ਕਾਠਮੰਡੂ : ਪੂਰਬੀ ਨੇਪਾਲ ਵਿਚ ਭਾਰਤ ਵੱਲੋਂ ਵਿਕਸਿਤ ਇਕ ਪਣਬਿਜਲੀ ਪ੍ਰੋਜੈਕਟ (ਹਾਈਡ੍ਰੋਇਲੈਕਟ੍ਰਿਸਟੀ) ਦੇ ਦਫਤਰ ਵਿਚ ਬੰਬ ਧਮਾਕਾ ਹੋਇਆ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਹੀ ਹਫਤਿਆਂ ਵਿਚ ਇਸ ਦਾ ਨੀਂਹ ਪੱਥਰ ਰੱਖਣ ਲਈ ਜਾਣ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਇਹ ਘਟਨਾ ਸਾਹਮਣੇ ਆਈ ਹੈ। ਨੇਪਾਲ ਦੇ ਸੰਖੁਵਾਸਭਾ ਜ਼ਿਲੇ ਦੇ ਮੁੱਖ ਜ਼ਿਲਾ ਅਧਿਕਾਰੀ ਸ਼ਿਵਰਾਜ ਜੋਸ਼ੀ ਨੇ ਦੱਸਿਆ ਕਿ ਧਮਾਕੇ ਨਾਲ ਇਸ ਪ੍ਰੋਜੈਕਟ ਦੇ ਦਫਤਰ ਦੀ ਚਾਰਦੀਵਾਰੀ ਨਸ਼ਟ ਹੋ ਗਈ ਹੈ। 900 ਮੈਗਾਵਾਟ ਦੀ ਸਮਰੱਥਾ ਦੇ ਅਰੂਣ-3 ਪਣਬਿਜਲੀ ਪਲਾਂਟ ਦਾ ਦਫਤਰ ਕਾਠਮੰਡੂ ਤੋਂ 500 ਕਿਲੋਮੀਟਰ ਦੂਰ ਖਾਂਡਬਰੀ-9 ਤੁਮਲਿੰਗਟਰ ਵਿਚ ਸਥਿਤ ਹੈ। ਇਸ ਪ੍ਰੋਜੈਕਟ ਦੇ ਸਾਲ 2020 ਤੱਕ ਚਾਲੂ ਹੋਣ ਦੀ ਸੰਭਾਵਨਾ ਹੈ।
ਇਹ ਧਮਾਕਾ ਅਜਿਹੇ ਸਮੇਂ ਵਿਚ ਹੋਇਆ ਹੈ, ਜਦੋਂ ਮੋਦੀ ਜੀ ਨੇ 11 ਮਈ ਨੂੰ ਆਪਣੀ ਅਧਿਕਾਰਿਕ ਨੇਪਾਲ ਯਾਤਰਾ ਦੌਰਾਨ ਇਸ ਦਾ ਨੀਂਹ ਪੱਥਰ ਰੱਖਣ ਜਾਣਾ ਹੈ। ਅਧਿਕਾਰੀ ਨੇ ਕਿਹਾ ਕਿ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ ਅਤੇ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਹਾਲਾਂਕਿ ਹਾਲੇ ਤੱਕ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਰੂਣ-3 ਪ੍ਰੋਜੈਕਟ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਉਸ ਸਮੇਂ ਦੇ ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਦੀ ਮੌਜੂਦਗੀ ਵਿਚ 25 ਨਵੰਬਰ 2014 ਨੂੰ ਪ੍ਰੋਜੈਕਟ ਵਿਕਾਸ ਸਮਝੌਤੇ ‘ਤੇ ਦਸਤਖਤ ਕੀਤੇ ਗਏ ਸਨ। ਭਾਰਤ ਵੱਲੋਂ ਇਸ ਸਮਝੌਤੇ ‘ਤੇ ਵਿਚ ਜਨਤਕ ਖੇਤਰ ਦੇ ਸਤਲੁਜ ਜਲ ਬਿਜਲੀ ਵਿਭਾਗ ਨੇ ਦਸਤਖਤ ਕੀਤੇ ਸਨ। ਨੇਪਾਲ ਵਿਚ ਇਕ ਮਹੀਨੇ ਦੇ ਅੰਦਰ ਕਿਸੇ ਭਾਰਤੀ ਸੰਪੱਤੀ ‘ਤੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਵਿਰਾਟਨਗਰ ਵਿਚ ਭਾਰਤੀ ਦੂਤਘਰ ਦੇ ਖੇਤਰੀ ਦਫਤਰ ਨੇੜੇ ਪ੍ਰੈਸ਼ਰ ਕੁੱਕਰ ਬੰਬ ਧਮਾਕਾ ਹੋਇਆ ਸੀ, ਜਿਸ ਨਾਲ ਇਸ ਦੇ ਕੰਪਲੈਕਸ ਦੀਆਂ ਕੰਧਾਂ ਨਸ਼ਟ ਹੋ ਗਈਆਂ ਸਨ।