ਪਿੰਡ ਦੀ ਸੱਥ ਵਿੱਚੋਂ (ਕਿਸ਼ਤ-296)

ਜਿਉਂ ਹੀ ਮੰਗੇ ਸਰਾਭੇ ਕੇ ਰਤਨੇ ਦਾ ਮੁੰਡਾ ਦੱਲੂ, ਸੱਥ ਵਿੱਚ ਬੈਠੇ ਬਾਬੇ ਕਾਹਨ ਸਿਉਂ ਨੂੰ ਪ੍ਰੀਤਮ ਗੰਡੇ ਕੀ ਜੰਨ ਬਾਰੇ ਪੁੱਛਣ ਲੱਗਾ ਤਾਂ ਨਾਥਾ ਅਮਲੀ ਦੱਲੂ ਨੂੰ ਕਹਿੰਦਾ, ”ਤੂੰ ਬਹਿ ਤਾਂ ਜਾ ਪਹਿਲਾਂ, ਬਾਬਾ, ਫ਼ੇਰ ਈ ਦੱਸੂ ਤੈਨੂੰ। ਤੂੰ ਤਾਂ ਖੜ੍ਹਾ ਖੜੋਤਾ ਇਉਂ ਪੁੱਛੀਂ ਜਾਨੈਂ ਜਿਮੇਂ ਜੰਗੇ ਮਧਾਣੇ ਕੇ ਖਾੜੂ ਵਾਂਗੂੰ ਰੇਹੜੀ ਤੋਂ ਮਰੂਦ ਚੱਕ ਕੇ ਭੱਜਣਾ ਹੁੰਦੈ। ਬਹਿ ਜਾ। ਐਧਰ ਆ ਜਾ ਸੀਤਾ ਸਿਉਂ, ਕੋਲੇ ਆ ਕੇ ਬਹਿ ਜਾ ਨਾਲੇ ਮਰਾਸੀ ਪਰਭਾ ਕਹਿਣ ਸਖਾ ਦੂ।”
ਮਾਹਲਾ ਨੰਬਰਦਾਰ ਕਹਿੰਦਾ, ”ਪਹਿਲਾਂ ਦੱਲੂ ਨੂੰ ਪੁੱਛ ਤਾਂ ਲਓ ਬਈ ਤੂੰ ਵੀ ਜੰਨ ਗਿਆ ਸੀ ਕੁ ਮਾਲ ਢਾਂਡੇ ਨੂੰ ਪੱਠੇ ਦੱਥੇ ਪਾਉਣ ‘ਤੇ ਈ ਛੱਡ ਗੇ ਸੀ ਤੈਨੂੰ?”
ਨਾਥਾ ਅਮਲੀ ਕਹਿੰਦਾ, ”ਪੱਠੇ ਦੱਥਿਆਂ ਨੂੰ ਇਹਦਾ ਕਿਹੜਾ ਸੀਰ ਲਿਆ ਵਿਆ ਬਈ ਡੰਗਰਾਂ ਨੂੰ ਪੱਠੇ ਦੱਥੇ ਏਸੇ ਨੇ ਈ ਪਾਉਣੇ ਐ। ਡੂਢ ਤਾਂ ਇਹਨਾਂ ਦੇ ਪਸੂ ਐ।”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਬੁੱਘਰ ਦਖਾਣ ਕਹਿੰਦਾ, ”ਡੂਢ ਕਿਉਂ ਐ ਓਏ, ਛੀ ਸੱਤ ਤਾਂ ਹੋਣਗੇ ਈ ਜਿਹੜਾ ਕਿੱਲਾ ਸਰ੍ਹੀ ਦਾ ਬੀਜੀ ਬੈਠਾ। ਤੂੰ ਡੂਢ ਈ ਦੱਸਦੈਂ।”
ਅਮਲੀ ਬੁੱਘਰ ਦਖਾਣ ਨੂੰ ਝਈ ਲੈ ਕੇ ਪੈ ਗਿਆ, ”ਜਿਹੜੀ ਦਾਤੀ ਨਾਲ ਚਰ੍ਹੀ ਵੱਢ ਕੇ ਲਿਆਉਂਦੇ ਐ ਇਹੇ, ਮੈਂ ਕਹਿਨਾਂ ਦਾਤੀਆਂ ਦੇ ਦੰਦੇ ਸੋਡਾ ਬੁੜ੍ਹਾ ਕੱਢ ਕੇ ਦਿੰਦਾ ਹੋਊ ਕੁ ਨਹੀਂ। ਮਾਰਦਾ ਗੱਲਾਂ। ਛੀ ਸੱਤ ਕਿਹੜੇ ਪਸੂ ਆ ਓਏ ਇਨ੍ਹਾਂ ਦੇ। ਇੱਕ ਨਿੱਕੀ ਜੀ ਬਹਿੜ ਜੀ ਐ, ਇੱਕ ਛੋਟਾ ਜਾ ਕੱਟੜੂ ਐ, ਜਿਹੜੀ ਤੋਕੜ ਜੀ ਮੱਝ ਬੰਨ੍ਹੀ ਬੈਠੇ ਐ, ਉਹਨੇ ਮੈਨੂੰ ਲੱਗਦਾ ਸਾਰੀ ਉਮਰ ਨ੍ਹੀ ਦੁੱਧ ਦਿੱਤਾ ਹੋਣਾ, ਗੋਹਾ ਵੀ ਪੁੱਛ ਕਰਦੀ ਹੋਊ। ਆਹ ਡੰਗਰ ਐ ਇਨ੍ਹਾਂ ਦੇ ਘਰੇ। ਤੁਸੀਂ ਪਤੰਦਰੋ ਊਈਂ ਝੀਂਡ ਆਲੇ ਆਲਾ ਅਰਜਨ ਸਿਉਂ ਬਣਾਈ ਜਾਨੇਂ ਐਂ ਜਿਮੇਂ ਗਾਹਾਂ ਸੱਤਰ ਲਵੇਰੇ ਖੜ੍ਹੇ ਹੁੰਦੇ ਐ।”
ਬਾਬੇ ਕਾਹਨ ਸਿਉਂ ਨੇ ਅਮਲੀ ਨੂੰ ਪੁੱਛਿਆ, ”ਅਰਜਨ ਸਿਉਂ ਦੇ ਅਮਲੀਆ ਐਨੇ ਕਿੰਨ੍ਹੇ ਕੁ ਪਸੂ ਐ ਓਏ ਜਿਹੜੀ ਗੱਲ ਈ ਨ੍ਹੀ ਡਿੱਗਣ ਦਿੰਦਾ ਤੂੰ। ਆਪਣੇ ਓਧਰਲੇ ਗੁਆੜ ਆਲੇ ਮਕੰਦ ਸਿਉਂ ਸਰਦਾਰ ਕੇ ਤਾਂ ਉਨ੍ਹਾਂ ਤੋਂ ਵੀ ਬਾਹਲੇ ਹੋਣਗੇ।”
ਅਮਲੀ ਕਹਿੰਦਾ, ”ਮਕੰਦ ਸਿਉਂ ਕੇ ਤਾਂ ਬਾਬਾ ਝੀਂਡ ਆਲੇ ਆਲਿਆਂ ਦੇ ਅੱਧ ‘ਚ ਮਨ੍ਹੀ ਹੋਣੇ।”
ਮਾਹਲਾ ਨੰਬਰਦਾਰ ਕਹਿੰਦਾ, ”ਓ ਛੱਡੋ ਯਾਰ ਇਹ ਗੱਲ, ਕੋਈ ਹੋਰ ਸਣਾਓ ਚੜ੍ਹਦੇ ਲਹਿੰਦੇ ਦੀ। ਪਤੰਦਰ ਤਿੰਨ ਚਾਰ ਦਿਨ ਹੋ ਗੇ ਨਿੱਤ ਈ ਸੁੰਨੀ ਖੱਡ ‘ਚ ਹੱਥ ਪਾ ਲੈਨੇਂ ਐਂ ਆ ਕੇ।”
ਨਾਥਾ ਅਮਲੀ ਕਹਿੰਦਾ, ”ਇਹ ਕਾਹਦੀ ਸੁੰਨੀ ਖੱਡ ਐ ਨੰਬਰਦਾਰਾ, ਅਸੀਂ ਤਾਂ ਸੱਚੀਓ ਈ ਗੱਲ ਕੀਤੀ ਐ। ਚੱਲ ਤੂੰ ਈ ਦੱਸਦੇ, ਪਹਿਲਾਂ ਕਦੇ ਪੰਜਾਂ ਆਲੀ ਵੀ ਪੰਜਾਹਾਂ ਨੂੰ ਵਿਕੀ ਐ?”
