ਸੁਖਮਿੰਦਰ ਸੇਖੋਂ
ਅਦਾਕਾਰ ਪ੍ਰਾਣ ਦਾ ਪੂਰਾ ਨਾਂ ਪ੍ਰਾਣ ਕਿਸ਼ਨ ਸਿਕੰਦ ਸੀ, ਅਤੇ ਉਸ ਦਾ ਜਨਮ 12 ਫ਼ਰਵਰੀ 1920 ਨੂੰ ਪੁਰਾਣੀ ਦਿੱਲੀ ਵਿੱਚ ਹੋਇਆ ਸੀ। ਚੜ੍ਹਦੀ ਜਵਾਨੀ ਵੇਲੇ ਉਸ ਦਾ ਸੁਪਨਾ ਇੱਕ ਪੇਸ਼ਾਵਰ ਫ਼ੋਟੋਗ੍ਰਾਫ਼ਰ ਬਣਨ ਦਾ ਸੀ, ਪਰ ਮਨ ਵਿੱਚ ਇੱਕ ਫ਼ਿਲਮ ਐਕਟਰ ਬਣਨ ਦੀ ਚਾਹਤ ਵੀ ਸੀ। ਇਸ ਦੇ ਮੱਦੇਨਜ਼ਰ ਲਾਹੌਰ ਵਿੱਚ ਬਣੀ ਇੱਕ ਪੰਜਾਬੀ ਫ਼ਿਲਮ ‘ਯਮਲਾ ਜੱਟ ‘ਵਿੱਚ ਉਸ ਨੂੰ ਨਾਇਕ ਦੀ ਭੂਮਿਕਾ ਪ੍ਰਾਪਤ ਹੋ ਗਈ। ਜਲਦੀ ਹੀ ਉਸ ਨੂੰ ਇੱਕ ਹਿੰਦੀ ਫ਼ਿਲਮ ਵਿੱਚ ਵੀ ਨਿੱਕਾ ਜਿਹਾ ਕਿਰਦਾਰ ਨਿਭਾਉਣ ਲਈ ਮਿਲ ਗਿਆ। ਫ਼ਿਲਮ ਦਾ ਨਾਂ ਸੀ ‘ਜ਼ਿੱਦੀ ‘ਅਤੇ ਨਾਇਕ ਸਨ ਦੇਵ ਆਨੰਦ। ਬਸ ਉਸ ਖ਼ਲਨਾਇਕ ਦੇ ਨਿੱਕੇ ਜਿਹੇ ਰੋਲ ਉਪਰੰਤ ਉਸ ਨੂੰ ਹਿੰਦੀ ਸਿਨੇਮਾ ਨੇ ਝੱਟ ਅਪਨਾ ਲਿਆ। ਹੌਲੀ ਹੌਲੀ ਉਸ ਨੂੰ ਹੋਰ ਫ਼ਿਲਮਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਅਤੇ ਉਸ ਨੇ ‘ਰੇਹਾਨਾ’, ‘ਗੁਪਤ ਰਾਜ’, ‘ਨੇਕ ਦਿਲ’, ‘ਗ੍ਰਹਿਸਥੀ’, ‘ਬੜੀ ਬਹਿਨ’, ‘ਸੰਗੀਤਾ’, ‘ਅਫ਼ਸਾਨਾ’, ‘ਆਜ਼ਾਦ’, ‘ਅਮਾਨਤ’, ‘ਮੁਨੀਮ ਜੀ’, ‘ਦੇਵਦਾਸ ‘ਆਦਿ ਫ਼ਿਲਮਾਂ ਵਿੱਚ ਵੱਖੋ ਵੱਖਰੀਆਂ ਭੂਮਿਕਾਵਾਂ ਸਫ਼ਲਤਾਪੂਰਵਕ ਨਿਭਾਈਆਂ। ‘ਹਮ ਸਭ ਚੋਰ ਹੈਂ’, ‘ਹਲਾਕੂ’, ‘ਤੁਮਸਾ ਨਹੀਂ ਦੇਖਾ’, ‘ਬੇਵਕੂਫ਼’, ‘ਛਲੀਆ’ ਅਤੇ ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ ਵਿੱਚ ਵੀ ਉਸ ਨੇ ਆਪਣੀਆਂ ਜਾਨਦਾਰ ਭੂਮਿਕਾਵਾਂ ਨਾਲ ਦਰਸ਼ਕਾਂ ਦਾ ਮਨ ਜਿੱਤਿਆ। ਇਹ ਸਾਰੀਆਂ ਫ਼ਿਲਮਾਂ ਕਾਲੀਆਂ ਚਿੱਟੀਆਂ ਸਨ, ਪਰ ‘ਕਸ਼ਮੀਰ ਕੀ ਕਲੀ’, ‘ਰਾਜ ਕੁਮਾਰ’, ‘ਮੇਰੇ ਮਹਿਬੂਬ’ ਅਤੇ ‘ਖ਼ਾਨਦਾਨ’ ਨੇ ਉਸ ਨੂੰ ਰੰਗਦਾਰ ਫ਼ਿਲਮਾਂ ਵਿੱਚ ਸਹਿਜੇ ਹੀ ਪ੍ਰਵੇਸ਼ ਕਰਵਾ ਦਿੱਤਾ। ਦਿਲੀਪ ਕੁਮਾਰ ਨਾਲ ‘ਦੇਵਦਾਸ ‘ਤੋਂ ਬਾਅਦ ਉਸ ਨੇ ‘ਦਿਲ ਦੀਆ ਦਰਦ ਲੀਆ’ ਅਤੇ ‘ਰਾਮ ਔਰ ਸ਼ਿਆਮ’ ਵਿੱਚ ਵੀ ਆਪਣੀ ਖ਼ਲਨਾਇਕੀ ਵਿੱਚ ਕੋਈ ਖੜੋਤ ਨਹੀਂ ਆਉਣ ਦਿੱਤੀ ਬਲਕਿ ਉਸ ਦੀ ਅਦਾਕਾਰੀ ਵਿੱਚ ਹੋਰ ਨਿਖ਼ਾਰ ਆਇਆ। ਇਨ੍ਹਾਂ ਦੋਹਾਂ ਫ਼ਿਲਮਾਂ ਦੇ ਕਿਰਦਾਰਾਂ ਵਿੱਚ ਉਸ ਦੀਆਂ ਅੱਖਾਂ ਅਤੇ ਅਦਾਵਾਂ ਦੇਖਣ ਵਾਲੀਆਂ ਸਨ।
ਪ੍ਰਾਣ ਨੇ ਆਪਣੇ ਫ਼ਿਲਮੀ ਸਫ਼ਰ ਦੌਰਾਨ ਸੈਂਕੜੇ ਹੀ ਫ਼ਿਲਮਾਂ ਕੀਤੀਆਂ ਜਿਨ੍ਹਾਂ ‘ਤੇ ਮੋਟੀ ਜਿਹੀ ਨਜ਼ਰ ਮਾਰਨੀ ਹੀ ਕਾਫ਼ੀ ਹੋਵੇਗੀ, ਜਿਵੇਂ ‘ਆਦਮੀ’, ‘ਸਾਧੂ ਔਰ ਸ਼ੈਤਾਨ’, ‘ਨੰਨ੍ਹਾ ਫਰਿਸ਼ਤਾ’, ‘ਭਾਈ ਭਾਈ’, ‘ਹੀਰ ਰਾਂਝਾ’, ‘ਜਾਨੀ ਮੇਰਾ ਨਾਮ’, ‘ਆਖੋਂ ਆਖੋਂ ਮੇਂ ‘ਅਤੇ ‘ਜੰਗਲ ਮੇਂ ਮੰਗਲ’। ਬਾਅਦ ਵਿੱਚ ਆਈਆਂ ‘ਕਰਜ਼’, ‘ਕਾਲੀਆ’, ‘ਦੋਸਤਾਨਾ’, ‘ਸ਼ਰਾਬੀ’, ‘ਲਫ਼ੰਗੇ’, ‘ਦਸ ਨੰਬਰੀ’, ‘ਵਿਸ਼ਵਨਾਥ’, ‘ਦੇਸ਼ ਧ੍ਰੋਹੀ’ ਵਿੱਚ ਵੀ ਉਸ ਨੇ ਆਪਣੀ ਅਨੋਖੀ ਅਤੇ ਅਨੂਠੀ ਅਦਾਕਾਰੀ ਨੂੰ ਅੰਜਾਮ ਦਿੱਤਾ। ਪ੍ਰਾਣ ਨੇ ਆਪਣੇ ਵੇਲਿਆਂ ਦੇ ਹਰ ਇੱਕ ਵੱਡੇ ਹੀਰੋ ਨਾਲ ਕੰਮ ਕੀਤਾ। ਕੌਮੇਡੀਅਨ ਕਿਸ਼ੋਰ ਕੁਮਾਰ ਨਾਲ ਆਈ ਇੱਕ ਫ਼ਿਲਮ ‘ਹਾਫ਼ ਟਿਕਟ’ ਵਿੱਚ ਉਹ ਇੱਕ ਨਿਰਾਲੇ ਖ਼ਲਨਾਇਕ ਵਜੋਂ ਪੇਸ਼ ਹੋਇਆ। ਪ੍ਰਾਣ ਨੇ ਚੰਗੇ ਡਾਇਰੈਕਟਰਾਂ ਦੀਆਂ ਇੱਕ ਖ਼ਲਨਾਇਕ ਅਤੇ ਕਰੈਕਟਰ ਐਕਟਰ ਦੇ ਤੌਰ ‘ਤੇ ਬਹੁਤ ਸਾਰੀਆਂ ਫ਼ਿਲਮਾਂ ਕੀਤੀਆਂ ਜਿਨ੍ਹਾਂ ਵਿੱਚ ਬਿਮਲ ਰਾਏ, ਰਿਸ਼ੀਕੇਸ਼ ਮੁਖਰਜੀ, ਸ਼ਕਤੀ ਸਾਮੰਤ, ਪ੍ਰਕਾਸ਼ ਮਹਿਰਾ, ਰਾਜ ਖੋਸਲਾ, ਜੇ. ਓਮ ਪ੍ਰਕਾਸ਼, ਰਾਜ ਕਪੂਰ, ਸੁਭਾਸ਼ ਘਈ, ਆਦਿ ਸ਼ਾਮਿਲ ਹਨ। ਫ਼ਿਲਮਸਾਜ਼ ਬ੍ਰਿਜ ਦੀ ਫ਼ਿਲਮ ‘ਵਿਕਟੋਰੀਆ ਨੰਬਰ 203’ ਵਿੱਚ ਉਹ ਰਾਣਾ ਦੇ ਕਿਰਦਾਰ ਵਿੱਚ ਸੀ ਅਤੇ ਅਸ਼ੋਕ ਕੁਮਾਰ ਰਾਜਾ ਸੀ। ਸੁਰਿੰਦਰ ਕਪੂਰ ਦੀ ਧਰਮਾ ਪ੍ਰੋਡਕਸ਼ਨ ਦੀ ਫ਼ਿਲਮ ‘ਧਰਮਾ’ ਨਾਲ ਉਸ ਨੂੰ ਇੱਕ ਨਵੀਂ ਪਛਾਣ ਮਿਲੀ। ਖ਼ਲਨਾਇਕਾ ਬਿੰਦੂ ਨਾਲ ਉਸ ‘ਤੇ ਫ਼ਿਲਮਾਈ ਗਈ ਕੱਵਾਲੀ ਬਹੁਤ ਹੀ ਚਰਚਿਤ ਰਹੀ ‘ਇਸ਼ਾਰੋਂ ਕੋ ਅਗਰ ਸਮਝੋ ਰਾਜ਼ ਕੋ ਰਾਜ਼ ਰਹਿਨੋ ਦੋ ….’, ਪਰ ਪ੍ਰਕਾਸ਼ ਮਹਿਰਾ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ਜਿਸ ਨੇ ਅਮਿਤਾਬ ਬਚਨ ਨੂੰ ਐਂਗਰੀ ਯੰਗ ਮੈਨ ਦਾ ਰੁਤਬਾ ਪ੍ਰਦਾਨ ਕੀਤਾ, ਉਹ ਸੀ ‘ਜ਼ੰਜੀਰ’। ਇਸ ਫ਼ਿਲਮ ਵਿੱਚ ਪ੍ਰਾਣ ਇੱਕ ਪਠਾਨ ਦੇ ਕਿਰਦਾਰ ਵਿੱਚ ਸੀ। ਮੰਨਾ ਡੇ ਦੀ ਆਵਾਜ਼ ਵਿੱਚ ਇੱਕ ਕੱਵਾਲੀ ਫ਼ਿਰ ਹਾਜ਼ਰ ਸੀ ‘ਯਾਰੀ ਹੈ ਈਮਾਨ ਮੇਰਾ ਯਾਰ ਮੇਰੀ ਜ਼ਿੰਦਗੀ … ‘। ਇਹ ਰੋਲ ਵੀ ਯਾਦਗਾਰੀ ਹੋ ਨਿੱਬੜਿਆ। ਇੱਕ ਹੋਰ ਫ਼ਿਲਮ ਵਿੱਚ ਉਹ ਦੇਵ ਆਨੰਦ ਦੇ ਭਰਾ ਦੇ ਰੋਲ ਵਿੱਚ ਸੀ, ਫ਼ਿਲਮ ਦਾ ਨਾਂ ਸੀ ‘ਜਾਨੀ ਮੇਰਾ ਨਾਮ’। ਸੁਭਾਸ਼ ਘਈ ਦੀ ‘ਵਿਸ਼ਵਾਨਾਥ’ ਵਿੱਚ ਉਸ ਨੇ ਗੋਲੂ ਗਵਾਹ ਦੀ ਭੂਮਿਕਾ ਵੀ ਬਾਖ਼ੂਬੀ ਨਿਭਾਈ। ‘ਕਾਲੀਆ’ ਫ਼ਿਲਮ ਵਿੱਚ ਪੁਲੀਸ ਅਫ਼ਸਰ ਦੇ ਕਿਰਦਾਰ ਵਿੱਚ ਵੀ ਇਸ ਅਦਾਕਾਰ ਨੇ ਪ੍ਰਾਣ ਪਾ ਦਿੱਤੇ ਸਨ। ਚੇਤਨ ਆਨੰਦ ਦੀ ‘ਹੀਰ ਰਾਂਝਾ’ ਵਿੱਚ ਉਸ ਵਲੋਂ ਨਿਭਾਏ ‘ਕੈਦੋਂ’ ਦੇ ਕਿਰਦਾਰ ਨੂੰ ਤਾਂ ਦਰਸ਼ਕ ਅੱਜ ਵੀ ਨਹੀਂ ਭੁੱਲੇ ਹੋਣਗੇ। ਹੀਰੋ ਤੇ ਫ਼ਿਲਮਸਾਜ਼ ਮਨੋਜ ਕੁਮਾਰ ਨੇ ਪ੍ਰਾਣ ਨੂੰ ਆਪਣੀ ਫ਼ਿਲਮ ‘ਉਪਾ ਰ ‘ਵਿੱਚ ਇੱਕ ਚਰਿੱਤਰ ਆਰਟਿਸਟ ਦੇ ਰੂਪ ਵਿੱਚ ਪੇਸ਼ ਕੀਤਾ। ਫ਼ਿਲਮ ਉਪਕਾਰ ਵਿੱਚ ਉਸ ‘ਤੇ ਫ਼ਿਲਮਾਇਆ ਗਿਆ ਮੰਨਾ ਡੇ ਦੀ ਆਵਾਜ਼ ਵਿੱਚ ਇੱਕ ਗੀਤ ਤਾਂ ਦਰਸ਼ਕਾਂ ਦੇ ਚੇਤਿਆਂ ਵਿੱਚ ਹੁਣ ਵੀ ਤਾਜ਼ਾ ਹੋਵੇਗਾ ‘ਕਸਮੇ ਵਾਅਦੇ ਪਿਆਰ ਵਫ਼ਾ, ਸਭ ਬਾਤੇਂ ਹੈਂ ਬਾਤੋਂ ਕਾ ਕਯਾ …।’
ਇਸ ਜਾਨਦਾਰ ਤੇ ਸ਼ਾਨਦਾਰ ਖ਼ਲਨਾਇਕ ਅਤੇ ਚਰਿੱਤਰ ਅਭਿਨੇਤਾ ਨੇ ਲੰਬਾ ਸਮਾਂ ਫ਼ਿਲਮ ਸਨਅਤ ‘ਤੇ ਰਾਜ ਕੀਤਾ ਤੇ ਉਹ ਅਦਾਕਾਰੀ ਦੀ ਦੁਨੀਆਂ ਵਿੱਚ ਇੱਕ ਮਿੱਥ ਬਣ ਗਿਆ ਸੀ। ਪੁਰਾਣੇ ਹੀ ਨਹੀਂ, ਨਵੇਂ ਖ਼ਲਨਾਇਕ ਵੀ ਉਸ ਦੀ ਅਦਾਕਾਰੀ ਤੋਂ ਪ੍ਰੇਰਨਾ ਲੈਂਦੇ ਹਨ। ਹਰ ਇੱਕ ਕਿਰਦਾਰ ਨੂੰ ਆਪਣੇ ਵਿਲੱਖਣ ਅੰਦਾਜ਼ ਸਦਕਾ ਪ੍ਰਾਣ ਨੂੰ ਕਈ ਫ਼ਿਲਮੀ ਪੁਰਸਕਾਰ ਪ੍ਰਾਪਤ ਹੋਏ। ਫ਼ਿਲਮ ‘ਉਪਕਾਰ’, ‘ਆਂਸੂ ਬਨ ਗੲ ਫੂਲ’ ਅਤੇ ‘ਬੇਈਮਾਨ’ ਲਈ ਉਸ ਨੂੰ ਸਹਾਇਕ ਫ਼ਿਲਮ ਅਦਾਕਾਰ, ਭਾਰਤ ਸਰਕਾਰ ਵਲੋਂ ਪਦਮ ਭੂਸ਼ਨ ਅਤੇ ਫ਼ਿਲਮ ਉਦਯੋਗ ਦਾ ਸਭ ਤੋਂ ਵੱਡਾ ਐਵਾਰਡ ਦਾਦਾ ਸਾਹਿਬ ਫ਼ਾਲਕੇ ਸਨਮਾਨ ਵੀ ਹਾਸਿਲ ਹੋਇਆ। ਸਿਨੇਮਾ ਪ੍ਰੇਮੀਆਂ ਦਾ ਇਹ ਚਹੇਤਾ ਅਦਾਕਾਰ 12 ਜੁਲਾਈ, 2013 ਨੂੰ ਇਸ ਜਹਾਨ-ਏ-ਫ਼ਾਨੀ ਤੋਂ ਰੁਖ਼ਸਤ ਹੋ ਗਿਆ। ਸੱਚਮੁੱਚ ਹੀ ਪ੍ਰਾਣ ਭਾਰਤੀ ਫ਼ਿਲਮੀ ਸਨਅੱਤ ਦਾ ਪ੍ਰਾਣ ਸੀ।
ਸੰਪਰਕ: 89145-07693