ਤਨਖ਼ਾਹ ਲਈ ਤਰਸਦੇ ਮੁਲਾਜ਼ਮਾਂ ‘ਤੇ ਡਿਵੈਲਪਮੈਂਟ ਟੈਕਸ ਦਾ ਭਾਰ

ਚੰਡੀਗੜ੍ਹ: ਕੈਪਟਨ ਸਰਕਾਰ ਮੁਲਾਜ਼ਮਾਂ ‘ਤੇ ਪਹਿਲਾਂ ਤੋਂ ਐਲਾਨਿਆ ਮਹੀਨਾਵਾਰ ਟੈਕਸ ਦਾ ਭਾਰ ਸੁੱਟਣ ਜਾ ਰਹੀ ਹੈ। ਕੌਮਾਂਤਰੀ ਮਜ਼ਦੂਰ ਦਿਵਸ ਯਾਨੀ ਇੱਕ ਮਈ 2018 ਤੋਂ ਪੰਜਾਬ ਸਰਕਾਰ ਡਿਵੈਲਪਮੈਂਟ ਟੈਕਸ ਵਸੂਲਣ ਦੀ ਸ਼ੁਰੂਆਤ ਕਰੇਗੀ।

ਮੁਲਾਜ਼ਮ ਹੁਣ ਸਰਕਾਰ ਨੂੰ 200 ਰੁਪਏ ਪ੍ਰਤੀ ਮਹੀਨਾ ਟੈਕਸ ਦੇਣਗੇ। ਪੰਜਾਬ ਸਰਕਾਰ ਵੱਲੋਂ 1 ਮਈ ਤੋਂ ਟੈਕਸ ਲਾਗੂ ਕੀਤੇ ਜਾਣ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਆਮਦਨ ਕਰ ਅਧੀਨ ਆਉਂਦੇ ਸਾਰੇ ਸਰਕਾਰੀ, ਗ਼ੈਰ-ਸਰਕਾਰੀ ਤੇ ਕਾਰਪੋਰੇਟ ਮੁਲਾਜ਼ਮਾਂ ਨੂੰ ਹਰ ਮਹੀਨੇ ਆਪਣੀ ਜੇਬ ਢਿੱਲੀ ਕਰਨੀ ਹੋਵੇਗੀ।

ਸਰਕਾਰ ਨੇ ਬਜਟ ਸੈਸ਼ਨ ਦੌਰਾਨ ਪੰਜਾਬ ਰਾਜ ਵਿਕਾਸ ਟੈਕਸ ਐਕਟ, 2018 ਪਾਸ ਕੀਤਾ ਸੀ। ਸਰਕਾਰ ਦਾ ਇਸ ਟੈਕਸ ਤੋਂ 150 ਤੋਂ 200 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਹੈ। ਸੂਬੇ ਦੇ ਮੁਲਾਜ਼ਮ ਐਕਟ ਪਾਸ ਕਰਨ ਦੇ ਸਮੇਂ ਤੋਂ ਹੀ ਇਸਦਾ ਵਿਰੋਧ ਕਰ ਰਹੇ ਹਨ। ਮੁਲਾਜ਼ਮਾਂ ਦਾ ਇਲਜ਼ਾਮ ਹੈ ਸਰਕਾਰ ਨੇ ਵਿਕਾਸ ਦੀ ਆੜ ਵਿੱਚ ਉਨ੍ਹਾਂ ‘ਤੇ ਵਾਧੂ ਬੋਝ ਸੁੱਟਿਆ ਹੈ।