ਨੰਬਰਦਾਰ ਕਹਿੰਦਾ, ”ਮੈਂ ਤਾਂ ਅਮਲੀਆ ਇਉਂ ਗੱਲ ਕਰਦਾਂ ਬਈ ਜਿਹੜੀ ਗੱਲ ਕਾਹਨ ਸਿਉਂ ਤੋਂ ਦੱਲੂ ਨੇ ਪੁੱਛੀ ਐ, ਉਹ ਗੱਲ ਤਾਂ ਗੋਹਿਆਂ ਦੀ ਲੜਾਈ ਚੀ ਰੋਲ ‘ਤੀ, ਆਹ ਕੱਟੜੂ ਵੱਛੜੂ ਜੇ ਹੋਰ ਈ ਪਤਾ ਨ੍ਹੀ ਪਤੰਦਰੋ ਕਿੱਧਰ ਘੜੀਸੀ ਫ਼ਿਰਦੇ ਐਂ।”
ਸੀਤੇ ਮਰਾਸੀ ਨੇ ਮਾਹਲੇ ਨੰਬਰਦਾਰ ਨੂੰ ਪੁੱਛਿਆ, ”ਕਿਹੜੀ ਗੱਲ ਕਰਦੈਂ ਨੰਬਰਦਾਰਾ ਤੂੰ?”
ਬੁੱਘਰ ਦਖਾਣ ਸੀਤੇ ਮਰਾਸੀ ਦੇ ਹੁੱਜ ਮਾਰ ਕੇ ਬੋਲਿਆ, ”ਪ੍ਰੀਤਮ ਗੰਡੇ ਕੀ ਜੰਨ ਦੀ ਗੱਲ ਕਰਦਾ ਦੱਲੂ। ਹੋਰ ਇਹਨੇ ਕਿਹੜਾ ਪੁਸ਼ਕਰ ਦੇ ਮੇਲੇ ਦਾ ਹਾਲ ਸੁਣਨੈਂ।”
ਨਾਥਾ ਅਮਲੀ ਕਹਿੰਦਾ, ”ਪ੍ਰੀਤਮ ਗੰਡੇ ਕੀ ਜੰਨ ਦੀ ਤਾਂ ਮੈਂ ਦੱਸ ਦਿੰਨਾਂ ਸੋਨੂੰ।”
ਸੁਰਜਨ ਬੁੜ੍ਹਾ ਮੁਸ਼ਕਣੀ ਹਾਸਾ ਹੱਸ ਕੇ ਕਾਹਨ ਸਿਉਂ ਵੱਲ ਮਸਤਾਨੀ ਅੱਖ ਨਾਲ ਝਾਕ ਕੇ ਨਾਥੇ ਅਮਲੀ ਨੂੰ ਟਿੱਚਰ ‘ਚ ਕਹਿੰਦਾ, ”ਮਿੱਠਾ ਘੱਟ ਰੱਖੀਂ ਅਮਲੀਆ। ਹੋਰ ਨਾ ਕਿਤੇ ਨਿਰਾ ਕਾਹੜ੍ਹਾ ਕਰ ਕੇ ਫ਼ੜਾਦੀਂ।”
ਅਮਲੀ ਸੁਰਜਨ ਬੁੜ੍ਹੇ ਦੀ ਗੱਲ ਸੁਣ ਕੇ ਬੁੜ੍ਹੇ ਨੂੰ ਕਹਿੰਦਾ, ”ਮਿੱਠੇ ਘੱਟ ਨੂੰ ਤਾਊ ਮੈਂ ਕਿਹੜਾ ਖੰਡ ਆਲੀ ਬੋਰੀ ਚੱਕੀ ਫ਼ਿਰਦਾਂ। ਮੈਂ ਸਮਝਦਾਂ ਤੇਰੀ ਗੱਲ ਐ। ਤੂੰ ਕਹਿਣੈ ਬਈ ਬਾਬੇ ਕਾਹਨ ਸਿਉਂ ਨਾਲ ਲਿਹਾਜ ਰੱਖੀਂ, ਇਹੀ ਮਤਲਬ ਐ ਨਾ ਤੇਰਾ ਕੁ ਕੋਈ ਹੋਰ ਗੱਲ ਐ?”
