ਸਿੱਖਿਆ ਬੋਰਡ ਦੀ ‘ਇਤਿਹਾਸਕ ਛੇੜਛਾੜ’ ਤੋਂ ਅਣਜਾਣ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ


ਅੰਮ੍ਰਿਤਸਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਵਿੱਚੋਂ ਸਿੱਖ ਗੁਰੂ ਸਾਹਿਬਾਨ ਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸਬੰਧਿਤ ਸਿਲੇਬਸ ਖ਼ਤਮ ਕੀਤੇ ਜਾਣ ਤੋਂ ਸਕੂਲ ਸਿੱਖਿਆ ਮੰਤਰੀ ਹਾਲੇ ਅਣਜਾਣ ਹਨ। ਨਾਲ ਹੀ ਉਨ੍ਹਾਂ ਇਸ ਤਬਦੀਲੀ ਨੂੰ ਗ਼ਲਤੀ ਵੀ ਮੰਨਿਆ।

ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਉਨ੍ਹਾਂ ਹਾਲੇ 3-4 ਦਿਨ ਪਹਿਲਾਂ ਹੀ ਆਪਣਾ ਅਹੁਦਾ ਸੰਭਾਲਿਆ ਹੈ ਅਤੇ ਮੀਡੀਆ ਰਾਹੀਂ ਇਸ ਮੁੱਦੇ ਦਾ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਛੇਤੀ ਹੀ ਦਰੁਸਤ ਕਰ ਲਿਆ ਜਾਵੇਗਾ ਕਿਉਂਕਿ ਗੁਰੂ ਸਾਹਿਬਾਨ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਸਾਡਾ ਅਮੀਰ ਇਤਿਹਾਸ ਹੈ। ਮੰਤਰੀ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਇਸ ਗਲਤੀ ਨੂੰ ਜਲਦ ਹੀ ਠੀਕ ਕਰ ਲਿਆ ਜਾਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਜਨਰਲ ਸੁਖਦੇਵ ਸਿੰਘ ਭੌਰ ਨੇ ਇਸ ਤਬਦੀਲੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਹੀ ਨਹੀਂ ਬਲਕਿ ਭਾਰਤ ਦੇ ਇਤਿਹਾਸ ਵਿੱਚੋਂ ਸਿੱਖਾਂ ਦੀ ਇਤਿਹਾਸ ਕੱਢਿਆ ਨਹੀਂ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਇਤਿਹਾਸ ਮਨਫ਼ੀ ਕਰ ਕੇ ਸਖੀ ਸਰਵਰ ਤੇ ਲੱਖ ਦਾਤਾ ਨੂੰ ਸਿਲੇਬਸਸ ਵਿੱਚ ਸ਼ਾਮਲ ਕਰਨਾ ਬਹੁਤ ਹੀ ਹੈਰਾਨੀਜਨਕ ਹੈ।

ਸਿੱਖਿਆ ਬੋਰਡ ਵੱਲੋਂ ਕੀਤੇ ਇਸ ਬਦਲਾਅ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਸਖ਼ਤ ਇਤਰਾਜ਼ ਜਤਾਇਆ ਤੇ ਮੁੱਖ ਮੰਤਰੀ ਨੂੰ ਇਸ ਮਸਲੇ ਵਿੱਚ ਦਖ਼ਲ ਦੇਣ ਤੇ ਛੇਤੀ ਹੱਲ ਕੱਢਣ ਦੀ ਅਪੀਲ ਵੀ ਕੀਤੀ।