ਬੱਸ ਕੰਡਕਟਰ

ਦਲੀਪ ਕੌਰ ਟਿਵਾਣਾ

ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ ਜਿਸ ਕਰ ਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਕੇ ਹਰ ਰੋਜ਼ ਬੱਸ ‘ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਅਤੇ ਆਥਣ ਨੂੰ ਪਰਤ ਆਉਂਦੀ।
ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਕੰਡਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਤੋਂ ਉਹਦਾ ਜੀਅ ਕਾਹਲਾ ਪੈਂਦਾ। ‘ਪਰ ਕੁੱਝ ਦਿਨਾਂ ਦੀ ਹੀ ਤਾਂ ਗੱਲ ਏ ‘ਸੋਚ ਕੇ ਉਹ ਸਭ ਕੁੱਝ ਜਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ ‘ਤੇ ਡਿਊਟੀ ਹੁੰਦੀ ਉਹ ਥੋੜ੍ਹੀ ਸੌਖੀ ਰਹਿੰਦੀ ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸਾਊ ਦਿਸਦਾ ਸੀ।
”ਇਹ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰ ਏ?” ਇੱਕ ਦਿਨ ਇੱਕ ਭਾਈ ਨੇ ਜੀਤ ਨੂੰ ਪੁਛਿਆ।
”ਜੀ! ਡਾਕਟਰਣੀ ਏ, ਕੋਈ ਵੱਡੀ ਡਾਕਟਰਣੀ। ਆਂਹਦੇ ਨੇ ਪੂਰਾ ਤਿੰਨ ਸੌ ਰੁਪਈਆ ਤਨਖ਼ਾਹ ਲੈਂਦੀ ਏ,” ਜੀਤ ਨੇ ਟਿਕਟ ਫ਼ੜਾਂਦਿਆਂ ਹੌਲੀ ਜਿਹੇ ਦੱਸਿਆ।
”ਜੀ ਅੱਜਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ, ਤਦੇ ਤਾਂ ਆਦਮੀਆਂ ਦਾ ਰੋਅ੍ਹਬ ਨਹੀਂ ਰਿਹਾ,” ਨਾਲ ਦੀ ਸੀਟ ‘ਤੇ ਬੈਠੇ ਅੱਧਖੜ੍ਹ ਜੇਹੇ ਬੰਦੇ ਨੇ ਆਖਿਆ।
”ਜੀ, ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਨੇ ਇਹੋ, ਆਦਮੀ ਸਾਹਮਣੇ ਅੱਖ ਚੁੱਕਦੀਆਂ ਨੇ … ਤੇ ਆਹ ਕੁੜੀ ਡਾਕਟਰਨੀ, ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਨਾਂ, ਦੇਖੀ ਐ, ਸੁਹਰੀ ਦੇ ਜਾਣੀਂ ਮੂੰਹ ਵਿੱਚ ਬੋਲ ਈ ਨੀਂ …,” ਪਾਲੀ ਵੱਲ ਤੱਕਦਿਆਂ ਪਿਛਲੀਆਂ ਸੀਟਾਂ ‘ਤੇ ਬੈਠੇ ਇੱਕ ਸਰਦਾਰ ਨੇ ਆਖਿਆ।
”ਯਾ ਰੱਬ! ਸਾਡੀ ਵੀ ਕਿਸੇ …,” ਫ਼ਿਕਰਾਂ ਵਿੱਚ ਹੀ ਰਹਿ ਗਿਆ ਜਦੋਂ ਟਿਕਟ ਫ਼ੜਾਂਦਿਆਂ ਗ਼ੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੁਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਪੁਛਿਆ, ”ਕਿਉਂ ਬਈ ਓਏ ਜਾਣ ਦੀ ਸਲਾਹ ਕਿ ਲਾਹ ਦਿਆਂ ਹੁਣੇ ਈ ਭੁੰਜੇ?”