ਪ੍ਰਤਾਪਾ ਭਾਊ ਅਮਲੀ ਨੂੰ ਬਾਹੋਂ ਫ਼ੜ ਕੇ ਝੰਜੋੜ ਕੇ ਕਹਿੰਦਾ, ”ਤੂੰ ਗੱਲ ਦੱਸ ਯਾਰ, ਮਿੱਠੇ ਮੁੱਠੇ ਦੀ ਲੋੜ ਈ ਨ੍ਹੀ। ਖੁੱਲ੍ਹ ਕੇ ਗੱਲ ਕਰ। ਠਣਕਾਦੇ ਚਾਂਦੀ ਦੇ ਰਪੀਏ ਆਂਗੂੰ।”
ਅਮਲੀ ਕਹਿੰਦਾ, ”ਪ੍ਰੀਤਮ ਗੰਡੇ ਕੀ ਜੰਨ ਦੀ ਇਉਂ ਗੱਲ ਐ। ਗੰਡੇ ਕੇ ਜਦੋਂ ਜੰਨ ਚੜ੍ਹੇ ਨਾ, ਦੋ ਤਾਂ ਲੈ ਗੇ ਡੱਡੂ ਕਾਰਾਂ ਤੇ ਇੱਕ ਲੈ ਗੇ ਵੱਡੀ ਬੱਸ ਭਰ ਕੇ। ਤੂੰ ਵੇਖ ਲਾ ਬਈ ਕਾਰਾਂ ਤਾਂ ਬਾਹਲਾ ਭੱਜਦੀਆਂ ਸਨ, ਉਹ ਤਾਂ ਭਾਈ ਮਿੰਟਾਂ ਸਕਿੰਟਾਂ ‘ਚ ਕਿਤੇ ਦੀ ਕਿਤੇ ਪਹੁੰਚ ਗੀਆਂ, ਬੱਸ ਹਜੇ ਨਰੂਆਣੇ ਆਲੇ ਟਿੱਬਿਆਂ ਚੀ ਈ ਗੜਗੂੰਜਾਂ ਪਾਈ ਜਾਵੇ।”
ਜੱਗਰ ਬੁੜ੍ਹੇ ਕਾ ਲੜਧੂ ਨਾਥੇ ਅਮਲੀ ਦੀ ਗੱਲ ਟੋਕ ਕੇ ਕਹਿੰਦਾ, ”ਅਮਲੀਆ ਜੰਨ ਕਿਹੜੇ ਪਿੰਡ ਗਈ ਸੀ?”
ਤੁਰੀ ਜਾਂਦੀ ਗੱਲ ‘ਚ ਘਚੋਲ਼ਾ ਪਿਆ ਸੁਣ ਕੇ ਬਾਬਾ ਕਾਹਨ ਸਿਉਂ ਲੜਧੂ ਦੇ ਖੂੰਡੀ ਦੀ ਹੁੱਜ ਮਾਰ ਕੇ ਕਹਿੰਦਾ, ”ਚੁੱਪ ਨ੍ਹੀ ਕਰਦਾ ਓਏ ਵਿੰਗੜਿਆ ਜਿਆ। ਗੱਲ ਸਿਰੇ ਲੱਗਣ ਦੇ।”
ਸੁਰਜਨ ਬੁੜ੍ਹਾ ਅਮਲੀ ਨੂੰ ਕਹਿੰਦਾ, ”ਇਹ ਤਾਂ ਅਮਲੀਆ ਵਿੱਚ ਬੋਲੀ ਜਾਣਗੇ ਤੂੰ ਆਵਦਾ ਛਣਕਣਾ ਛਣਕਾਈ ਚੱਲ।”
ਨਾਥਾ ਅਮਲੀ ਗੱਲ ਸੁਣਾਉਂਦਾ ਸੁਣਾਉਂਦਾ ਲੜਧੂ ਨੂੰ ਟੁੱਟ ਕੇ ਪੈ ਗਿਆ, ”ਪਹਿਲਾਂ ਤੇਰੀਓ ਈ ਨਾ ਸਣਾਦਿਆਂ ਓਏ ਚੰਦ ਭਾਵੜੇ ਕਿਆਂ ਆਲੀ। ਗੰਡੇ ਕੀ ਜੰਨ ਆਲੀ ਤਾਂ ਕੱਲ੍ਹ ਨੂੰ ਸਣਾ ਦਿਆਂਗੇ। ਕਿਹੜਾ ਸੱਥ ਨ੍ਹੀ ਜੁੜਨੀ ਮੁੜ ਕੇ। ਕੱਲ੍ਹ ਨੂੰ ਤਾਂ ਸਗੋਂ ਬਾਹਲੇ ਆਉਣਗੇ।”
ਸੱਥ ‘ਚ ਬਾਹਲੇ ਆਉਣ ਵਾਲੀ ਗੱਲ ਸੁਣ ਕੇ ਸੀਤਾ ਮਰਾਸੀ ਕਹਿੰਦਾ, ”ਕੱਲ੍ਹ ਨੂੰ ਕੀ ਸੱਥ ‘ਚ ਪਤੌੜਾਂ ਦੇ ਪੂਰ ਨਿਕਲਣੇ ਐ।”
