ਗੁਰੂ ਨਗਰੀ ਦੀ ਸਫ਼ਾਈ ਲਈ ਆਈ ਸੰਸਥਾ ਨੇ ਕੀਤੇ ਹੱਥ ਖੜ੍ਹੇ

ਅੰਮ੍ਰਿਤਸਰ: ਗੁਰੂ ਨਗਰੀ ਨੂੰ ਸਮਾਰਟ ਸਿਟੀ ਵਜੋਂ ਤਿਆਰ ਕਰਨ ਲਈ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਆਈ ਟੀਮ ਪਾਣੀ ਦੇ ਪ੍ਰਦੂਸ਼ਣ ਤੋਂ ਡਰਦੀ ਹੋਈ ਭੱਜ ਗਈ ਹੈ। ਸੰਸਥਾ ਨੂੰ ਕੇਂਦਰ ਸਰਕਾਰ ਦੀ ਸਮਾਰਟ ਸਿਟੀ ਪ੍ਰਾਜੈਕਟ ਟੀਮ ਨੇ ਇਹ ਜ਼ਿੰਮਾ ਸੌਂਪਿਆ ਸੀ ਤੇ ਪੰਜਾਬ ਸਰਕਾਰ ਤਰਫੋਂ ਨਵਜੋਤ ਸਿੱਧੂ ਨੇ ਵੀ ਇਕਰਾਰਨਾਮਾ ਕੀਤਾ ਸੀ। ਪਰ ਹੁਣ ਉਹ ਸੰਸਥਾ ਸ਼ਹਿਰ ਦਾ ਬਦ ਤੋਂ ਬਦਤਰ ਹੋਇਆ ਪਾਣੀ ਵੇਖ ਕੇ ਕੰਮ ਕਰਨ ਤੋਂ ਹੱਥ ਖੜ੍ਹੇ ਕਰ ਚੁੱਕੀ ਹੈ। ਸੰਸਥਾ ਨੇ ਪੱਤਰ ਭੇਜ ਕੇ ਗੁਰੂ ਨਗਰੀ ਦੇ ਗੰਧਲੇ ਪਾਣੀ ਨੂੰ ਸਾਫ਼ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਤੇ ਅਸਲ ਅੰਕੜਿਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਦੱਸਿਆ।

ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਦਿੱਲੀ ਦੀ ਸੰਸਥਾ ਨੀਰੀ (ਨੈਸ਼ਨਰ ਇਨਵਾਇਰਮੈਂਟ ਇੰਜੀਨੀਅਰਿੰਗ ਰੀਸਰਚ ਇੰਸਟੀਚਿਊਟ) ਨੇ ਇਹ ਕੰਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਾਣੀ ਵਿਚ ਗੰਦਗੀ ਦੀ ਮਾਤਰਾ ਸਬੰਧੀ ਦਿੱਤੇ ਹੋਏ ਅੰਕੜੇ ਵੇਖ ਕੇ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ, ਪਰ ਜਿਉਂ ਹੀ ਉਨ੍ਹਾਂ ਖ਼ੁਦ ਇਸ ਗੰਦੇ ਪਾਣੀ ਦੀ ਜਾਂਚ ਕੀਤੀ ਤਾਂ ਇਸ ਦੀ ਗੰਦਗੀ ਦਾ ਪੱਧਰ ਵੇਖ ਕੇ ਉਨ੍ਹਾਂ ਹੱਥ ਖੜ੍ਹੇ ਕਰ ਦਿੱਤੇ।

ਸਿੱਧੂ ਨੇ ਨੀਰੀ ਵੱਲੋਂ ਆਏ ਪੱਤਰ ਦਾ ਹਵਾਲਾ ਦਿੰਦੇ ਕਿਹਾ ਕਿ ਸੰਸਥਾ ਅਨੁਸਾਰ ਉਹ ਕਿਸੇ ਵੀ ਸ਼ਹਿਰ ਦਾ ਪਾਣੀ 60 ਤੋਂ 70 ਫ਼ੀਸਦੀ ਜੈਵਿਕ ਢੰਗ ਯਾਨੀ ਪਾਣੀ ਵਿੱਚ ਬੂਟੇ ਲਗਾ ਕੇ ਸਾਫ ਕਰ ਸਕਦੇ ਹਨ, ਪਰ ਅੰਮਿ੍ਰਤਸਰ ਸ਼ਹਿਰ ਦੇ ਗੰਦੇ ਪਾਣੀ ਦੇ ਆਏ ਅੰਕੜੇ ਇਸ ਤਕਨੀਕ ਨਾਲ ਸਾਫ ਨਹੀਂ ਹੋ ਸਕਦੇ। ਸੰਸਥਾ ਨੇ ਦੱਸਿਆ ਕਿ ਜੇਕਰ ਇਸ ਨੂੰ 70 ਫ਼ੀ ਸਦੀ ਤਕ ਸਾਫ ਵੀ ਕਰ ਦਿੱਤਾ ਜਾਵੇ ਤਾਂ ਵੀ ਜ਼ਹਿਰੀਲਾ ਮਾਦਾ ਮਨੁੱਖ ਲਈ ਬਰਦਾਸ਼ਤ ਸਮਰੱਥਾ ਤੋਂ ਵੱਧ ਹੀ ਰਹੇਗਾ।

