ਖੁਲ੍ਹ ਗਏ ਬਦਰੀਨਾਥ ਧਾਮ ਦੇ ਕਪਾਟ, ਦਰਸ਼ਨ ਕਰਨ ਪੁੱਜੇ ਸ਼ਰਧਾਲੂ

ਉਤਰਾਖੰਡ— ਸ਼ਰਧਾਲੂਆਂ ਲਈ ਬਦਰੀਨਾਥ ਮੰਦਰ ਦੇ ਕਪਾਟ ਸੋਮਵਾਰ ਨੂੰ ਖੋਲ੍ਹ ਦਿੱਤੇ ਗਏ ਹਨ। ਸੋਮਵਾਰ ਸਵੇਰੇ 4.30 ਵਜੇ ਮੰਤਰ ਜਾਪ ਅਤੇ ਆਰਮੀ ਬੈਂਡ ਵਜਾ ਕੇ ਮੰਦਰ ਦੇ ਕਪਾਟ ਖੋਲ੍ਹੇ ਗਏ। ਇਸ ਮੌਕੇ ‘ਤੇ ਚਮੋਲੀ ਦੇ ਬਦਰੀਨਾਥ ਮੰਦਰ ਨੂੰ ਬਹੁਤ ਸੁੰਦਰ ਤਰੀਕੇ ਨਾਲ ਸਜਾਇਆ ਗਿਆ। ਫੁੱਲਾਂ ਅਤੇ ਲਾਈਟਾਂ ਨਾਲ ਸਜੇ ਬਦਰੀਨਾਥ ਧਾਮ ਦੇ ਕਪਾਟ ਖੁਲ੍ਹਦੇ ਹੀ ਲੋਕਾਂ ਦੀ ਭੀੜ ਦਰਸ਼ਨ ਲਈ ਪੁੱਜੀ।
ਬਰਫਬਾਰੀ ਅਤੇ ਵਿਗੜਦੇ ਮੌਸਮ ਦੀ ਸੰਭਾਵਨਾ ਕਾਰਨ ਬਦਰੀਨਾਥ ਮੰਦਰ ਨੂੰ ਹਰ ਸਾਲ ਸਰਦੀਆਂ ਦੀ ਸ਼ੁਰੂਆਤ ਹੁੰਦੇ ਹੀ ਅਕਤੂਬਰ-ਨਵੰਬਰ ਦੇ ਵਿਚਕਾਰ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਹਰ ਸਾਲ ਗਰਮੀਆਂ ਦੀ ਸ਼ੁਰੂਆਤ ‘ਚ ਅਪ੍ਰੈਲ-ਮਈ ਵਿਚਕਾਰ ਭਗਤਾਂ ਲਈ ਖੋਲ੍ਹਿਆ ਜਾਂਦਾ ਹੈ।
ਐਤਵਾਰ 29 ਅਪ੍ਰੈਲ ਨੂੰ ਕੇਦਾਰਨਾਥ ਧਾਮ ਦੇ ਵੀ ਕਪਾਟ ਭਗਤਾਂ ਲਈ ਖੋਲ੍ਹ ਦਿੱਤੇ ਗਏ ਹਨ। ਕੇਦਾਰਨਾਥ ਧਾਮ ਨੂੰ ਇਸ ਸਾਲ ਭਗਤਾਂ ਲਈ ਵਿਸ਼ੇਸ਼ ਇੰਤਜ਼ਾਮਾਂ ਦੇ ਨਾਲ ਖੋਲ੍ਹਿਆ ਗਿਆ। ਕੇਦਾਰਨਾਥ ਧਾਮ ‘ਚ ਹਰ ਰੋਜ਼ ਆਕਰਸ਼ਣ ਲੇਜ਼ਰ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ। ਇਸ ਲੇਜ਼ਰ ਸ਼ੋਅ ਦੇ ਜ਼ਰੀਏ ਭਗਤਾਂ ਨੂੰ ਸ਼ਿਵ ਦੀ ਮਹਿਮਾ ਦਿਖਾਈ ਜਾਵੇਗੀ ਤਾਂ ਜੋ ਭਗਤਾਂ ਲਈ ਕੇਦਾਰਨਾਥ ਧਾਮ ਦੀ ਯਾਤਰਾ ਦੇ ਅਨੁਭਵ ਨੂੰ ਯਾਦਗਾਰ ਬਣਾਇਆ ਜਾ ਸਕੇ।