”ਮੈਂ ਤਾਂ ਕੰਡਕਟਰ ਸਾਹਿਬ ਕੁੱਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਓ ਜਨਾਬ …।”
ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫ਼ੜਾਇਆ ਤਾਂ ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ।
”ਭਾਨ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ੍ਹ ਦੇ ਦੇਣਾ,” ਆਖ ਉਹ ਅਗਾਂਹ ਲੰਘ ਗਿਆ।
ਅੱਗੋਂ ਇੱਕ ਬੁੱਢੀ ਨੇ ਹੋਰ ਦਸਾਂ ਦਾ ਨੋਟ ਹੀ ਕੱਢਿਆ ”ਮਾਏ ਟੁੱਟੇ ਹੋਏ ਹੈ ਨੀਂ ਮੇਰੇ ਕੋਲ। ਸਾਢੇ ਦਸ ਆਨੇ ਸਾਰਾ ਭਾੜੈ ਤੇ ਐਡਾ ਸਾਰਾ ਨੋਟ ਕੱਢ ਫ਼ੜਾਉਂਦੇ ਓ। ਚੰਗਾ ਜਾਹ ਪੈਸੇ ਭਨਾ ਲਿਆ ਉਤਰ ਕੇ,” ਜੀਤ ਨੇ ਜ਼ਰਾ ਸਖ਼ਤ ‘ਵਾਜ ‘ਚ ਆਖਿਆ।
”ਵੇ ਪੁੱਤਾ! ਐਨੇ ਨੂੰ ਬੱਸ ਨਾ ਤੁਰ ਜਾਵੇ, ਮੈਂ ਤਾਂ ਜ਼ਰੂਰੀ ਜਾਣੈ। ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇਵੀਂ,” ਬੁੱਢੀ ਨੇ ਤਰਲੇ ਨਾਲ ਆਖਿਆ।
”ਅੱਛਾ ਮਾਈ ਬੈਠ ਜਾ,” ਆਖ ਉਹ ਟਿਕਟ ਕੱਟਣ ਲੱਗਾ।
ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰੱਖੜਾ, ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ।
”ਯਾਰ, ਅੱਜ ਏਧਰੋਂ ਦੀ ਚੱਲੀਂ, ਨੀਲਾ ਭਵਨ ਕੰਨੀ ਦੀ,” ਜੀਤ ਨੇ ਡਰਾਈਵਰ ਨੂੰ ਆਖਿਆ।
ਗੁਰਦਵਾਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਥੋੜ੍ਹਾ ਕੁ ਬੁੜਬੁੜਾਈਆਂ, ਪਰ ਓਦੋਂ ਤੀਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ। ਫੂਲ ਸਿਨਮੇ ਕੋਲ ਕੰਡਕਟਰ ਨੇ ਘੰਟੀ ਕਰ ਕੇ ਬੱਸ ਰੋਕ ਲਈ ਅਤੇ ਤਾਕੀ ਖੋਲ੍ਹਦਿਆਂ ਪਾਲੀ ਨੂੰ ਆਖਣ ਲੱਗਾ, ”ਤੁਸੀਂ ਏਧਰ ਉਤਰ ਜਾਓ ਜੀ, ਹਸਪਤਾਲ ਨੇੜੇ ਰਹੂਗਾ।”
ਪਾਲੀ ਕਾਹਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ‘ਵਿਚਾਰਾ ਬੜਾ ਚੰਗਾ ਕੰਡਕਟਰ ਏ ‘ਉਹਨੂੰ ਇੱਕ ਵਾਰੀ ਖ਼ਿਆਲ ਆਇਆ।
