ਲਖਨਊ— ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ‘ਚ ਸਿਪਾਹੀ ਦੀ ਭਰਤੀ ਦੌਰਾਨ ਅਨੁਸੂਚਿਤ ਜਾਤੀ ਅਤੇ ਜਨਜਾਤੀ ਵਰਗ ਦੇ ਉਮੀਦਵਾਰਾਂ ਦੀ ਛਾਤੀ ‘ਤੇ ਐੱਸ.ਐੱਸ.-ਐੱਸ.ਟੀ. ਲਿਖਣ ਦੀ ਘਟਨਾ ਨੂੰ ਨਿੰਦਾਯੋਗ ਦੱਸਦੇ ਹੋਏ ਬਸਪਾ ਸੁਪਰੀਮੋ ਮਾਇਆਵਤੀ ਨੇ ਸੋਮਵਾਰ ਨੂੰ ਕਿਹਾ ਕਿ ਅਜਿਹੀ ਜਾਤੀਵਾਦੀ ਅਤੇ ਨਿੰਦਾਯੋਗ ਘਟਨਾ ਲਈ ਦੋਸ਼ੀ ਅਧਿਕਾਰੀਆਂ ਨੂੰ ਤੁਰੰਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਮਾਇਆਵਤੀ ਨੇ ਇੱਥੇ ਬਿਆਨ ਜਾਰੀ ਕਰ ਕੇ ਕਿਹਾ,”ਇਸ ਸੰਬੰਧ ‘ਚ ਕੇਂਦਰ ਸਰਕਾਰ ਨੂੰ ਸਾਰੇ ਰਾਜਾਂ ਨੂੰ ਸਖਤ ਆਦੇਸ਼ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਮੁੜ ਕਿਤੇ ਨਾ ਹੋ ਸਕਣ।” ਉਨ੍ਹਾਂ ਨੇ ਕਿਹਾ ਕਿ ਭਾਜਪਾ ਸ਼ਾਸਤ ਰਾਜਾਂ ‘ਚ ਉਂਝ ਤਾਂ ਦਲਿਤਾਂ, ਆਦਿਵਾਸੀਆਂ ਅਤੇ ਪਿਛੜਿਆਂ ‘ਤੇ ਭਾਰੀ ਜ਼ੁਲਮ, ਅਨਿਆਂ ਅਤੇ ਸ਼ੋਸ਼ਣ ਦੀਆਂ ਖਬਰਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ ਪਰ ਧਾਰ ਦੀ ਤਾਜ਼ਾ ਘਟਨਾ ਅਸਲ ‘ਚ ਭਾਜਪਾ ਸਰਕਾਰ ਦੇ ਨਵੇਂ-ਨਵੇਂ ਉੱਭਰੇ ‘ਦਲਿਤ ਪ੍ਰੇਮ’ ਦਾ ਨਿੰਦਾਯੋਗ ਨਮੂਨਾ ਹੈ, ਜਿਸ ਨਾਲ ਇਨ੍ਹਾਂ ਦਾ ਪਾਖੰਡ ਦੀ ਪੋਲ ਖੁੱਲ੍ਹਦੀ ਹੈ।
ਉਨ੍ਹਾਂ ਨੇ ਸਵਾਲ ਕੀਤਾ,”ਅਜਿਹੀਆਂ ਜਾਤੀਵਾਦੀ ਅਤੇ ਨਿੰਦਾਯੋਗ ਘਟਨਾਵਾਂ ਦੇ ਸੰਬੰਧ ‘ਚ ਭਾਜਪਾ ਐਂਡ ਕੰਪਨੀ ਦੇ ਸੀਨੀਅਰ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੀ ਤਰ੍ਹਾਂ ਨਾਲ ਚੁੱਪੀ ਬਣਾਏ ਰਹਿਣਾ ਅਤੇ ਇਸ ਦੀ ਨਿੰਦਾ ਨਾ ਕਰਨਾ ਕੀ ਸ਼ੋਭਾ ਦਿੰਦਾ ਹੈ?” ਬਸਪਾ ਸੁਪਰੀਮੋ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਦਲਿਤਾਂ, ਆਦਿਵਾਸੀਆਂ ਅੇਤ ਪਿਛੜਿਆਂ ਦੇ ਪ੍ਰਤੀ ਹੀਨ, ਜਾਤੀਵਾਦੀ ਰਵੱਈਏ ਦਾ ਨਤੀਜਾ ਹੈ ਕਿ ਇਨ੍ਹਾਂ ਵਰਗਾਂ ਦੇ ਲੋਕ ਧਰਮ ਬਦਲਣ ਤੱਕ ਨੂੰ ਮਜ਼ਬੂਰ ਹੋ ਰਹੇ ਹਨ, ਜਿਸ ਦਾ ਤਾਜ਼ਾ ਉਦਾਹਰਣ ਗੁਜਰਾਤ ਦੇ ਊਨਾ ਕਾਂਡ ਦੇ ਪੀੜਤ ਪਰਿਵਾਰਾਂ ਦਾ ਹੈ, ਜਿਨ੍ਹਾਂ ਨੇ ਸਮੂਹਕ ਤੌਰ ‘ਤੇ ਹਿੰਦੂ ਧਰਮ ਤਿਆਗ ਕੇ ਬੌਧ ਧਰਮ ਦੀ ਦੀਕਸ਼ਾ ਲੈ ਲਈ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਮੰਤਰੀ ਅਤੇ ਭਾਜਪਾ ਨੇਤਾਵਾਂ ਨੇ ਵੋਟਾਂ ਦੇ ਸਵਾਰਥ ਅਤੇ ਮੀਡੀਆ ਦੇ ਪ੍ਰਚਾਰ ਲਈ ਦਲਿਤਾਂ ਦੇ ਘਰ ਜਾਣ ਦਾ ਨਵਾਂ ਫੈਸ਼ਨ, ਕਾਂਗਰਸ ਦੀ ਤਰਜ਼ ਸ਼ੁਰੂ ਕੀਤੀ ਹੈ ਪਰ ਇਸ ਨਾਲ ਦਲਿਤਾਂ ਦੇ ਜੀਵਨ ਪੱਧਰ ‘ਚ ਤਬਦੀਲੀ ਨਹੀਂ ਆਉਣ ‘ਤੇ ਇਸ ਦੀ ਕਾਫੀ ਕਿਰਕਿਰੀ ਹੋ ਰਹੀ ਹੈ।