ਅਮਲੀ ਕਹਿੰਦਾ, ”ਤੂੰ ਵੇਖੀ ਤਾਂ ਜਾਈਂ ਜਦੋਂ ਦਿਨ ਚੜ੍ਹਿਆ ਕਿਮੇਂ ਡਿਗਣਗੇ ਸੱਥ ‘ਚ ਆ ਕੇ ਜਿਮੇਂ ਡੋਲੀ ਉੱਤੋਂ ਦੀ ਸਿੱਟੀ ਭਾਨ ਚੁਗਣ ਨੂੰ ਜੁਆਕ ਪੰਜੀਆਂ ਦਸੀਆਂ ਨੂੰ ਪੈਂਦੇ ਹੁੰਦੇ ਐ। ਕਈ ਜੁਆਕ ਤਾਂ ਆਪਸ ਵਿੱਚ ਈ ਜੂੰਡੋ ਜੂੰਡੀ ਹੋ ਜਾਂਦੇ ਐ ਤੇ ਪੈਂਸੇ ਕੋਈ ਹੋਰ ਈ ਤੀਜਾ ਜੁਆਕ ਚੁਗ ਕੇ ਲੈ ਜਾਂਦਾ ਹੁੰਦੈ।”
ਸੁਰਜਨ ਬੁੜ੍ਹਾ ਅਮਲੀ ਦੀਆਂ ਉੱਘ ਦੀਆਂ ਪਤਾਲ ਗੱਲਾਂ ਸੁਣ ਕੇ ਅਮਲੀ ਨੂੰ ਕਹਿੰਦਾ, ”ਤੂੰ ਗੰਡੇ ਕੀ ਜੰਨ ਆਲੀ ਗੱਲ ਸਣਾ ਯਾਰ, ਹੋਰ ਈ ਪਾਸੇ ਗਾਜਰਾਂ ‘ਚ ਗਧਾ ਵਾੜੀ ਫ਼ਿਰਦੈਂ।”
ਪ੍ਰਤਾਪਾ ਭਾਊ ਸੁਰਜਨ ਬੁੜ੍ਹੇ ਨੂੰ ਟਿੱਚਰ ‘ਚ ਕਹਿੰਦਾ, ”ਇਹਨੇ ਕਾਹਦੀ ਸਣਾਉਣੀ ਐ ਜੰਨ ਦੀ ਗੱਲ ਤਾਇਆ। ਦਿਨ ਛਪਾਉਣਾ ਇਹਨੇ, ਛਪਾ ਲੂ। ਨਾਲੇ ਜੇ ਕੋਈ ਚੱਜ ਦੀ ਗੱਲ ਹੁੰਦੀ ਤਾਂ ਹੁਣ ਨੂੰ ਇਹਨੇ ਗਲੋਟੇ ਆਂਗੂੰ ਉਧੇੜ ਦੇਣੀ ਸੀ। ਹੁਣ ਤਾਂ ਇਹ ਟਿੱਚਰਾਂ ‘ਤੇ ਹੋਇਆ ਵਿਐ।”
ਰਤਨ ਸਿਉਂ ਸੂਬੇਦਾਰ ਪ੍ਰਤਾਪੇ ਭਾਊ ਨੂੰ ਕਹਿੰਦਾ, ”ਗੱਲ ਤਾਂ ਤੇਰੀ ਭਾਊ ਠੀਕ ਐ, ਗੱਲ ਗੁੱਲ ਨ੍ਹੀ ਸਣਾਉਣੀ ਇਹਨੇ। ਅੱਜ ਦਾ ਦਿਨ ਤਾਂ ਇਹਨੇ ਟਿੰਡਾਂ ਬੰਨ੍ਹਣ ਚੀ ਨੰਘਾਅ ‘ਤਾ।”
ਅਮਲੀ ਫ਼ੌਜੀ ਨੂੰ ਵੀ ਭੂਸਰੀ ਢਾਂਡੀ ਵਾਂਗੂੰ ਪੈ ਨਿਕਲਿਆ, ”ਹਜੇ ਕਿੱਥੇ ਨੰਘ ਗਿਆ ਫ਼ੌਜੀਆ ਦਿਨ। ਘੜੀ ‘ਤੇ ਵਕਤ ਤਾਂ ਵੇਖ ਕੀ ਹੋਇਆ?”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਸੀਤੇ ਮਰਾਸੀ ਨੇ ਪੂਰਿਆ ਫ਼ਿਰ ਅਮਲੀ ਦਾ ਪੱਖ, ”ਵਕਤ ਕਿੱਥੋਂ ਵੇਖ ਲੇ ਫ਼ੌਜੀ, ਘੜੀ ਤਾਂ ਇਹਦੇ ਦੀਂਹਦੀ ਨ੍ਹੀ ਬੰਨ੍ਹੀ।”
