਾਨੇ ਗ਼ਰੀਬ-ਗੁਰਬਿਆਂ ਤੇ ਲੋੜਵੰਦਾਂ ਲਈ ਖੋਲ੍ਹ ਦਿੱਤੇ ਤੇ ਤਨ, ਮਨ ਨਾਲ ਪਰਜਾ ਦੀ ਸੇਵਾ ‘ਚ ਰੁੱਝ ਗਿਆ। ੲ

ੲ ਹਰਦੇਵ ਚੌਹਾਨ
70098-57708