ਮ੍ਰਿਤਕ ਖਿਡਾਰੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ, ਹਾਕੀ ਟੀਮ ਪਰਿਵਾਰਾਂ ਦੀ ਕਰ ਰਹੀ ਹੈ ਮਦਦ

ਸਸਕੈਚਵਾਨ ਂ ਕੈਨੇਡਾ ਦੇ ਸੂਬੇ ਸਸਕੈਚਵਾਨ ‘ਚ ਜੂਨੀਅਰ ਹਾਕੀ ਟੀਮ ਦੇ ਖਿਡਾਰੀਆਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਹਮਬੋਲਟ ਬਰੌਂਕੋਜ਼ ਸੰਗਠਨ ਨੇ ਮ੍ਰਿਤਕ ਖਿਡਾਰੀਆਂ ਦੇ ਪਰਿਵਾਰਾਂ ਦੀ ਮਦਦ ਲਈ ‘ਗੋਅ ਫ਼ੰਡ ਮੀ ‘ਨਾਮ ਹੇਠ ਔਨਲਾਈਨ ਦਾਨ ਦੇਣ ਲਈ ਇੱਕ ਪੇਜ ਬਣਾਇਆ ਹੈ। ਇਸ ‘ਚ ਮ੍ਰਿਤਕ ਖਿਡਾਰੀਆਂ ਦੇ ਪਰਿਵਾਰਾਂ ਲਈ ਤਕਰੀਬਨ 12 ਮਿਲੀਅਨ ਡਾਲਰ ਇਕੱਠੇ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਸਸਕੈਚਵਾਨ ‘ਚ ਜੂਨੀਅਰ ਹਾਕੀ ਟੀਮ ਦੇ ਖਿਡਾਰੀਆਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਜਿਸ ‘ਚ 16 ਖਿਡਾਰੀਆਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖਮੀ ਹੋਏ ਸਨ। ਬੱਸ ਦੀ ਇੱਕ ਸੈਮੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਹ ਸੈਮੀ ਟਰੱਕ ਇੱਕ ਪੰਜਾਬੀ ਟਰੱਕਿੰਗ ਕੰਪਨੀ, ਆਦੇਸ਼ ਦਿਓਲ ਟਰੱਕਿੰਗ ਲਿਮਿਟਿਡ, ਦਾ ਸੀ ਅਤੇ ਇਸ ਨੂੰ ਚਲਾ ਵੀ ਇੱਕ ਪੰਜਾਬੀ ਹੀ ਰਿਹਾ ਸੀ ਜਿਸ ਨੂੰ ਕੰਮ ‘ਤੇ ਹਾਲੇ ਇੱਕ ਮਹੀਨਾ ਹੀ ਹੋਇਆ ਸੀ। ਇਹ ਹਾਦਸਾ ਬੀਤੀ 6 ਅਪ੍ਰੈਲ 2018 ਨੂੰ ਵਾਪਰਿਆ। ਹਾਕੀ ਟੀਮ ਦੇ ਖਿਡਾਰੀ ਨੇਪਾਵਿਨ ਜਾ ਰਹੇ ਸਨ।
ਓਧਰ ਹਮਬੋਲਟ ਬਰੌਂਕੋਜ਼ ਟੀਮ ਦੇ ਪ੍ਰਧਾਨ ਕੈਵਿਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੀ ਟੀਮ ਨੇ ਯੋਜਨਾ ਬਣਾਈ ਸੀ ਕਿ ਮ੍ਰਿਤਕ ਖਿਡਾਰੀਆਂ ਦੇ ਪਰਿਵਾਰਾਂ ਦੀ ਮਦਦ ਲਈ ਫ਼ੰਡ ਇਕੱਠਾ ਕੀਤਾ ਜਾਵਗਾ ਜੋ ਕਿ ਅਸੀਂ ਕਰ ਰਹੇ ਹਾਂ। ਇਹ ਔਨਲਾਈਨ ਡੋਨੇਸ਼ਨ ਪੇਜ ਇਸ ਹਫ਼ਤੇ ਬੰਦ ਕਰ ਦਿੱਤਾ ਜਾਵੇਗਾ। ਕੈਵਿਨ ਨੇ ਕਿਹਾ ਕਿ ਖਿਡਾਰੀਆਂ ਨਾਲ ਜੋ ਵਾਪਰਿਆ, ਉਹ ਬਹੁਤ ਭਿਆਨਕ ਸੀ। ਸਾਡਾ ਖੇਡ ਦਾ ਮੈਦਾਨ ਸੁੰਨਾ ਹੋ ਗਿਆ ਹੈ। ਖਿਡਾਰੀਆਂ ਦੇ ਮਾਪਿਆਂ ਲਈ ਇਹ ਜ਼ਖਮ ਜ਼ਿੰਦਗੀ ਭਰ ਨਹੀਂ ਭਰੇਗਾ। ਕੈਵਿਨ ਨੇ ਫ਼ੰਡ ਲਈ ਦਾਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਕੈਨੇਡਾ ਦੇ ਇਤਿਹਾਸ ਵਿੱਚ ‘ਗੋਅ ਫ਼ੰਡ ਮੀ ‘ਪੇਜ ਸੱਭ ਤੋਂ ਵੱਧ ਧਨ ਇਕੱਠਾ ਕਰਨ ਵਾਲਾ ਪੇਜ ਬਣ ਗਿਆ ਹੈ। ਇਸ ਦੇ ਨਾਲ ਹੀ ਕੈਵਿਨ ਨੇ ਕਿਹਾ ਕਿ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜ਼ਖ਼ਮੀ ਖਿਡਾਰੀ ਛੇਤੀ ਠੀਕ ਹੋ ਜਾਣ।