ਫਗਵਾੜਾ/ਲੁਧਿਆਣਾ : ਫਗਵਾੜਾ ‘ਚ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਣ ਨੂੰ ਲੈ ਕੇ 13 ਅਪ੍ਰੈਲ ਦੇਰ ਰਾਤ ਜਨਰਲ ਭਾਈਚਾਰੇ ਅਤੇ ਦਲਿਤ ਭਾਈਚਾਰੇ ‘ਚ ਪੈਦਾ ਹੋਏ ਵਿਵਾਦ ਦੌਰਾਨ ਭੜਾਕੀ ਹਿੰਸਾ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਦਲਿਤ ਨੌਜਵਾਨ ਯਸ਼ਵੰਤ ਉਰਫ ਬੌਬੀ ਨੇ ਸ਼ਨੀਵਾਰ ਦੇਰ ਰਾਤ ਦਮ ਤੌੜ ਦਿੱਤਾ। ਅੱਜ ਸਵੇਰੇ ਉਸ ਦਾ ਫਗਵਾੜਾ ਦੇ ਬੰਗਾ ਰੋਡ ‘ਤੇ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਦਲਿਤ ਆਗੂ ਰਾਜਪਾਲ ਘਈ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਫਗਵਾੜਾ ‘ਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਨੂੰ ਧਿਆਨ ‘ਚ ਰੱਖਦੇ ਹੋਏ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਇਥੇ ਭਾਰੀ ਗਿਣਤੀ ‘ਚ ਪੁਲਸ ਦੀ ਤਾਇਨਾਤੀ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਕਪੂਰਥਲਾ ‘ਚ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਲੁਧਿਆਣਾ-ਫਗਵਾੜਾ ਨੈਸ਼ਨਲ ਹਾਈਵੇਅ ਵੀ ਬੰਦ ਕਰ ਦਿੱਤਾ ਗਿਆ ਹੈ। ਬੌਬੀ 16 ਦਿਨਾਂ ਤੋਂ ਲੁਧਿਆਣਾ ਦੇ ਡੀ. ਐੱਮ. ਸੀ. ‘ਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਸੀ। ਜਿਉਂ ਹੀ ਬੌਬੀ ਦੀ ਮ੍ਰਿਤਕ ਦੇਹ ਐਤਵਾਰ ਸਵੇਰੇ 10 ਵਜੇ ਭਗਵਾਨ ਸ਼੍ਰੀ ਵਾਲਮੀਕਿ ਚੌਕ ਵਿਖੇ ਪੁੱਜੀ ਤਾਂ ਉਸ ਦੇ ਪਰਿਵਾਰ ਦੇ ਜੀਆਂ, ਰਿਸ਼ਤੇਦਾਰਾਂ ਅਤੇ ਸ਼ੁੱਭ ਚਿੰਤਕਾਂ ਦੀਆਂ ਅਸਮਾਨ ਨੂੰ ਚੀਰਨ ਵਾਲੀਆਂ ਭੁੱਬਾ ਨਿਕਲ ਪਈਆਂ। ਮ੍ਰਿਤਕ ਦੀ ਦਾਦੀ ਸੰਤੋਸ਼, ਮਾਤਾ ਰਜਨੀ, ਮਾਸੀ ਨੀਲਮ ਅਤੇ ਭੂਆ ਅੰਜੂ ਤਾਂ ਬੇਹੋਸ਼ ਹੀ ਹੋ ਗਈਆਂ। ਦੇਹ ਨੂੰ ਪਹਿਲਾ ਭਗਵਾਨ ਵਾਲਮੀਕੀ ਚੌਂਕ, ਫਿਰ ਭਗਵਾਨ ਵਾਲਮੀਕਿ ਧਰਮਸ਼ਾਲਾ ਵਿਖੇ ਦਰਸ਼ਨਾਂ ਲਈ ਰੱਖਿਆ ਗਿਆ ਅਤੇ ਇਸ ਤੋਂ ਬਾਅਦ ਉਸ ਦੇ ਜੱਦੀ ਘਰ ਲਿਜਾਇਆ ਗਿਆ। ਇਸ ਉਪਰੰਤ ਜਦੋਂ ਵਾਲਮੀਕਿ ਮੁਹੱਲੇ ਤੋਂ ਦੇਹ ਸੁਭਾਸ਼ ਨਗਰ ਵਾਲੇ ਪਾਸੇ ਲਿਆਂਦੀ ਗਈ ਤਾਂ ਅਰਥੀ ਨਾਲ ਜਾ ਰਹੇ ਕੁਝ ਨੌਜਵਾਨ ਜ਼ੋਰਦਾਰ ਨਾਅਰੇਬਾਜ਼ੀ ਕਰਨ ਲੱਗ ਪਏ ਅਤੇ 10-15 ਮਿੰਟ ਤੱਕ ਦੇਹ ਨੂੰ ਇਕੋਂ ਥਾਂ ਲੈ ਕੇ ਖੜ੍ਹੇ ਰਹੇ। ਉਹ ਮੰਗ ਕਰ ਰਹੇ ਸਨ ਕਿ ਗੋਲ ਚੌਕ ਦਾ ਨਾਮ ਅੱਜ ਹੀ ਸੰਵਿਧਾਨ ਚੌਕ ਰੱਖਿਆ ਜਾਵੇ ਅਤੇ ਨਾਲ ਹੀ ਇਸ ਉਪਰੰਤ ਸ਼ਹੀਦ ਬੌਬੀ ਚੌਕ ਵੀ ਲਿਖਿਆ ਜਾਵੇ। ਕੁਝ ਆਗੂਆਂ ਵੱਲੋਂ ਮਨਾਏ ਜਾਣ ਤੋਂ ਬਾਅਦ ਇਹ ਨੌਜਵਾਨ ਅੱਗੇ ਤੁਰ ਪਏ ਪਰ ਫਿਰ ਬੰਗਾ ਰੋਡ ‘ਤੇ ਭਗਵਾਨ ਸ਼੍ਰੀ ਵਾਲਮੀਕਿ ਮੰਦਿਰ ਸਾਹਮਣੇ ਦੇਹ ਦਾ ਮੱਥਾ ਟਕਾਉਣ ਉਪਰੰਤ ਫਿਰ ਨਾਅਰੇਬਾਜ਼ੀ ਕਰਨ ਲੱਗ ਪਏ ਅਤੇ ਆਪਣੀ ਉਪਰੋਕਤ ਮੰਗ ‘ਤੇ ਫਿਰ ਅੜ੍ਹ ਗਏ। ਇਕ ਸਮੇਂ ਤਾਂ ਇਹ ਨੌਜਵਾਨਾਂ ਨੇ ਪਿੱਛੇ ਵੱਲ ਨੂੰ ਮੁੜ ਕੇ ਸ਼ਹਿਰ ਵੱਲ ਨੂੰ ਰੁੱਖ ਕਰ ਲਿਆ ਤਾਂ ਕਿ ਗੌਲ ਚੌਕ ਵੱਲ ਜਾਇਆ ਜਾ ਸਕੇ ਪਰ ਭਾਰੀ ਫੋਰਸ ਦੀ ਮੌਜੂਦਗੀ ਹੋਣ ਕਾਰਨ ਇਹ ਅਜਿਹਾ ਨਾ ਕਰ ਸਕੇ। ਏ. ਆਈ. ਜੀ. ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਹਾਂਪੱਖੀ ਜਵਾਬ ਦਿੱਤੇ ਜਾਣ ਉਪਰੰਤ ਇਹ ਨੌਜਵਾਨ ਅਰਥੀ ਨੂੰ ਲੈ ਕੇ ਬੰਗਾ ਰੋਡ ਦੇ ਸ਼ਮਸ਼ਾਨਘਾਟ ਵੱਲ ਚੱਲ ਪਏ। ਸ਼ਮਸ਼ਾਨਘਾਟ ਵਿਖੇ ਬੋਬੀ ਦੇ ਛੋਟੇ (12 ਸਾਲਾ) ਭਰਾ ਤਾਨਿਸ਼ ਨੇ ਆਪਣੇ ਵੱਡੇ ਭਰਾ ਦੀ ਚਿਖਾ ਨੂੰ ਅਗਨੀ ਦਿਖਾਈ। ਇਸ ਦੌਰਾਨ ਮਾਹੌਲ ਕਾਫੀ ਗਮਗੀਨ ਸੀ।
ਬੌਬੀ ਤੇਰਾ ਨਾਮ ਰਹੇਗਾ: ਨੌਜਵਾਨਾਂ ਨੇ, ‘ਬੌਬੀ ਤੇਰੀ ਸੋਚ ‘ਤੇ, ਪਹਿਰਾ ਦਿਆਗੇਂ ਠੋਕ ਕੇ’, ‘ਜਬ ਤੱਕ ਸੂਰਜ ਚਾਂਦ ਰਹੇਗਾ, ਬੌਬੀ ਤੇਰਾ ਨਾਮ ਰਹੇਗਾ’ ਆਦਿ ਨਾਅਰੇ ਲਗਾਏ।
ਇਸ ਮੌਕੇ ਪੰਜਾਬ ਸਰਕਾਰ ਵੱਲੋਂ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ, ਫਗਵਾੜਾ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਮਾਨ ਨੇ ਮ੍ਰਿਤਕ ਦੀ ਦੇਹ ਉੱਪਰ ਫੁੱਲ ਮਾਲਾਵਾਂ ਚੜ੍ਹਾਈਆਂ। ਕਪੂਰਥਲਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਈਅਬ, ਐੱਸ. ਐੱਸ. ਪੀ. ਸੰਦੀਪ ਸ਼ਰਮਾ, ਏ. ਡੀ. ਸੀ. ਬਬਿਤਾ ਕਲੇਰ, ਐੱਸ. ਡੀ. ਐੱਮ ਜੋਤੀ ਬਾਲਾ, ਪੰਜਾਬ ਬਸਪਾ ਦੇ ਪ੍ਰਧਾਨ ਰਸ਼ਪਾਲ ਸਿੰਘ ਰਾਜੂ, ਆਦਮਪੁਰ ਤੋਂ ਅਕਾਲੀ ਵਿਧਾਇਕ ਪਵਨ ਟੀਨੂੰ, ਸਾਬਕਾ ਵਿਧਾਇਕ ਮੋਹਨ ਲਾਲ ਨੇ ਵੀ ਫੁੱਲ ਮਲਾਵਾਂ ਚੜ੍ਹਾਈਆਂ।
ਅੰਤਿਮ ਸੰਸਕਾਰ ਮੌਕੇ ਵਾਲਮੀਕਿ ਭਾਈਚਾਰੇ ਦੇ ਪ੍ਰਮੁੱਖ ਆਗੂ ਧਰਮਵੀਰ ਸੇਠੀ, ਰਾਜਪਾਲ ਘਈ, ਪਵਨ ਕੁਮਾਰ ਸੇਠੀ, ਸਤੀਸ਼ ਸਲਹੋਤਰਾ, ਮਹਿੰਦਰਪਾਲ ਥਾਪਰ, ਕੌਂਸਲਰ ਸੰਜੀਵ ਬੁੱਗਾ, ਲੋਕ ਇਨਸਾਫ ਪਾਰਟੀ ਦੇ ਆਗੂ ਜਰਨੈਲ ਨੰਗਲ, ਅੰਬੇਦਕਰ ਸੈਨਾ ਮੂਲ ਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ ਵੀ ਸ਼ਾਮਲ ਸਨ।
ਪੁਲਸ ਵੱਲੋਂ ਸੁਰੱਖਿਆ ਦੇ ਕਰੜੇ ਸਨ ਪ੍ਰਬੰਧ: ਪੰਜਾਬ ਪੁਲਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਸਨ। ਪੰਜ ਹਜ਼ਾਰ ਦੇ ਕਰੀਬ ਪੰਜਾਬ ਪੁਲਸ ਦੇ ਪੰਜਾਬ ਭਰ ਤੋਂ ਕਰਮਚਾਰੀ, ਬੀ. ਐੱਸ. ਐੱਫ. ਦੇ ਜੁਆਨ, ਰੈਪਿੰਡ ਐਕਸ਼ਨ ਫੋਰਸ, ਐਟੀਰਾਇਟ ਪੁਲਸ, ਮਹਿਲਾ ਪੁਲਸ ਬੁਲਾਏ ਹੋਏ ਸਨ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਿੱਪਟਣ ਲਈ ਪਾਣੀ ਦੀਆਂ ਦੰਗਾ ਰੋਕੂ ਵਾਹਨ ਵੀ ਤਾਇਨਾਤ ਸਨ। ਡਰੋਨ ਕੈਮਰਿਆਂ ਨਾਲ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਜੋ 13 ਅਪਰੈਲ ਤੋਂ ਹੀ ਫਗਵਾੜਾ ‘ਚ ਸਥਿਤੀ ਦਾ ਜਾਇਜਾ ਲੈ ਰਹੇ ਸਨ। ਇਨ੍ਹਾਂ ਤੋਂ ਇਲਾਵਾ 35 ਐੱਸ. ਪੀ. ਅਤੇ ਡੀ. ਐੱਸ. ਪੀ. ਅਤੇ 35 ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਸਨ। ਜਲੰਧਰ ਜੋਨ ਦੇ ਆਈ. ਜੀ. ਨੋਨਿਹਾਲ ਸਿੰਘ ਜੋ ਲਗਭਗ ਹਰ ਰੋਜ਼ ਫਗਵਾੜਾ ਦਾ ਦੌਰਾ ਕਰਦੇ ਹਨ ਅਤੇ ਸੀਨੀਅਰ ਅਫਸਰਾਂ ਅਤੇ ਸ਼ਹਿਰੀਆਂ ਨਾਲ ਮੀਟਿੰਗਾਂ ਕਰਦੇ ਆ ਰਹੇ ਹਨ ਵੀ ਸਥਿਤੀ ਦਾ ਜਾਇਜ਼ਾ ਰੱਖ ਰਹੇ ਸਨ।