ਸੁਰਜਨ ਬੁੜ੍ਹਾ ਕਹਿੰਦਾ, ”ਅੱਗੇ ਕਿਹੜਾ ਲੋਕ ਘੜੀਆਂ ਵੇਖ ਕੇ ਵਕਤ ਵੇਂਹਦੇ ਸੀ, ਸੂਰਜ ਵੇਖ ਕੇ ਈ ਲੱਖਣ ਲਾ ਲੈਂਦੇ ਸੀ ਬਈ ਹੁਣ ਨੌਣੇ ਪੌਂ ਹੋ ਗੇ, ਹੁਣ ਚਾਹਾਂ ਵੇਲੈ, ਹੁਣ ਵੱਗਾਂ ਵੇਲਾ ਹੋ ਗਿਆ।”
ਅਮਲੀ ਨੇ ਸੁਰਜਨ ਬੁੜ੍ਹੇ ਨੂੰ ਟਿੱਚਰ ‘ਚ ਪੁੱਛਿਆ, ”ਵਕਤ ਵੇਖਣ ਵੇਲੇ ਬੁੜ੍ਹਿਆ ਸੂਰਜ ਵੱਲ ਨੂੰ ਤਾਂ ਮੂੰਹ ਤਾਹਾਂ ਚੱਕ ਕੇ ਈ ਵੇਂਹਦੇ ਈ ਹੋਣ ਗੇ ਕੁ ਨਹੀਂ।”
ਬੁੜ੍ਹਾ ਵੀ ਅਮਲੀ ਨੂੰ ਟਿੱਚਰ ‘ਚ ਬੋਲਿਆ, ”ਨਹੀਂ! ਨੀਮੀਂ ਪਾ ਕੇ ਵੇਂਹਦੇ ਹੁੰਦੇ ਸੀ ਸੂਰਜ।”
ਸੀਤਾ ਮਰਾਸੀ ਕਹਿੰਦਾ, ”ਨੀਮੀਂ ਪਾ ਕੇ ਕੀ ਅਰਜਨ ਆਂਗੂੰ ਮੱਛੀ ਦੀ ਅੱਖ ‘ਚ ਸ਼ਨਾਨਾ ਲਾਉਣਾ ਸੀ। ਤੂੰ ਵੀ ਬੁੜ੍ਹਿਆ ਟਿੱਚਰਾਂ ‘ਤੇ ਈ ਹੋ ਗਿਐਂ।”
ਮਾਹਲਾ ਨੰਬਰਦਾਰ ਕਹਿੰਦਾ, ”ਟਿੱਚਰਾਂ ‘ਤਾਂ ਨਾਥਾ ਸਿਉਂ ਕਰਦਾ, ਅਕੇ ਤਾਹਾਂ ਨੂੰ ਮੂੰਹ ਚੱਕ ਕੇ ਵੇਖਦੇ ਹੋਣਗੇ ਸੂਰਜ। ਇਹ ਤਾਂ ਕਮਲੇ ਬੰਦੇ ਨੂੰ ਵੀ ਪਤਾ ਬਈ ਮੂੰਹ ਤਾਹਾਂ ਚੱਕ ਕੇ ਈ ਸੂਰਜ ਤਾਂ ਦਿਸੂ ਹੋਰ ਨੀਮੀੰ ਪਾ ਕੇ ਕਿਮੇਂ ਦਿਸ ਜੂ ਬਈ? ਚੱਲੋ ਛੱਡੋ ਯਾਰ ਇਹ ਗੱਲਾਂ, ਅਮਲੀਆ ਤੂੰ ਜੰਨ ਦੀ ਗੱਲ ਸਣਾ ਯਾਰ।”
ਅਮਲੀ ਕਹਿੰਦਾ, ”ਜੰਨ ਦੀ ਸਣਾਮਾਂ। ਗੱਲ ਤਾਂ ਇਉਂ ਕਰਦੇ ਆਂ ਬਈ ਆਪਣੇ ਪਿੰਡ ‘ਚ ਬਾਬਾ ਕਾਹਨ ਸਿਉਂ ਜਿੰਨਿਆਂ ਦੀ ਜੰਨ ਗਿਆ, ਜੰਨ ਕੁਟਾਅ ਕੇ ਈ ਲਿਆਇਆ। ਜਿੱਦੇਂ ਕਰਤਾਰੇ ਸੰਘੇ ਦੇ ਮੁੰਡੇ ਦਾ ਵਿਆਹ ਸੀ, ਕਰਤਾਰਾ ਤੇ ਉਹਦਾ ਭਰਾ ਮਖਤਿਆਰਾ ਪਿੰਡ ‘ਚ ਜੰਨ ਨੂੰ ਕਹਿੰਦੇ ਫ਼ਿਰਦੇ ਸੀ ਬਈ ਆਉਂਦੇ ਐਤਵਾਰ ਨੂੰ ਜੰਨ ਚੜ੍ਹਨੀ ਐ। ਕਰਤਾਰਾ ਤੇ ਮਖਤਿਆਰਾ ਜਦੋਂ ਬਾਬੇ ਕਾਹਨ ਸਿਉਂ ਕੇ ਬਾਰ ਮੂਹਰਦੀ ਨੰਘਣ ਲੱਗੇ ਤਾਂ ਬਾਬਾ ਕਿਤੇ ਆਵਦੇ ਦਰਵਾਜੇ ਦੇ ਬਾਰ ‘ਚ ਖੜ੍ਹਾ ਸੀ। ਕਿਉਂ ਏਮੇਂ ਈਂ ਸੀ ਨਾ ਗੱਲ ਬਾਬਾ?”
