ਗੁਰ ਇਤਿਹਾਸ ਗਾਇਬ ਕਰਨ ਦੇ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਨੇ 3 ਮਈ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ

ਕਿਹਾ ਕਿ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਗੁਰ ਇਤਿਹਾਸ ਸੰਬੰਧੀ ਗਾਇਬ ਕੀਤੇ 23 ਚੈਪਟਰਾਂ ਨੂੰ ਮੁੜ ਸ਼ਾਮਿਲ ਕਰਵਾਉਣ ਲਈ ਕਾਂਗਰਸ ਸਰਕਾਰ ਨੂੰ ਮਜ਼ਬੂਰ ਕਰਨ ਲਈ ਰਣਨੀਤੀ ਉਲੀਕੀ ਜਾਵੇਗੀ
ਪਾਰਟੀ 5 ਮਈ ਨੂੰ ਸ਼ਾਹਕੋਟ ਵਿਚ ਦਫਤਰ ਖੋਲ•ੇਗੀ ਅਤੇ 9 ਮਈ ਨੂੰ ਵੱਡੀ ਰੈਲੀ ਕੀਤੀ ਜਾਵੇਗੀ
ਚੰਡੀਗੜ :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਗੁਰ ਇਤਿਹਾਸ ਸੰਬੰਧੀ ਗਾਇਬ ਕੀਤੇ 23 ਚੈਪਟਰਾਂ ਨੂੰ ਮੁੜ ਸ਼ਾਮਿਲ ਕਰਵਾਉਣ ਸੰਬੰਧੀ ਕਾਂਗਰਸ ਸਰਕਾਰ ਨੂੰ ਮਜ਼ਬੂਰ ਕਰਨ ਵਾਸਤੇ ਰਣਨੀਤੀ ਉਲੀਕਣ ਲਈ 3 ਮਈ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਹੈ।
ਇੱਥੇ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਦੁਆਰਾ ਸਿੱਖ ਗੁਰੂ ਸਾਹਿਬਾਨਾਂ ਦੇ ਸ਼ਾਨਾਮੱਤੇ ਇਤਿਹਾਸ ਨੂੰ ਛੁਟਿਆਉਣ ਲਈ ਕੀਤੀਆਂ ਕੋਸ਼ਿਸ਼ਾਂ ਅਤੇ ਫਿਰ ਝੂਠ ਅਤੇ ਦੋਗਲੇਪਣ ਰਾਹੀਂ ਇਸ ਮੱਕਾਰੀ ਨੂੰ ਛੁਪਾਉਣ ਦੇ ਯਤਨਾਂ ਦਾ ਸਖ਼ਤ ਨੋਟਿਸ ਲਿਆ।
ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੰਖੇਪ ਵਿਚ ਪਾਰਟੀ ਨੂੰ ਦੱਸਿਆ ਕਿ ਕਿਸ ਤਰ ਸਿੱਖ ਗੁਰੂਆਂ, ਸਿੱਖ ਯੋਧਿਆਂ ਅਤੇ ਪੰਜਾਬ ਦੇ ਅਹਿਮ ਇਤਿਹਾਸਕ ਤੱਥਾਂ ਬਾਰੇ ਜਾਣਕਾਰੀ ਦੇਣ ਵਾਲੇ 23 ਚੈਪਟਰਾਂ ਨੂੰ 12ਵੀ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਗਾਇਬ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਥਾਂ ਸਿੱਖ ਇਤਿਹਾਸ ਬਾਰੇ ਅੱਧੇ ਪੰਨੇ ਉਤੇ ਜਾਣਕਾਰੀ ਦਿੱਤੀ ਗਈ ਹੈ। ਡਾਕਟਰ ਚੀਮਾ ਨੇ ਕਿਹਾ ਕਿ ਇਸ ਬੱਜਰ ਗਲਤੀ ਨੂੰ ਸਵੀਕਾਰ ਕਰਨ, ਨਵੀਂ ਕਿਤਾਬ ਉੱਤੇ ਪਾਬੰਦੀ ਲਾਉਣ ਅਤੇ 12ਵੀਂ ਦੀ ਕਿਤਾਬ ਨੂੰ ਪੁਰਾਣੇ ਚੈਪਟਰਾਂ ਸਮੇਤ ਛਾਪਣ ਦਾ ਹੁਕਮ ਦੇਣ ਦੀ ਥਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਨੂੰ ਇਹ ਕਹਿ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹਨਾਂ ਚੈਪਟਰਾਂ ਨੂੰ ਤਬਦੀਲ ਕਰਕੇ ਸਿੱਖਿਆ ਬੋਰਡ ਦੀ 11ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ 11ਵੀਂ ਕਲਾਸ ਦੇ ਕੱਲੇ ਕੱਲੇ ਚੈਪਟਰ ਸਮੇਤ ਸਮੁੱਚਾ ਸਿਲੇਬਸ ਇੰਟਰਨੈਟ ਉੱਤੇ ਉਪਲੱਬਧ ਹੈ ਅਤੇ ਇਸ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਣ ਵਾਲੇ 23 ਚੈਪਟਰਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਸ ਵਿਚ ਸਿੱਖ ਇਤਿਹਾਸ ਬਾਰੇ ਸਿਰਫ 5 ਚੈਪਟਰ ਸ਼ਾਮਿਲ ਕੀਤੇ ਗਏ ਹਨ , ਜਿਹੜੇ ਕਿ ਉਸ ਪੀਰੀਅਡ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੰਦੇ ਹਨ ਅਤੇ ਇਹਨਾਂ ਵਿਚ ਗੁਰੂ ਸਾਹਿਬਾਨਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਸ਼ਾਮਿਲ ਨਹੀਂ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਗੁੰਮਰਾਹ ਕੀਤਾ ਹੈ, ਜਿਹਨਾਂ ਨੇ ਇਸ ਸਮੁੱਚੇ ਮਸਲੇ ਦੀ ਜਾਂਚ ਦੇ ਹੁਕਮ ਦੇਣ ਦੀ ਥਾਂ ਉਹਨਾਂ ਦੀਆਂ ਗੱਲਾਂ ਉੱਤੇ ਭਰੋਸਾ ਕਰ ਲਿਆ ਹੈ।
ਇਸ ਮਸਲੇ ਬਾਰੇ ਬੋਲਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹਨਾਂ ਸਾਰੇ ਗਾਇਬ ਕੀਤੇ ਚੈਪਟਰਾਂ ਨੂੰ 12ਵੀ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚ ਮੁੜ ਸ਼ਾਮਿਲ ਕੀਤਾ ਜਾਣਾ ਬਹੁਤ ਜਰੂਰੀ ਹੈ, ਕਿਉਂਕਿ ਇੱਕ ਵਿਦਿਆਰਥੀ ਦੇ ਕਰੀਅਰ ਵਿਚ 11ਵੀਂ ਕਲਾਸ ਦੇ ਮੁਕਾਬਲੇ 12ਵੀਂ ਕਲਾਸ ਦੀ ਵਧੇਰੇ ਅਹਿਮੀਅਤ ਹੁੰਦੀ ਹੈ। ਉਹਨਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਇੱਕ ਠੋਸ ਰਣਨੀਤੀ ਉਲੀਕਾਂਗੇ ਕਿ ਗੁਰੂ ਸਾਹਿਬਾਨਾਂ ਦੀ ਇਸ ਧਰਤੀ ਉੱਤੇ ਉਹਨਾਂ ਦੁਆਰਾ ਕੀਤੇ ਮਹਾਨ ਕੰਮਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਕਾਂਗਰਸ ਸਰਕਾਰ ਸਾਡੇ ਇਤਿਹਾਸ ਨੂੰ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ ਵਿਚੋਂ ਮੇਟਣ ਦੀ ਸਾਜ਼ਿਸ਼ ਵਿਚ ਕਾਮਯਾਬ ਨਾ ਹੋਵੇ।
ਇਸ ਪਾਰਟੀ ਮੀਟਿੰਗ ਵਿਚ ਸ਼ਾਹਕੋਟ ਜ਼ਿਮਨੀ ਚੋਣ ਲਈ ਸਾਰੇ ਜ਼ੋਨ ਇੰਚਾਰਜਾਂ ਨੇ ਵੀ ਹਿੱਸਾ ਲਿਆ। ਇਸ ਮੀਟਿੰਗ ਦੌਰਾਨ ਪਾਰਟੀ ਵੱਲੋਂ 5 ਮਈ ਨੂੰ ਜ਼ਿਮਨੀ ਚੋਣ ਵਾਸਤੇ ਸ਼ਾਹਕੋਟ ਵਿਚ ਪਾਰਟੀ ਦਾ ਮੁੱਖ ਦਫਤਰ ਖੋਲਣ ਦਾ ਵੀ ਫੈਸਲਾ ਲਿਆ ਗਿਆ।ਸਾਰੇ ਜ਼ੋਨ ਇੰਚਾਰਜਾਂ ਨੂੰ 5 ਮਈ ਨੂੰ ਦਫਤਰ ਵਿਚ ਪਹੁੰਚਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਕਿ 9 ਮਈ ਨੂੰ ਸ਼ਾਹਕੋਟ ਵਿਖੇ ਇੱਕ ਵੱਡੀ ਜਨਤਕ ਰੈਲੀ ਕਰਕੇ ਪਾਰਟੀ ਦੀ ਚੋਣ ਮੁਹਿੰਮ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਐਨਕੇ ਸ਼ਰਮਾ, ਬਲਦੇਵ ਖਾਰਾ ਅਤੇ ਪਾਰਟੀ ਉਮੀਦਵਾਰ ਨਾਇਬ ਸਿੰਘ ਕੋਹਾੜ ਵੀ ਸ਼ਾਮਿਲ ਸਨ।