ਸ਼ਾਮ ਨੂੰ ਵਾਪਿਸ ਜਾਣ ਲੱਗਿਆਂ ਜਦੋਂ ਉਹ ਬੱਸ ਅੱਡੇ ‘ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇੱਕ ਕੰਡਕਟਰ ਕਮੀਜ਼ ਦੇ ਗਲਮੇਂ ਦੇ ਬੱਟਣ ਖੋਲ੍ਹ ਆਵਾਰਾ ਫ਼ਿਲਮ ਦਾ ਗਾਣਾ ਗੁਣਗੁਣਾਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ। ਇੱਕ ਮੰਗਤੀ ਨੂੰ ਆਨਾ ਦੇ ਕੇ ਉਸ ਮਸਾਂ ਗਲੋਂ ਲਾਹਿਆ। ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ।
ਅਗਲੇ ਦਿਨ ਫ਼ਿਰ ਚਾਂਸ ਅਜਿਹਾ ਹੋਇਆ ਕਿ ਜਦੋਂ ਉਹ ਨਾਭੇ ਅੱਡੇ ‘ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਅਤੇ ਬਿਨਾਂ ਟਿਕਟੋਂ, ਵਾਧੂ ਸਵਾਰੀਆਂ ਨੂੰ ਜੀਤ ਫ਼ੜ-ਫ਼ੜ ਉਤਾਰ ਰਿਹਾ ਸੀ। ਜੀਤ ਇੱਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ, ”ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਓ। ਤੁਹਾਡੀ ਖ਼ਾਤਰ ਸੀਟ ਰੱਖੀ ਪਈ ਐ, ਜੀ।”
ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ, ਪਾਲੀ ਸੀਟ ‘ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ।
‘ਇਹ ਤਾਂ ਵਿਚਾਰਾ ਬੜਾ ਚੰਗਾ ਕੰਡੱਕਟਰ ਏ, ‘ਪਾਲੀ ਨੂੰ ਦਿਲ ‘ਚ ਇੱਕ ਵਾਰੀ ਖ਼ਿਆਲ ਆਇਆ।
ਬਦਲੀ ਮੁੜ ਨਾਭੇ ਦੀ ਕਰਾਣ ਵਿੱਚ ਜਿਓਂ-ਜਿਓਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ। ਬੱਸਾਂ ਦੀ ਖੜਖੜ, ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ਼ ‘ਤੇ ਚੜ੍ਹੇ ਰਹਿੰਦੇ। ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਨਾਲ ਉਹਦਾ ਸਿਰ ਚਕਰਾਣ ਲਾ ਦਿੰਦੀ।
ਫ਼ਿਰ ਇੱਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ ‘ਨਹੀਂ ਬੀਬੀ ਜੀ, ਰਹਿਣ ਦਿਓ ‘ਆਖ ਜੀਤ ਅਗਾਂਹ ਲੰਘ ਗਿਆ।
”ਨਹੀਂ ਬਈ ਪੈਸੇ ਤਾਂ ਲੈ ਲੈ,” ਪਾਲੀ ਨੇ ਜ਼ੋਰ ਲਾਇਆ।
”ਕੀ ਫ਼ਰਕ ਪੈ ਚੱਲਿਆ ਏ ਜੀ,” ਆਖ ਉਹ ਹੋਰ ਅਗਾਂਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ।
ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰ ਕੇ ਬੈਠ ਗਈ, ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ। ਉਹਨੂੰ ਇਹ ਚੰਗਾ ਵੀ ਨਾ ਲੱਗਿਆ। ਤਿੰਨ ਸੌ ਰੁਪਈਆ ਕਮਾਣ ਵਾਲੀ ਲਈ ਸਾਢੇ ਦਸ ਆਨੇ ਭਲਾ ਕੀ ਮਾਇਨੇ ਰੱਖਦੇ ਸਨ।