ਮਾਹਲਾ ਨੰਬਰਦਾਰ ਅਮਲੀ ਦੀ ਬਾਂਹ ਝੰਜੋੜ ਕੇ ਕਹਿੰਦਾ, ”ਤੂੰ ਗੱਲ ਸਣਾ ਯਾਰ ਬਾਬੇ ਨੂੰ ਕੀ ਪੁੱਛਣੈ। ਬਾਬੇ ਨੂੰ ਤਾਂ ਪਤਾ ਈ ਐ। ਗਾਹਾਂ ਕਰ ਗੱਲ ਤੂੰ।”
ਅਮਲੀ ਫ਼ੇਰ ਚੜ੍ਹ ਗਿਆ ਰੀਲ੍ਹ ‘ਤੇ। ਥੜ੍ਹੇ ‘ਤੇ ਚੌਂਕੜੀ ਮਾਰੀ ਬੈਠੇ ਮਾਹਲੇ ਨੰਬਰਦਾਰ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਸੁਣ ਫ਼ਿਰ ਨੰਬਰਦਾਰ ਅੱਗੇ ਕੀ ਹੋਇਆ। ਇਹ ਕਰਤਾਰੇ ਅਰਗੇ ਦੋਮੇਂ ਭਰਾ ਜਦੋਂ ਬਾਬੇ ਦੇ ਦਰਾਂ ਮੂਹਰਦੀ ਨੰਘਣ ਲੱਗੇ ਤਾਂ ਬਾਬਾ ਕਰਤਾਰੇ ਨੂੰ ਕਹਿੰਦਾ ‘ਕਿੱਧਰ ਗਧੀ ਗੇੜ ਪਏ ਫ਼ਿਰਦੈਂ ਕਰਤਾਰ ਸਿਆਂ?’ ਕਰਤਾਰਾ ਤਾਂ ਬਾਬਾ ਬੋਲਿਆ ਨਾ, ਮਖਤਿਆਰਾ ਵੇਖ ਲਾ ਪਿੰਡ ‘ਚੋਂ ਸਿਰੇ ਦਾ ਅੜਬ ਟੱਟੂ ਐ। ਉਹ ਗੱਲ ਕਹਿਣ ਲੱਗਿਆ ਵੀ ਵੇਂਹਦਾ ਨ੍ਹੀ। ਗੱਲ ਦਾ ਬਾਬੇ ਨੂੰ ਵੀ ਪਤਾ ਸੀ ਬਈ ਇਹ ਜੰਨ ਨੂੰ ਕਹਿੰਦਾ ਫ਼ਿਰਦੈ। ਜਦੋਂ ਬਾਬੇ ਨੇ ਕਰਤਾਰੇ ਨੂੰ ਪੁੱਛਿਆ ਬਈ ਕਿੱਧਰ ਫ਼ਿਰਦੈਂ ਤਾਂ ਮਖਤਿਆਰਾ ਮੱਥੇ ‘ਚ ਸੱਤ ਤਿਉੜੀਆਂ ਪਾ ਕੇ ਬਾਬੇ ਕਾਹਨ ਸਿਉਂ ਨੂੰ ਕਹਿੰਦਾ ‘ਜਿੱਧਰ ਮਰਜੀ ਫ਼ਿਰੀਏ, ਪਰ ਤੈਨੂੰ ਨ੍ਹੀ ਅਸੀਂ ਜੰਨ ਲੈ ਕੇ ਜਾਣਾ। ਤੂੰ ਤਾਂ ਜੀਹਦੀ ਵੀ ਜੰਨ ਜਾਨੈਂ, ਪਤਾ ਨੀ ਕੀ ਫ਼ਲੂਹਾ ਸਿੱਟ ਦਿੰਨੈਂ ਜਾ ਕੇ, ਕੁੱਟ ਖਾਧੀ ਤੋਂ ਬਿਨਾਂ ਜੰਨ ਘਰੇ ਨਹੀਂ ਮੁੜਦੀ। ਕਿਉਂ ਬਾਬਾ! ਐਮੇਂ ਈ ਹੋਈ ਸੀ ਨਾ ਗੱਲ ਕੁ ਨਹੀਂ?”
