ਪੰਚਾਇਤ ਮੰਤਰੀ ਨੇ ਧਰਨੇ ‘ਤੇ ਬੈਠੇ ਕਰਮਚਾਰੀਆਂ ਨੂੰ ਜੂਸ ਪਿਲਾ ਕੇ ਹੜਤਾਲ ਖਤਮ ਕਰਵਾਈ

ਐਸ.ਏ.ਐਸ. ਨਗਰ  – ਪੰਚਾਇਤ ਵਿਭਾਗ ਦੇ ਪੰਚਾਇਤ ਸਕੱਤਰਾਂ ਅਤੇ ਹੋਰਨਾਂ ਕਰਮਚਾਰੀਆਂ ਦੀ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਉਹਨਾਂ ਦੀਆਂ ਮੰਗਾਂ ਮੰਨਣ ਉਪਰੰਤ ਅੱਜ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।

ਅੱਜ ਇੱਥੇ ਪੰਚਾਇਤ ਭਵਨ ਵਿਖੇ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਅੇਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਉਪਰੰਤ ਮੁਲਾਜ਼ਮਾ ਦੀਆਂ ਮੰਗਾਂ ਮੰਨਣ ਦਾ ਫੈਸਲਾ ਲਿਆ। ਇਸ ਉਪਰੰਤ ਪੰਚਾਇਤ ਮੰਤਰੀ ਭੁੱਖ ਹੜਤਾਲ ਕਰ ਰਹੇ ਮੁਲਜ਼ਾਮਾਂ ਅਤੇ ਕਰਮਚਾਰੀਆਂ ਨੂੰ ਜੂਸ ਪਿਲਾ ਕੇ ਹੜਤਾਲ ਖਤਮ ਕਰਵਾਈ।

ਜਿਕਰਯੋਗ ਹੈ ਕਿ ਕਈ ਦਿਨਾਂ ਤੋਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਜਿੰਨਾਂ ਵਿਚ ਪੰਚਾਇਤ ਸਕੱਤਰ, ਸੁਪਰਡੰਟ, ਪੰਚਾਇਤ ਅਫ਼ਸਰ, ਟੈਕਸ ਕਲੈਕਟਰ, ਸੰਮਤੀ ਪਟਵਾਰੀ ਅਤੇ ਹੋਰ ਸੰਮਤੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਉੱਤੇ ਸਨ।

ਪੰਚਾਇਤ ਮੰਤਰੀ ਅਤੇ ਵਿਭਾਗ ਦੇ Àੁੱਚ ਅਧਿਕਾਰੀਆਂ ਨਾਲ ਅੱਜ ਹੋਈ ਮੀਟਿੰਗ ਵਿਚ ਲਏ ਗਏ ਫੈਸਲੇ ਅਨੁਸਾਰ 31 ਮਾਰਚ 2018 ਤੱਕ ਬਕਾਇਆ ਰਹਿੰਦੀ ਤਨਖਾਹ ਇੱਕ ਮਹੀਨੇ ਵਿਚ ਜਾਰੀ ਕਰ ਦਿੱਤੀ ਜਾਵੇਗੀ।ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਦੀ ਤਨਖਾਹ ਖ਼ਜ਼ਾਨੇ ਰਾਹੀ ਕੀਤੇ ਜਾਣ ਲਈ ਇੱਕ ਮਹੀਨੇ ਵਿਚ ਕੇਸ ਬਣਾ ਕੇ ਵਿੱਤ ਵਿਭਾਗ ਨੂੰ ਪ੍ਰਵਾਨਗੀ ਲਈ ਭੇਜ ਦਿੱਤਾ ਜਾਵੇਗਾ। ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਜੋ ਕਿ 1.1.2004 ਤੋ 8.7.2012 ਤੱਕ ਭਰਤੀ ਹੋਏ ਹਨ ਉਨ੍ਹਾਂ ਉੱਪਰ ਪੈਨਸ਼ਨ ਸਕੀਮ ਲਾਗੂ ਕਰਨ ਲਈ ਵਿੱਤ ਵਿਭਾਗ ਨੂੰ ਇੱਕ ਮਹੀਨੇ ਵਿਚ ਕੇਸ ਪ੍ਰਵਾਨਗੀ ਲਈ ਭੇਜ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਪੰਚਾਇਤ ਅਫ਼ਸਰਾਂ ਅਤੇ ਸੁਪਰਡੰਟ ਦੀ ਬੀਡੀਪੀਓ ਦੀ ਅਸਾਮੀ ਤੇ ਪਦ- ਉੱਨਤੀ ਕਰਨ ਲਈ ਪੰਚਾਇਤ ਮੰਤਰੀ ਵੱਲੋ ਦਿੱਤੀ ਪ੍ਰਵਾਨਗੀ ਦੇ ਆਧਾਰ ਤੇ ਨਿਯਮ ਬਣਾਏ ਜਾਣ ਸਬੰਧੀ ਪਹਿਲਾਂ ਹੀ ਕੀਤੀ ਜਾ ਰਹੀ ਕਾਰਵਾਈ ਨੂੰ ਤੇਜ਼ ਕਰਦੇ ਹੋਏ ਇਹ ਮਾਮਲਾ ਇੱਕ ਮਹੀਨੇ ਨਿਪਟਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਵਿੱਤ ਵਿਭਾਗ ਨਾਲ ਸਬੰਧਤ ਮੰਗਾਂ ਨੁੰ ਵਿਚਾਰਨ ਲਈ ਕੀਤੀਆਂ ਜਾਣ ਵਾਲੀਆਂ ਮੀਟਿੰਗਾ ਵਿਚ ਕਰਮਚਾਰੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਕੀਤੇ ਜਾਣਗੇ।

ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਫਸਰ ਅਤੇ ਰਵਿੰਦਰ ਸਿੰਘ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਸ੍ਰੀ ਸੁਰਜੀਤ ਸਿੰਘ ਰਾਓਕੇ ਪੰਚਾਇਤ ਅਫਸਰ ਯੂਨੀਅਨ, ਸ੍ਰੀਮਤੀ ਗੁਰਪ੍ਰੀਤ ਕੌਰ ਔਲਖ ਪ੍ਰਧਾਨ ਸੁਪਰਡੈਂਟ ਅਤੇ ਕਲਰਕ ਯੂਨੀਅਨ ਅਤੇ ਸ੍ਰੀ ਜਤਿੰਦਰ ਸਿੰਘ ਪ੍ਰਧਾਨ ਟੈਕਸ ਕੁਲੈਕਟਰ ਯੂਨੀਅਨ ਸਮੇਤ ਬਾਕੀ ਅਹੁਦੇਦਾਰ ਵੀ ਮੌਜੂਦ ਸਨ।