ਅਗਲੇ ਦਿਨ ਉਹ ਜਾਣ ਕੇ ਪੰਜ ਮਿੰਟ ਦੇਰ ਨਾਲ ਗਈ, ਉਸ ਨੇ ਸੋਚਿਆ, ”ਅੱਜ ਪੀਪਲ ਬੱਸ ‘ਤੇ ਨਹੀਂ ਸਗੋਂ ਪੈਪਸੂ ਰੋਡਵੇਜ਼ ‘ਤੇ ਜਾਵਾਂਗੀ। ਕੀ ਫ਼ਿਜ਼ੂਲ ਗੱਲ ਏ ਕਿ ਪੈਸੇ ਹੀ ਨਾ ਲਏ ਜਾਣ।
ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਇਵਰ ਬੱਸ ਸਟਾਰਟ ਕਰੀ ਖੜ੍ਹਾ ਸੀ ਤੇ ਕੰਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ।
”ਓਏ, ਆਉਂਦਾਂ ਹੁਣ, ਕਿਉਂ ਭੇਰਮੀਂ ਵੱਢੀ ਐ ਐਡੀ ਛੇਤੀ ਜਾਣੀ ਮੀਂਹ ਆਉਂਦਾ ਏ,” ਜੀਤ ਨੇ ਹੌਲੀ ਹੌਲੀ ਆਉਂਦਿਆਂ ਆਖਿਆ।
”ਅੱਗੇ ਪਹੁੰਚਣਾ ਏ ਕਿ ਨਹੀਂ, ਮੜਕਾਂ ਨਾਲ ਹੀ ਆਉਨਾਂ ਏਂ,” ਡਰਾਈਵਰ ਬੋਲਿਆ।
”ਚਲੋ ਬੀਬੀ ਜੀ, ਬੈਠੋ ਅਗਲੀ ਸੀਟ ‘ਤੇ,” ਤਾਕੀ ਖੋਲ੍ਹਦਿਆਂ ਪਾਲੀ ਨੂੰ ਉਹਨੇ ਆਖਿਆ।
”ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ,” ਪਿੱਛਿਓਂ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇੱਕ ਕਲਰਕ ਹੌਲੀ ਜਿਹੀ ਬੋਲਿਆ।
ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ। ਸਭ ਚੁੱਪ ਕਰ ਗਏ। ਬੱਸ ਤੁਰ ਪਈ। ਪਾਲੀ ਨੇ ਪੈਸੇ ਕੱਢੇ, ਪਰ ਉਹਦੇ ਵਾਰ ਵਾਰ ਆਖਣ ‘ਤੇ ਵੀ ਜੀਤ ਨੇ ਨਾਂਹ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ। ‘ਇਸ ਬੇਈਮਾਨੀ ਵਿੱਚ ਇਹ ਮੈਨੂੰ ਵੀ ਆਪਣਾ ਹਿੱਸੇਦਾਰ ਬਣਾ ਰਿਹਾ ਏ … ਪਰ ਇਹ ਵਿਚਾਰਾ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ … ਖ਼ੈਰ, ਕੰਪਨੀ ਨਾਲ ਤਾਂ ਧੋਖਾ ਹੀ ਹੋਇਆ ਨਾ, ‘ਉਹ ਸੋਚ ਹੀ ਰਹੀ ਸੀ ਕਿ ਬੱਸ ਖੜ੍ਹੀ ਕਰ ਇੱਕ ਚੈਕਰ ਚੜ੍ਹ ਆਇਆ। ਲੋਕਾਂ ਦੀਆਂ ਉਹ ਜਦੋਂ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਤ੍ਰੇਲੀਓ ਤ੍ਰੇਲੀ ਹੁੰਦੀ ਗਈ।
‘ਕਿੱਡੀ ਸ਼ਰਮ ਦੀ ਗੱਲ ਏ ਕਿ ਮੇਰੇ ਕੋਲ ਟਿਕਟ ਹੀ ਨਹੀਂ … ਮੈਂ ਆਖ ਦਿਆਂਗੀ ਕਿ ਕੰਡਕਟਰ ਨੇ ਦਿੱਤਾ ਹੀ ਨਹੀਂ, ਮੈਂ ਮੰਗਿਆ ਸੀ ‘ਉਹਨੇ ਸੋਚਿਆ। ‘ਪਰ ਵਿਚਾਰਾ ਫ਼ਸੇਗਾ … ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਸਾਂ ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਾਂ, ‘ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ।
