ਕੈਲੀਫੋਰਨੀਆ — ਅਮਰੀਕਾ ਦੇ ਕੈਲੀਫੋਰਨੀਆਂ ਵਿਚ 5 ਅਪ੍ਰੈਲ ਨੂੰ ਲਾਪਤਾ ਹੋਏ ਭਾਰਤੀ ਪਰਿਵਾਰ ਦੇ ਲਾਪਤਾ ਆਖਰੀ ਮੈਂਬਰ 12 ਸਾਲਾ ਸਿਧਾਂਤ ਥੋਤਾਪਿੱਲੀ ਦੀ ਲਾਸ਼ ਵੀ ਮਿਲ ਗਈ ਹੈ। ਇਸ ਤੋਂ ਪਹਿਲਾਂ 4 ਲੋਕਾਂ ਵਿਚੋਂ 3 ਦੀਆਂ ਲਾਸ਼ਾਂ ਬਰਾਮਦ ਹੋਣ ਪੁਸ਼ਟੀ ਕੀਤੀ ਗਈ ਸੀ। 11 ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਇਕ ਨਦੀ ਵਿਚ ਇਸ ਪਰਿਵਾਰ ਦੀ ਕਾਰ ਡਿੱਗ ਗਈ ਸੀ, ਉਦੋਂ ਤੋਂ ਇਸ ਪਰਿਵਾਰ ਦੀ ਭਾਲ ਚੱਲ ਰਹੀ ਸੀ।
ਸਾਂਤਾ ਕਲਾਰਿਤਾ ਦਾ ਰਹਿਣ ਵਾਲਾ ਥੋਤਾਪਿੱਲੀ ਪਰਿਵਾਰ ਅਪ੍ਰੈਲ ਦੀ ਸ਼ੁਰੂਆਤ ਵਿਚ ਛੁੱਟੀਆਂ ਮਨਾਉਣ ਗੱਡੀ ਵਿਚ ਸਵਾਰ ਹੋ ਕੇ ਰੈਡਵੁੱਡ ਕੋਸਟ ਹਾਈਵੇਅ ਤੋਂ ਲੰਘ ਰਿਹਾ ਸੀ ਅਤੇ ਉਸ ਦੌਰਾਨ ਇਹ ਪਰਿਵਾਰ ਲਾਪਤਾ ਹੋ ਗਿਆ ਸੀ। ਉਨ੍ਹਾਂ ਦੇ ਲਾਪਤਾ ਹੋਣ ਦੌਰਾਨ ਖਬਰਾਂ ਆਈਆਂ ਸਨ ਕਿ ਇਕ ਗੱਡੀ ਉਤਰੀ ਕੈਲੀਫੋਰਨੀਆ ਵਿਚ ਈਲ ਨਦੀ ਵਿਚ ਡਿੱਗ ਗਈ ਹੈ। ਮੈਨਡੋਸਿਨੋ ਕਾਊਂਟੀ ਸ਼ੈਰਿਫ ਦੇ ਦਫਤਰ ਵੱਲੋਂ ਕਿਹਾ ਗਿਆ ਹੈ ਕਿ ਈਲ ਨਦੀ ਦੀ ਗਾਰ ਵਿਚ ਉਨ੍ਹਾਂ ਦੀ ਗੱਡੀ ਫੱਸ ਗਈ ਸੀ, ਜਿਸ ਵਿਚ 41 ਸਾਲਾ ਸੰਦੀਪ ਥੋਤਾਪਿੱਲੀ ਅਤੇ ਸਾਂਚੀ (9) ਫਸੇ ਮਿਲੇ ਸਨ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਸ਼ੁੱਕਰਵਾਰ ਨੂੰ ਨਦੀ ਦੇ ਇਕ ਹੋਰ ਇਲਾਕੇ ਵਿਚ ਇਕ ਔਰਤ ਦੀ ਲਾਸ਼ ਬਰਾਮਦ ਹੋਈ ਸੀ। ਉਸ ਦੀ ਪਛਾਣ 38 ਸਾਲਾ ਸੋਮਿਆ ਥੋਤਾਪਿੱਲੀ ਦੇ ਰੂਪ ਵਿਚ ਹੋਈ। ਅਧਿਕਾਰੀਆਂ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਵਾਹਨ ਥੋਤਾਪਿੱਲੀ ਪਰਿਵਾਰ ਦਾ ਹੀ ਸੀ।