ਸ਼ਹਿਰ ਕੀਤਾ ਰਿਹਾ ਪੂਰੀ ਤਰ੍ਹਾਂ ਸੀਲ: ਇਸੇ ਦੌਰਾਨ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਰਸਤੇ ਪੂਰਨ ਤੌਰ ‘ਤੇ ਬੰਦ ਕਰ ਦਿੱਤੇ ਗਏ ਸਨ ਅਤੇ ਸੁਰੱਖਿਆ ਦਸਤਿਆਂ ਨੇ ਸ਼ਹਿਰ ਦੀ ਲਗਭਗ ਕਿਲ੍ਹਾਬੰਦੀ ਕੀਤੀ ਹੋਈ ਸੀ।
ਕੁਝ ਨੌਜਵਾਨਾਂ ਨੇ ਅੰਤਿਮ ਸੰਸਕਾਰ ਉਪਰੰਤ ਵਾਪਸ ਮੁੜਦਿਆਂ ਗੋਲ ਚੌਕ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਰਾਣੇ ਸਿਵਲ ਹਸਪਤਾਲ ਕੋਲ ਭਾਰੀ ਗਿਣਤੀ ‘ਚ ਤਾਇਨਾਤ ਕੀਤੀ ਗਈ ਪੁਲਸ ਫੋਰਸ ਨੇ ਉਨ੍ਹਾਂ ਨੂੰ ਅੱਗੇ ਨਾ ਵੱਧਣ ਦਿੱਤਾ। ਇਸ ਦੌਰਾਨ ਹਲਕੀ ਧੱਕਾ ਮੁੱਕੀ ਵੀ ਹੋਈ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਫਗਵਾੜਾ ‘ਚ ਸਥਿਤ ਗੋਲ ਚੌਂਕ ਦਾ ਨਾਂ ਬਦਲ ਕੇ ਸੰਵਿਧਾਨ ਚੌਂਕ ਰੱਖਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਜਨਰਲ ਸਮਾਜ ਅਤੇ ਦਲਿਤ ਸਮਾਜ ਦੇ ਲੋਕਾਂ ‘ਚ ਵਿਵਾਦ ਸ਼ੁਰੂ ਹੋ ਗਿਆ।
ਮੁਲਜ਼ਮਾਂ ਦੇ ਵਿਰੁੱਧ ਧਾਰਾ 302 ਦਾ ਵਾਧਾ: ਐੱਸ. ਐੱਸ. ਪੀ.
ਇਸੇ ਦੌਰਾਨ ਬੌਬੀ ਦੀ ਮੌਤ ਉਪਰੰਤ ਵਿਰੋਧੀ ਧਿਰ ਦੇ 16 ਨਾਮਜ਼ਦ ਵਿਅਕਤੀਆਂ ਵਿਰੁੱਧ ਵੱਖਰੋਂ ਵੱਖਰੀਆਂ ਧਾਰਾਵਾ ਤਹਿਤ ਦਰਜ ਕੀਤੇ ਕੇਸਾਂ ‘ਚ ਧਾਰਾ 302 (ਕਤਲ ਦੀ ਸਜਾ) ਆਈ. ਪੀ. ਸੀ. ਦਾ ਜੁਰਮ ਵਾਧਾ ਕੀਤਾ ਗਿਆ ਹੈ। ਕਪੂਰਥਲਾ ਦੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਫਿਲਹਾਲ ਅਜੇ ਦਫਾ ਸਾਰੇ ਨਾਮਜ਼ਦ ਦੋਸ਼ੀਆਂ ਵਿਰੁੱਧ ਲਗਾਈ ਜਾਵੇਗੀ ਪਰ ਚਾਰਜਸ਼ੀਟ ਅਤੇ ਚਾਲਾਨ ਪੇਸ਼ ਕਰਨ ਉਪਰੰਤ ਫੋਰੈਂਸਿਕ ਮਾਹਿਰਾਂ ਦੀ ਰਾਏ ਮਗਰੋਂ ਜਿਸ ਦੋਸ਼ੀ ਵੱਲੋਂ ਵੀ ਗੋਲੀ ਚਲਾਈ ਹੋਵੇਗੀ ਉਸ ਉਪਰੰਤ ਇਹ ਧਾਰਾ ਆਦਿ ਹੋਵੇਗੀ।
ਸੁੰਨਮਸਾਨ ਰਿਹਾ ਜੀ. ਟੀ. ਰੋਡ: ਗੋਲੀ ਕਾਂਡ ਦੇ ਮਾਮਲੇ ‘ਚ ਐਤਵਾਰ ਪੁਲਸ ਵੱਲੋਂ ਜੀ. ਟੀ. ਰੋਡ. ਬੰਦ ਰੱਖਿਆ ਗਿਆ ਜਿਸ ਦੇ ਚੱਲਦਿਆਂ ਸੜਕ ‘ਤੇ ਪੂਰੀ ਤਰ੍ਹਾਂ ਸੁੰਨਮਸਾਨ ਰਹੀ।