ਇੰਨੇ ਨੂੰ ਚੈਕਰ ਉਹਦੇ ਕੋਲ ਆ ਪਹੁੰਚਿਆ।
”ਜੀ ….ਟਿਕਟ,” ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ੍ਹ ਵਿੱਚੋਂ ਟਿਕਟ ਕੱਢ ਕੇ ਕਿਹਾ, … ਏਹ … ਏਹ ਬੀਬੀ ਮੇਰੀ ਭੈਣ ਏ, ਇਹਨਾਂ ਦਾ ਟਿਕਟ ਮੇਰੇ ਕੋਲ ਏ। ‘
ਟਿਕਟ ਦੇਖ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਹਣੀਆਂ ਤੋਂ ਫ਼ਟੇ ਖ਼ਾਕੀ ਕੱਪੜਿਆਂ ਵਾਲੇ ਕੰਡਕਟਰ ਅਤੇ ਕੀਮਤੀ ਸਾੜ੍ਹੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ ‘ਚ ਮੁਸਕਰਾਇਆ।
ਜੀਤ ਲੋਹਾ ਲਾਖਾ ਹੋ ਗਿਆ। ਚੈਕਰ ਛੇਤੀ ਨਾਲ ਉਸ ਬੱਸ ਵਿੱਚੋਂ ਉਤਰ ਗਿਆ।
ਪਾਲੀ ਹੈਰਾਨ-ਪਰੇਸ਼ਾਨ ਸੋਚ ਰਹੀ ਸੀ ਕਿ ਸੱਠਾਂ ਰੁਪਿਆਂ ਵਿੱਚ ਗੁਜ਼ਾਰਾ ਕਰਨ ਵਾਲਾ ਖ਼ਬਰੇ ਕਿਸੇ ਦਿਨ ਰੋਟੀ ਖੁਣੋਂ ਵੀ ਭੁੱਖਾ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ।
ਹਸਪਤਾਲ ਵਿੱਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਢੀ ਬੇਚੈਨ ਹੋਈ।
ਸ਼ਾਮ ਨੂੰ ਜਦੋਂ ਉਹ ਅੱਡੇ ‘ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ, ਉਦਾਸ, ਜੀਤ ਉਹਦੇ ਕੋਲ ਆਇਆ।
”ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿੱਚ ਪੜ੍ਹਦੀ ਸੀ … ਹੱਲਿਆਂ ਵੇਲੇ ਉਥੇ ਹੀ ਮਾਰੀ ਗਈ। ਬਾਕੀ ਦੇ ਵੀ ਮਾਰੇ ਗਏ। ਮੈਂ ਰੁਲਦਾ-ਖੁਲਦਾ ਏਧਰ ਆ ਗਿਆ। ਪੜ੍ਹਾਈ ਵੀ ਕਿਥੋਂ ਹੋਣੀ ਸੀ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫ਼ਿਰ ਮੈਂ ਕੰਡਕਟਰ ਬਣ ਗਿਆ। ਤੁਹਾਡਾ ਬੈਗ ਤੇ ਗਲੇ ‘ਚ ਲਟਕੀਆਂ ਟੂਟੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ … ਤੇ … ਤੇ …,” ਅੱਗੋਂ ਉਹਦਾ ਗਲਾ ਭਰ ਆਇਆ।
ਪਾਲੀ ਡਾਢੀ ਬੇਚੈਨ ਹੋਈ, ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ।
ਇੰਨੇ ਨੂੰ ਬੱਸ ਆ ਗਈ ਉਹ ਕਾਹਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ।