ਸਾਕਸ਼ੀ ਮਹਾਰਾਜ ਨੇ ਕੀਤਾ ਨਾਈਟ ਕਲੱਬ ਦਾ ਉਦਘਾਟਨ

ਲਖਨਊ— ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਸਚਿਦਾਨੰਦ ਉਰਫ ਸਾਕਸ਼ੀ ਮਹਾਰਾਜ ਨਾਈਟ ਕਲੱਬ ਦਾ ਉਦਘਾਟਨ ਕਰ ਕੇ ਇਕ ਵਾਰ ਫਿਰ ਚਰਚਾ ‘ਚ ਆ ਗਏ ਹਨ। ਭਾਜਪਾ ਸੰਸਦ ਮੈਂਬਰ ਨੇ ਰਾਜਧਾਨੀ ਲਖਨਊ ਦੇ ਅਲੀਗੰਜ ‘ਚ ਐਤਵਾਰ ਦੀ ਸ਼ਾਮ ਇਕ ਨਾਈਟ ਕਲੱਬ ਦਾ ਉਦਘਾਟਨ ਕੀਤਾ। ਇਸ ਕਲੱਬ ਦੇ ਉਦਘਾਟਨ ਤੋਂ ਬਾਅਦ ਉਨ੍ਹਾਂ ਦੇ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਨਾਈਟ ਕਲੱਬ ਦਾ ਉਦਘਾਟਨ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਤਸਵੀਰ ਵਾਇਰਲ ਹੋ ਗਈ। ਲੋਕਾਂ ਨੇ ਸਾਕਸ਼ੀ ਮਹਾਰਾਜ ਦੇ ਨਾਈਟ ਕਲੱਬ ਜਾਣ ਨੂੰ ਲੈ ਕੇ ਚਟਖਾਰੇ ਲਏ। ਉਨ੍ਹਾਂ ਨੂੰ ਨਾਈਟ ਕਲੱਬ ਵਾਲੇ ਬਾਬਾ ਨਾਂ ਨਾਲ ਬੁਲਾਉਣ ਲੱਗੇ। ਪਿਛਲੇ ਸਾਲ ਯੋਗੀ ਸਰਕਾਰ ਦੀ ਕਿਰਕਿਰੀ ਮੰਤਰੀ ਸਵਾਤੀ ਸਿੰਘ ਨੇ ‘ਬੀ ਦਿ ਬੀਅਰ ਰੈਸਟੋਰੈਂਟ’ ਦਾ ਉਦਘਾਟਨ ਕਰ ਕੇ ਕਰਵਾਈ ਸੀ। ਇਸ ਵਾਰ ਇਸ ਕੜੀ ‘ਚ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦਾ ਨਾਂ ਜੁੜ ਗਿਆ। ਨਾਈਟ ਕਲੱਬ ਉਦਘਾਟਨ ‘ਤੇ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾਵਾਂ ਨੇ ਕਿਹਾ ਕਿ ਸਾਧੂ ਦੇ ਕੱਪੜਿਆਂ ‘ਚ ਸਾਕਸ਼ੀ ਮਹਾਰਾਜ ਜੋ ਕਰ ਰਹੇ ਹਨ, ਇਹ ਸੰਤਾਂ ਦਾ ਅਪਮਾਨ ਹੈ।
