ਪਸ਼ੂ ਪਾਲਣ ਤੇ ਡੇਅਰੀ ਜ਼ਰੀਏ ਮੁੜ ਖ਼ੁਸ਼ਹਾਲ ਹੋਵੇਗਾ ਪੰਜਾਬ : ਸਿੱਧੂ

ਐਸ.ਏ.ਐਸ ਨਗਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਜ਼ਰੀਏ ਪੰਜਾਬ ਨੂੰ ਮੁੜ ਅੱਵਲ ਦਰਜੇ ਦਾ ਸੂਬਾ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਜਾਵੇਗਾ ਅਤੇ ਸੂਬੇ ਦੇ ਹਰ ਕਿਰਤੀ ਨੂੰ ਨਿਯਮਾਂ ਮੁਤਾਬਕ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਦਿੱਤਾ ਜਾਵੇਗਾ। ਕਣਕ ਤੇ ਝੋਨੇ ਦੇ ਰਿਵਾਇਤੀ ਫ਼ਸਲੀ ਚੱਕਰ ਵਿੱਚ ਫਸੇ ਕਿਸਾਨਾਂ ਨੂੰ ਖੁਸ਼ਹਾਲ ਕਰਨ ਅਤੇ ਪੰਜਾਬ ਦੀ ਚਹੁੰਮੁਖੀ ਤਰੱਕੀ ਲਈ ਪਸ਼ੂ ਪਾਲਣ ਅਤੇ ਡੇਅਰੀ ਧੰਦਾ ਸਹਾਈ ਸਿੱਧ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਨੇੜਲੇ ਪਿੰਡ ਬਠਲਾਣਾ ਵਿੱਚ ਠੇਕੇਦਾਰ ਮੋਹਣ ਸਿੰਘ ਬਠਲਾਣਾ ਦੀ ਅਗਵਾਈ ਹੇਠ ਹਲਕੇ ਦੇ ਲੋਕਾਂ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਕਰਨ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਐਸ.ਏ.ਐਸ ਨਗਰ ਇਲਾਕੇ ਦੇ ਵਸਨੀਕਾਂ ਵੱਲੋਂ ਤਿੰਨ ਵਾਰ ਵਿਧਾਇਕ ਬਣਾਏ ਜਾਣ ਸਬੰਧੀ ਉਨ੍ਹਾਂ ਦਾ ਧੰਨਵਾਦ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੇ ਸਹਿਯੋਗ ਦੀ ਬਦਲੌਤ ਹੀ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਰੂਪ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ, ਜਿਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤੇ ਜਾਣ ਸਬੰਧੀ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਵਿਭਾਗ ਉਨ੍ਹਾਂ ਨੂੰ ਸੌਂਪੇ ਗਏ ਹਨ, ਉਹ ਵਿਭਾਗ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਅਹਿਮ ਯੋਗਦਾਨ ਪਾਉਣਗੇ। ਸ. ਸਿੱਧੂ ਨੇ ਆਖਿਆ ਕਿ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਜੋ ਵਾਅਦਾ ਕੀਤਾ ਹੈ, ਉਹ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਡੇਅਰੀ ਅਤੇ ਪਸ਼ੂ ਪਾਲਣ ਅਜਿਹੇ ਧੰਦੇ ਹਨ, ਜਿਨ੍ਹਾਂ ਵਿੱਚ ਰੁਜ਼ਗਾਰ ਦੇ ਅਥਾਹ ਮੌਕੇ ਮੌਜੂਦ ਹਨ। ਸੂਬੇ ਵਿੱਚ ਇਨ੍ਹਾਂ ਦੋਵਾਂ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਜਿਨ੍ਹਾਂ ਨੂੰ ਛੇਤੀ ਹੀ ਅਮਲੀ ਰੂਪ ਦਿੱਤਾ ਜਾਵੇਗਾ। ਇਨ੍ਹਾਂ ਯੋਜਨਾਵਾਂ ਤਹਤਿ ਹੀ ਮੋਹਾਲੀ ਵਿਖੇ ਬੱਕਰੀਆਂ ਦਾ ਇੱਕ ਵਿਸ਼ੇਸ਼ ਫਾਰਮ ਵੀ ਬਣਾਇਆ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਅਜਿਹੇ ਵੱਖ ਵੱਖ ਪਰਿਵਾਰਾਂ ਦੀਆਂ ਮਿਸਾਲਾਂ ਵੀ ਦਿੱਤੀਆਂ, ਜਿਹੜੇ ਡੇਅਰੀ ਦੇ ਧੰਦੇ ਵਿੱਚੋਂ ਵੱਡੇ ਪੱਧਰ ‘ਤੇ ਮੁਨਾਫਾ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਇਮਾਨਦਾਰੀ ਦੇ ਨੇਕ ਨੀਅਤ ਨਾਲ ਹੀ ਕਾਮਯਾਬੀ ਹਾਸਲ ਹੁੰਦੀ ਹੈ। ਜਿਹੜੇ ਲੋਕ ਡੇਅਰੀ ਦੇ ਖੇਤਰ ਵਿੱਚ ਮਿਆਰੀ ਉਤਪਾਦ ਤਿਆਰ ਕਰ ਰਹੇ ਹਨ, ਉਨ੍ਹਾਂ ਦਾ ਮੁਨਾਫ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਕਾਮਿਆਂ ਲਈ ਵਿਸ਼ੇਸ਼ ਸਕੀਮਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਤਹਿਤ ਕਾਮਿਆਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਧੀਆਂ ਦੇ ਵਿਆਹ ਸਬੰਧੀ ਸਹਾਇਤਾ ਅਤੇ ਬੀਮਾ ਆਦਿ ਦੀ ਸਹੂਲਤ ਦਿੱਤੀ ਜਾਂਦੀ ਹੈ ਇਹ ਸਹੂਲਤਾਂ ਲੈਣ ਲਈ ਰਜਿਸਟਰਡ ਹੋਣਾ ਜਰੂਰੀ ਹੈ। ਸੂਬੇ ਦੇ ਹਰ ਰਜਿਸਟਰਡ ਕਿਰਤੀ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇਗਾ। ਮੋਹਾਲੀ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਸਬੰਧੀ ਵੀ ਹਲਕੇ ਦਾ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਸਦਕਾ ਹੀ ਇਹ ਕਾਲਜ ਮੋਹਾਲੀ ਵਿਖੇ ਬਣਨ ਜਾ ਰਿਹਾ ਹੈ। ਇਸ ਕਾਲਜ ਦੇ ਨਾਲ ਨਾਲ ਹੋਰ ਵੀ ਕਈ ਅਹਿਮ ਵਿਦਿਅਕ ਸੰਸਥਾਵਾਂ ਨੂੰ ਐਸ.ਏ.ਐਸ. ਨਗਰ ਦਾ ਸ਼ਿੰਗਾਰ ਬਣਾਇਆ ਜਾਵੇਗਾ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਹਲਕੇ ਦੇ ਲੋਕਾਂ ਵੱਲੋਂ ਕੈਬਨਿਟ ਮੰਤਰੀ ਅਤੇ ਇਲਾਕੇ ਦੇ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ. ਹਰਚਰਨ ਸਿੰਘ ਗਿੱਲ ਲਾਂਡਰਾਂ, ਸ. ਛੱਜਾ ਸਿੰਘ ਕੁਰੜੀ, ਸ. ਭਗਤ ਸਿੰਘ ਨਾਮਧਾਰੀ ਮੋਲੀਬੈਦਾਵਾਨ, ਸਾਬਕਾ ਪ੍ਰਧਾਨ ਨਗਰ ਕੌਸਲ ਮੋਹਾਲੀ ਸ. ਸੁਖਜੀਤ ਸਿੰਘ ਸੁਖੀ ਅਤੇ ਸ. ਬੂਟਾ ਸਿੰਘ ਸੁਹਾਣਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਸ. ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ ਨੇ ਬਾਖੂਬੀ ਨਿਭਾਈ। ਅਤੇ ਢਾਡੀ ਅਵਤਾਰ ਸਿੰਘ ਅਣਖੀ ਦੇ ਜਥੇ ਨੇ ਢਾਡੀਵਾਰਾ ਗਾਈਆਂ ।
ਇਸ ਮੌਕੇ ਅਮਰਜੀਤ ਸਿੰਘ ਜੀਤੀ, ਐਡਵੋਕੇਟ ਕੰਵਰਵੀਰ ਸਿੰਘ ਸਿੱਧੂ, ਐਡਵੋਕੇਟ ਮਨਦੀਪ ਸਿੰਘ ਗਿੱਲ, ਕਰਮ ਸਿੰਘ ਸਰਪੰਚ ਮਾਣਕਪੁਰ ਕੱਲਰ, ਦਵਿੰਦਰ ਸਿੰਘ ਸਰਪੰਚ ਕੁਰੜਾ, ਮਨਜੀਤ ਸਿੰਘ ਤੰਗੌਰੀ, ਮੋਹਣ ਸਿੰਘ ਤੰਗੌਰੀ, ਭੁਪਿੰਦਰ ਕੁਮਾਰ ਨੌਗਿਆਰੀ, ਪੰਡਿਤ ਬਨਾਰਸੀ ਦਾਸ ਨੌਗਿਆਰੀ, ਪੰਡਿਤ ਮਦਨ ਗੋਪਾਲ, ਗੁਰਚਰਨ ਸਿੰਘ ਗੀਗੇਮਾਜਰਾ, ਸ਼ੇਰ ਸਿੰਘ ਦੈੜੀ, ਚੌਧਰੀ ਰਿਸ਼ੀਪਾਲ ਸਨੇਟਾ, ਚੌਧਰੀ ਗਿਆਨ ਚੰਦ, ਚੌਧਰੀ ਹਰਨੇਕ ਸਿੰਘ ਨੇਕੀ, ਚੌਧਰੀ ਭਗਤ ਰਾਮ, ਸੋਮਨਾਥ ਗੁਡਾਣਾ, ਵਜੀਰ ਸਿੰਘ ਸਾਬਕਾ ਸਰਪੰਚ ਬਠਲਾਣਾ, ਨੰਬਰਦਾਰ ਬਲਕਾਰ ਸਿੰਘ ਬਠਲਾਣਾ, ਜਗਰੂਪ ਸਿੰਘ ਢੋਲ ਕੁਰੜੀ, ਟਹਿਲ ਸਿੰਘ ਮਾਣਕਪੁਰ ਕੱਲਰ, ਮੇਜਰ ਸਿੰਘ, ਗਿਆਨੀ ਗੁਰਮੇਲ ਸਿੰਘ ਮਨੌਲੀ, ਕੁਲਵੰਤ ਸਿੰਘ , ਗੁਰਮੀਤ ਸਿੰਘ ਸਿਆਊ, ਕਿਰਪਾਲ ਸਿੰਘ ਸਿਆਊ, ਜਗਤਾਰ ਸਿੰਘ ਬਾਕਰਪੁਰ, ਲਖਵੀਰ ਸਿੰਘ ਕਾਲਾ ਪੱਤੋ, ਬਲਬੀਰ ਸਿੰਘ ਮੋਜਪੁਰ, ਅਮਰੀਕ ਸਿੰਘ, ਮੇਜਰ ਸਿੰਘ ਦੁਰਾਲੀ, ਰਣਧੀਰ ਸਿੰਘ ਧੀਰਾ ਚਾਊਮਾਜਰਾ, ਹਰਦੇਵ ਸਿੰਘ ਚਾਉਮਾਜਰਾ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਵੀ ਮੌਜੂਦ ਸਨ।