10 ਸਾਲਾਂ ਤਕ ਪੜ੍ਹਾਈ ਤੇ ਬੱਚੇ ਤੋਂ ਅਲੱਗ ਰਹਿ ਕੇ IAS ਬਣੀ ਅਨੂੰ ਕੁਮਾਰੀ

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਔਖੇ ਮੰਨੇ ਜਾਂਦੇ ਇਮਤਿਹਾਨ UPSC ਦੀ ਸਿਵਲ ਸੇਵਾ ਪ੍ਰੀਖਿਆ ਵਿੱਚੋਂ ਹਰਿਆਣਾ ਦੀ ਅਨੂੰ ਕੁਮਾਰੀ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਮਹਿਲਾ ਕੈਂਡੀਡੇਟਸ ਵਿੱਚੋਂ ਅਨੂੰ ਪਹਿਲੇ ਸਥਾਨ ’ਤੇ ਰਹੀ। ਐਮਬੀਏ ਤੋਂ ਬਾਅਦ ਉਸ ਨੇ 9 ਸਾਲਾਂ ਤਕ ਨੌਕਰੀ ਕੀਤੀ। ਇਸ ਦੌਰਾਨ ਉਸ ਨੂੰ ਪੜ੍ਹਾਈ ਛੱਡਣੀ ਪਈ। ਵਿਆਹ ਨਾਲ ਘਰੇਲੂ ਜ਼ਿੰਮੇਵਾਰੀਆਂ ਵੀ ਵਧੀਆਂ। ਉਹ ਬੱਚੇ ਦੀ ਮਾਂ ਵੀ ਬਣੀ ਪਰ 10 ਸਾਲਾਂ ਬਾਅਦ ਉਸ ਨੇ IAS ਬਣਨ ਲੀ ਇੱਕ ਵਾਰ ਫਿਰ ਪੜ੍ਹਨ ਵੱਲ ਰੁਖ਼ ਕਰ ਲਿਆ।

ਅਨੂ ਨੇ ਦੱਸਿਆ ਕਿ 10 ਸਾਲਾਂ ਬਾਅਦ ਦੁਬਾਰਾ ਪੜ੍ਹਾਈ ਵੱਲ ਮੁੜਨ ਉਸ ਲਈ ਇੰਨਾ ਆਸਾਨ ਨਹੀਂ ਸੀ। ਉਸ ਨੇ ਆਪਣੇ ਛੋਟੇ ਬੇਟੇ ਨੂੰ ਆਪਣੀ ਮਾਂ ਕੋਲ ਛੱਡ ਦਿੱਤਾ ਤੇ ਪੜ੍ਹਾਈ ਲਈ ਆਪਣੀ ਮਾਸੀ ਦੇ ਘਰ ਆ ਗਈ। ਇੱਥੇ ਰਹਿੰਦਿਆਂ ਹੀ ਉਸ ਨੇ IAS ਦਾ ਪੂਰੀ ਤਿਆਰੀ ਕੀਤੀ। ਗੱਲਬਾਤ ਦੌਰਾਨ ਅਨੂੰ ਨੇ ਦੱਸਿਆ ਕਿ ਉਹ ਰੋਜ਼ਾਨਾ 12 ਤੋਂ 14 ਘੰਟੇ ਪੜ੍ਹਾਈ ਕਰਦੀ ਸੀ। ਉਹ ਸਿਰਫ਼ 10 ਤੋਂ 4 ਵਜੇ ਤਕ ਸੌਂਦੀ ਸੀ ਤੇ ਸਵੇਰੇ ਉੱਠ ਕੇ ਲਗਾਤਾਰ ਪੜ੍ਹਦੀ ਸੀ।

ਅਨੂੰ ਨੇ ਦੱਸਿਆ ਕਿ ਪਹਿਲਾਂ ਵੀ ਉਸ ਦੇ ਭਰਾ ਨੇ ਉਸ ਦਾ ਫਾਰਮ ਭਰ ਦਿੱਤਾ ਸੀ। ਉਸ ਵੇਲੇ ਉਸ ਨੇ ਸਿਰਫ਼ ਡੇਢ ਮਹੀਨਾ ਪੜ੍ਹ ਕੇ ਯੂਪੀਐਸਸੀ ਦਾ ਇਮਤਿਹਾਨ ਦਿੱਤਾ ਸੀ ਪਰ ਮਹਿਜ਼ ਇੱਕ ਅੰਕ ਘੱਟ ਹੋਣ ਕਰ ਕੇ ਉਹ ਪਾਸ ਨਾ ਹੋ ਸਕੀ।

ਦਿੱਲੀ ਯੂਨੀਵਰਸਿਟੀ ਵਿੱਚੋਂ ਫਿਜ਼ਿਕਸ ਦੀ ਬੀਐਸਸੀ ਤੇ ਆਈਐਮਟੀ ਨਾਗਪੁਰ ਤੋਂ ਐਮਬੀਏ (ਫਾਈਨਾਂਸ ਤੇ ਮਾਰਕਟਿੰਗ) ਕਰਨ ਪਿੱਛੋਂ ਅਨੂੰ ਨੇ ਕਰੀਬ 9 ਸਾਲਾਂ ਤਕ ਨੌਕਰੀ ਕੀਤੀ। ਏਬੀਪੀ ਨਾਲ ਇੰਟਰਵਿਊ ਦੌਰਾਨ ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਲਈ ਮੁਸ਼ਕਿਲਾਂ ਬਹੁਤ ਵਧ ਗਈਆਂ ਸਨ ਪਰ ਉਸ ਦੇ ਪਰਿਵਾਰ ਨੇ ਉਸ ਦਾ ਪੂਰਾ ਸਮਰਥਨ ਕੀਤਾ। ਉਸ ਨੇ ਕਿਹਾ ਕਿ ਉਸ ਦੇ ਪਿਤਾ ਨੇ ਉਸ ਦਾ ਸਭ ਤੋਂ ਜ਼ਿਆਦਾ ਸਾਥ ਦਿੱਤਾ। ਇਸ ਦੌਰਾਨ ਉਸ ਨੇ ਹਰਿਆਣਾ ਤੇ ਦੇਸ਼ ਦੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਜ਼ਰੂਰ ਪੜ੍ਹਾਉਣ।