ਸਾਕਸ਼ੀ ਮਹਾਰਾਜ ਪਹਿਲਾਂ ਵੀ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ‘ਚ ਰਹੇ ਹਨ। ਲੜਕੀਆਂ ਦੀ ਲੜਕਿਆਂ ਨਾਲ ਦੋਸਤੀ ਅਤੇ ਕੱਪੜਿਆਂ ‘ਤੇ ਬਿਆਨ ਦੇ ਕੇ ਵੀ ਉਹ ਆਲੋਚਨਾ ਦਾ ਸ਼ਿਕਾਰ ਹੋ ਚੁਕੇ ਹਨ। ਪਿਛਲੇ ਸਾਲ ਭਾਜਪਾ ਸਰਕਾਰ ‘ਚ ਮੰਤਰੀ ਸਵਾਤੀ ਸਿੰਘ 20 ਮਈ ਨੂੰ ਬੀਅਰ ਬਾਰ ਦਾ ਉਦਘਾਟਨ ਕਰ ਕੇ ਵਿਵਾਦਾਂ ‘ਚ ਫਸ ਗਈ ਸੀ। ਉਸ ਸਮੇਂ ਮਾਮਲਾ ਇੰਨਾ ਵਧਿਆ ਸੀ ਕਿ ਉਨ੍ਹਾਂ ਤੋਂ ਇਸ ‘ਤੇ ਜਵਾਬ ਵੀ ਮੰਗਿਆ ਸੀ। ਸਵਾਤੀ ਨੇ ਉਦੋਂ ਆਪਣੀ ਇਕ ਦੋਸਤ ਦੇ ਬਾਰ ਦਾ ਉਦਘਾਟਨ ਕਰਨ ਦੀ ਗੱਲ ਕਹੀ ਸੀ। ਸਾਕਸ਼ੀ ਮਹਾਰਾਜ ਨਾਈਟ ਕਲੱਬ ‘ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ। ਸਾਕਸ਼ੀ ਮਹਾਰਾਜ ਵੱਲੋਂ ਨਾਈਟ ਕਲੱਬ ਦਾ ਉਦਘਾਟਨ ਕਰਨ ਤੋਂ ਬਾਅਦ ਲੋਕ ਭਾਜਪਾ ਸਰਕਾਰ ਅਤੇ ਸਾਕਸ਼ੀ ਮਹਾਰਾਜ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਗਵਾ ਚੋਲਾ ਅਤੇ ਸਿਧਾਂਤਾਂ ਦੀ ਗੱਲ ਕਰਨ ਵਾਲੇ ਇਹ ਨੇਤਾ ਕਿਸੇ ਨਾ ਕਿਸੇ ਬਹਾਨੇ ਜਨਤਾ ਦੇ ਸਾਹਮਣੇ ਆਪਣੇ ਅਸਲੀ ਰੂਪ ‘ਚ ਆ ਹੀ ਜਾਂਦੇ ਹਨ। ਇਸ ਦੌਰਾਨ ਲਖਨਊ ‘ਚ ਅਲੀਗੰਜ ‘ਚ ਖੋਲ੍ਹੇ ਗਏ ਨਾਈਟ ਕਲੱਬ ਅਤੇ ਬਾਰ ਦਾ ਭਗਵਾ ਕੱਪੜਿਆਂ ‘ਚ ਉਦਘਾਟਨ ਕਰਨ ਪੁੱਜੇ ਸਾਕਸ਼ੀ ਮਹਾਰਾਸ਼ ਦਾ ਵਿਰੋਧ ਖੁਦ ਉਨ੍ਹਾਂ ਦੀ ਪਾਰਟੀ ਦੇ ਵਰਕਰ ਨੇ ਹੀ ਕੀਤਾ। ਭਾਜਪਾ ਵਰਕਰਾਂ ਨੇ ਸੰਸਦ ਮੈਂਬਰ ਦੀ ਸ਼ਿਕਾਇਤ ਪ੍ਰਦੇਸ਼ ਪ੍ਰਧਾਨ ਮਹੇਂਦਰ ਨਾਥ ਪਾਂਡੇ ਨੂੰ ਕੀਤੀ ਹੈ। ਇਸ ਦੌਰਾਨ ਸਪਾ ਬੁਲਾਰੇ ਸੁਨੀਲ ਸਿੰਘ ਨੇ ਆਪਣੇ ਟਵੀਟ ‘ਚ ਕਿਹਾ,”ਆਪਣੇ ਬਿਆਨਾਂ ਰਾਹੀਂ ਸੁਰਖੀਆਂ ‘ਚ ਰਹਿਣ ਵਾਲੇ ਬਾਬਾ ਨੂੰ ਨਾਈਟ ਕਲੱਬ ਦਾ ਉਦਘਾਟਨ ਕਰਨ ਤੋਂ ਪਰਹੇਜ ਨਹੀਂ ਹੈ। ਇਹ ਸਾਧੂ ਸੰਤਾਂ ਦਾ ਅਪਮਾਨ ਹੈ।