ਸਿੱਧੂ ਨੇ ਦੱਸਿਆ ਕਿ ਗੰਦੇ ਪਾਣੀ ਵਿਚ ਸੀ. ਓ. ਡੀ. (ਕੈਮੀਕਲ ਆਕਸੀਜਨ ਡਿਮਾਂਡ) 250 ਤਕ ਚਾਹੀਦਾ ਹੈ, ਪਰ ਅੰਮ੍ਰਿਤਸਰ ਦੇ ਗੰਦੇ ਪਾਣੀ ਵਿੱਚ ਇਹ 1346 ਤੋਂ ਵੀ ਵੱਧ ਹੈ। ਇਸੇ ਤਰ੍ਹਾਂ ਟੋਟਲ ਸਸਪੈਂਡਿਡ ਸਾਲਿਡ (ਟੀਐਸਐਸ) ਦੀ ਮਾਤਰਾ 100 ਤੋਂ ਹੇਠਾਂ ਚਾਹੀਦੀ ਹੈ, ਪਰ ਇੱਥੋਂ ਦੇ ਪਾਣੀ ਵਿਚ 1455 ਹੈ। ਬੀਓਡੀ (ਬਾਇਓ ਕੈਮੀਕਲ ਆਕਸੀਜਨ ਡਿਮਾਂਡ) 30 ਤੋਂ ਹੇਠਾਂ ਹੋਣਾ ਚਾਹੀਦਾ ਹੈ, ਜੋ ਕਿ ਅੰਮ੍ਰਿਤਸਰ ਦੇ ਗੰਦੇ ਪਾਣੀ ਵਿੱਚ 180 ਤੋਂ ਵੀ ਵੱਧ ਹੈ।

ਸਿੱਧੂ ਨੇ ਕਿਹਾ ਕਿ ਪਾਣੀ ਵਿੱਚ ਇੰਨੀ ਜ਼ਿਆਦਾ ਗੰਦਗੀ ਨੀਰੀ ਆਪਣੀ ਤਕਨੀਕ ਨਾਲ ਸਾਫ ਨਹੀਂ ਕਰ ਸਕਦੀ। ਉਨ੍ਹਾਂ ਦੱਸਿਆ ਕਿ ਨੀਰੀ ਨਾਲ ਇਕਰਾਰ ਕਰਨ ਤੋਂ ਬਾਅਦ ਇਹ ਮੁੱਦਾ ਕੈਬਿਨਟ ਦੀ ਪ੍ਰਵਾਨਗੀ ਲਈ ਤਿਆਰ ਸੀ, ਪਰ ਹੁਣ ਨੀਰੀ ਦੇ ਹੱਥ ਖੜ੍ਹੇ ਕਰਨ ਨਾਲ ਫਿਰ ਰੁਕ ਗਿਆ ਹੈ।

ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਪਾਣੀ ਵਿੱਚ ਇੰਨਾ ਪ੍ਰਦੂਸ਼ਣ ਆਖ਼ਰ ਕਿਵੇਂ ਆਇਆ ਤੇ ਜੇਕਰ ਆਇਆ ਤਾਂ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅੰਕੜੇ ਗ਼ਲਤ ਬਿਆਨੀ ਕਿਉਂ ਕਰ ਰਹੇ ਹਨ।

ਸਿੱਧੂ ਨੇ ਕਿਹਾ ਕਿ ਉਹ ਗੁਰੂ ਨਗਰੀ ਨੂੰ ਪ੍ਰਦੂਸ਼ਤ ਕਰਨ ਲਈ ਜ਼ਿੰਮੇਵਾਰ ਸਨਅਤਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕਰਨਗੇ। ਉਨ੍ਹਾਂ ਕਿਹਾ ਕਿ ਮਨੁੱਖੀ ਸਿਹਤ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਅਜਿਹੇ ਦੋਸ਼ੀਆਂ ਨੂੰ ਹਰ ਹਾਲਤ ਰੋਕਿਆ ਜਾਵੇਗਾ।