ਕਿਸਾਨਾਂ ਦੀ ਖ਼ੱਜਲ-ਖ਼ੁਆਰੀ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ-ਡਾ. ਬਲਬੀਰ ਸਿੰਘ
ਚੰਡੀਗੜ -ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਖ਼ਰੀਦ ਅਤੇ ਲਿਫ਼ਟਿੰਗ ਨਾ ਹੋਣ ਕਾਰਨ ਖੱਜਲ-ਖ਼ੁਆਰ ਹੋ ਰਹੇ ਕਿਸਾਨਾਂ ਖ਼ਾਤਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਆੜੇ ਹੱਥੀ ਲਿਆ ਹੈ ‘ਆਪ’ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ, ਮਜ਼ਦੂਰਾਂ, ਪੱਲੇਦਾਰਾਂ, ਟਰਾਂਸਪੋਟਰਾਂ ਅਤੇ ਆੜਤੀਆਂ ਦੀ ਪਰੇਸ਼ਾਨੀ ਦੂਰ ਕਰਨ ਲਈ ਫ਼ੌਰੀ ਕਦਮ ਨਹੀਂ ਉਠਾਉਂਦੀ ਤਾਂ ਕਾਂਗਰਸ ਦੇ ਸੰਬੰਧਿਤ ਨੁਮਾਇੰਦਿਆਂ ਦਾ ਘਰਾਂ ‘ਚ ਨਿਕਲਣਾ ਮੁਸ਼ਕਲ ਕਰ ਦੇਵੇਗੀ
‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਦੋਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਅਤੇ ਮਾਲਵਾ ਦੇ ਤਿੰਨੋਂ ਜ਼ੋਨ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਗੁਰਦਿੱਤ ਸਿੰਘ ਸੇਖੋਂ ਅਤੇ ਅਨਿਲ ਠਾਕੁਰ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਸ਼ਹਿਰੀ ਅਤੇ ਦਿਹਾਤੀ ਅਨਾਜ ਮੰਡੀਆਂ ‘ਚ ਕਣਕ ਦੀ ਖ਼ਰੀਦ ਹਫ਼ਤਾ-ਹਫ਼ਤਾ ਨਾ ਹੋਣ ਕਾਰਨ ਕਿਸਾਨ ਰੁਲ ਰਹੇ ਹਨ ਲਿਫ਼ਟਿੰਗ ਨਾ ਹੋਣ ਕਰ ਕੇ ਮੰਡੀਆਂ ‘ਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ ਬਹੁਤੀਆਂ ਮੰਡੀਆਂ ‘ਚ ਕਿਸਾਨ ਆਪਣੀ ਸੋਨੇ ਵਰਗੀ ਫ਼ਸਲ ਨੂੰ ਕੱਚੀ ਥਾਂ ‘ਤੇ ਉਤਾਰਨ ਲਈ ਮਜਬੂਰ ਹਨ ਲੇਬਰ ਅਤੇ ਕਿਸਾਨਾਂ ਲਈ ਪੀਣ ਵਾਲੇ ਪਾਣੀ, ਬਾਥਰੂਮਾਂ ਅਤੇ ਸ਼ੈੱਡਾਂ ਆਦਿ ਦਾ ਮੰਡੀ ਬੋਰਡ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਾਰਦਾਨਾ, ਟਰੱਕ-ਟਰਾਂਸਪੋਰਟ ਆਦਿ ਦੀਆਂ ਦਰਪੇਸ਼ ਦਿੱਕਤਾਂ ਨੇ ਸਾਫ਼ ਕਰ ਦਿੱਤਾ ਹੈ ਕਿ ਸਰਕਾਰ ਨੇ ਕਣਕ ਦੀ ਖ਼ਰੀਦ ਲਈ ਲੋੜੀਂਦੇ ਅਗਾਊ ਪ੍ਰਬੰਧਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਤੋਂ ਬੇਖ਼ਬਰ ਹਨ ਅਤੇ ਉਨਾਂ ਦੇ ਵਜ਼ੀਰ ਅਤੇ ਵਿਧਾਇਕ ਵਜੀਰੀਆਂ ਬਚਾਉਣ ਅਤੇ ਪਾਉਣ ਲਈ ਦਿੱਲੀ ਡੇਰੇ ਲਗਾਈ ਬੈਠੇ ਹਨ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦਾ ਧਿਆਨ ਮੰਡੀਆਂ ਦੀ ਬਜਾਏ ਸ਼ਾਹਕੋਟ ਉਪ ਚੋਣ ਲਈ ਟਿਕਟ ਹਾਸਲ ਕਰਨ ‘ਤੇ ਲੱਗਿਆ ਹੋਇਆ ਹੈ ਮੀਡੀਆ ‘ਚ ਰੁਲ ਰਹੇ ਕਿਸਾਨਾਂ ਨੂੰ ਅਫ਼ਸਰਸ਼ਾਹੀ ਦੀ ਦਿਆ ‘ਤੇ ਸੁੱਟਿਆ ਹੋਇਆ ਹੈ
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਉਨਾਂ ਸਮੇਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮੰਡੀਆਂ ‘ਚ ਦੌਰੇ ਕਰ ਕੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੇ ਹੱਕ ‘ਚ ਨਿੱਤਰੀ ਹੋਈ ਹੈ ‘ਆਪ’ ਆਗੂਆਂ ਨੇ ਕਿਹਾ ਕਿ ਜਿੱਥੇ ਪੰਜਾਬ ਦੀਆਂ ਸਰਕਾਰੀ ਖ਼ਰੀਦ ਏਜੰਸੀਆਂ ਦੀ ਮੌਜੂਦਾ ਨਾਕਾਮੀ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ, ਉੱਥੇ ਕੇਂਦਰੀ ਅੰਨ ਭੰਡਾਰ ਲਈ ਸਿੱਧੀ ਖ਼ਰੀਦ ਕਰਨ ਵਾਲੀ ਐਫਸੀਆਈ ਵੱਲੋਂ ਪੰਜਾਬ ਦੀਆਂ ਮੰਡੀਆਂ ‘ਚ ਖ਼ਰੀਦ ਲਈ ਦਿਲਚਸਪੀ ਨਾ ਦਿਖਾਏ ਜਾਣ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਦਾ ਕਿਸਾਨ ਵਿਰੋਧਈ ਚੇਹਰਾ ਵੀ ਨੰਗਾ ਹੋਇਆ ਹੈ।