ਬਾਬਾ ਕਾਹਨ ਸਿਉਂ ਨਿੰਮੋ ਝੂਣਾ ਜਾ ਹੋ ਕੇ ਢਿੱਲੇ ਜਿਹੇ ਮੂੰਹ ਨਾਲ ਕਹਿੰਦਾ, ”ਗੱਲ ਤਾਂ ਅਮਲੀਆ ਤੇਰੀ ਸੱਚੀ ਐ, ਪਰ ਉਹ ਤਾਂ ਸਾਰੇ ਪਿੰਡ ‘ਚੋਂ ਜੱਬ੍ਹਲ ਲਾਣੈ, ਨਾਲੇ ਜੇ ਕਹਿ ਵੀ ਦਿੰਦੇ ਮੈਂ ਤਾਂ ਫ਼ਿਰ ਮਨ੍ਹੀ ਸੀ ਜੰਨ ਜਾਣਾ ਉਨ੍ਹਾਂ ਦੀ।”
ਅਮਲੀ ਕਹਿੰਦਾ, ”ਜੇ ਬਾਬਾ ਤੂੰ ਜਾ ਵੀ ਪੈਂਦਾ ਤਾਂ ਕਰਤਾਰੇ ਕਿਆਂ ਨੇ ਪਹਿਲਾਂ ਤੇਰਾ ਈ ਸੁੱਥੂ ਗਲ ਥਾਈਂ ਲਾਹੁਣ ਤਕ ਜਾਣਾ ਸੀ। ਤੇਰੇ ਆਲੀ ਤਾਂ ਘਰੂੰਡੀ ਬਣਾ ਈ ਦਿੰਦੇ। ਐਮੇਂ ਤਾਂ ਨ੍ਹੀ ਜੱਬ੍ਹਲਾਂ ਦਾ ਲਾਣਾ ਵਜਦੇ ਕਰਤਾਰੇ ਕੇ।”
ਏਨੇ ਚਿਰ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ਚੜ੍ਹਦੇ ਪਾਸੇ ਪਿੰਡ ਦੀ ਬਾਹਰਲੀ ਫ਼ਿਰਨੀ ‘ਤੇ ਸੂਏ ਕੱਸੀਆਂ ਦੀ ਸਫ਼ਈ ਕਰਨ ਵਾਲੇ ਮਜ਼ਦੂਰਾ ਨਾਲ ਭਰੀ ਟਰਾਲੀ ਮੂਹਦੀ ਵੱਜ ਗਈ। ਜਿੰਨੀ ਵੀ ਛੇਤੀ ਹੋ ਸਕੇ ਸਾਰੇ ਜਣੇ ਚੜ੍ਹਦੇ ਪਾਸੇ ਵਾਲੀ ਬਾਹਰਲੀ ਫ਼ਿਰਨੀ ‘ਤੇ ਬਸੰਤ ਠੇਕੇਦਾਰਾਂ ਦੇ ਘਰ ਕੋਲ ਪਹੁੰਚੋ।
ਹੋਕਾ ਸੁਣਦੇ ਸਾਰ ਹੀ ਸੱਥ ‘ਚ ਬੈਠੇ ਸਾਰੇ ਜਣੇ ਟਰਾਲੀ ਪਲਟਣ ਵਾਲੀ ਥਾਂ ਵੱਲ ਨੂੰ ਭੱਜ ਤੁਰੇ।