ਨਵਜੋਤ ਸਿੱਧੂ ਕੇਸ ਵਿੱਚ ਅਕਾਲੀਆਂ ਨੂੰ ਪਾਸੇ ਰਹਿਣ ਲਈ ਆਖਿਆ
ਮੁਹਾਲੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੱਤਭੇਦਾਂ ਦੀਆਂ ਰਿਪੋਰਟਾਂ ਨੂੰ ਮੀਡੀਆ ਦੀ ਉਪਜ ਦੱਸਦਿਆਂ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਨਵਜੋਤ ਸਿੱਧੂ ਕੇਸ ਨਾਲ ਅਕਾਲੀਆਂ ਦਾ ਕੋਈ ਲੈਣਾ-ਦੇਣਾ ਨਹੀਂ ਅਤੇ ਉਨਾਂ ਨੂੰ ਇਸ ਤੋਂ ਪਾਸੇ ਰਹਿਣਾ ਚਾਹੀਦਾ ਹੈ।
ਅੱਜ ਇੱਥੇ 9 ਨਵੀਆਂ ਐਬੂਲੈਂਸਾਂ ਦੀ ਫਲੀਟ ਨੂੰ ਝੰਡੀ ਦੇ ਕੇ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਵਿੱਚ ਮੁੱਖ ਮੰਤਰੀ ਨੇ ਸੰਸਦ ਮੈਂਬਰ ਅਬਿੰਕਾ ਸੋਨੀ ਵੱਲੋਂ ‘ਸੰਸਦ ਮੈਂਬਰ ਸਥਾਨਕ ਏਰੀਆ ਵਿਕਾਸ ਸਕੀਮ’ ਤਹਿਤ ਫੰਡਾਂ ਵਿੱਚੋਂ ਇਹ ਐਬੂਲੈਂਸਾਂ ਖਰੀਦਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਬਾਕੀ ਸੰਸਦ ਮੈਂਬਰਾਂ ਨੂੰ ਵੀ ਇਹ ਉੱਦਮ ਸ਼ੁਰੂ ਕਰਨ ਦੀ ਅਪੀਲ ਕੀਤੀ।ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਦਰਮਿਆਨ ਕੋਈ ਸਮੱਸਿਆ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਮੀਡੀਆ ਦੀ ਉਪਜ ਦੱਸਿਆ ਜਿਸ ਨੇ ਬਿਨਾਂ ਵਜਾ ਬਾਤ ਦਾ ਬਤੰਗੜ ਬਣਾ ਦਿੱਤਾ ਜਦਕਿ ਸ੍ਰੀ ਜਾਖੜ ਨੇ ਉਨਾਂ ਨੂੰ ਇਸ ਕਰਕੇ ਮਿਲੇ ਬਿਨਾਂ ਚਲੇ ਗਏ ਕਿਉਂਕਿ ਉਨਾਂ ਨੇ ਕਿਸੇ ਹੋਰ ਥਾਂ ਜਾਣਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਸੜਕ ’ਤੇ ਹੋਏ ਝਗੜੇ ਦੇ ਸਬੰਧ ਵਿੱਚ ਸੁਪਰੀਮ ਕੋਰਟ ਵਿੱਚ ਹੋ ਰਹੀ ਸੁਣਵਾਈ ਦੇ ਮੁੱਦੇ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵੱਲੋਂ ਅਸਤੀਫਾ ਦੇਣ ਦੀ ਲੋੜ ਨੂੰ ਇਕ ਵਾਰ ਫੇਰ ਰੱਦ ਕਰਦਿਆਂ ਕਿਹਾ ਕਿ ਇਹ ਸਥਿਤੀ ਸ੍ਰੀ ਸਿੱਧੂ ਦੇ ਅਸਤੀਫੇ ਦੀ ਮੰਗ ਨਹੀਂ ਕਰਦੀ। ਸ੍ਰੀ ਸਿੱਧੂ ਦਾ ਅਸਤੀਫਾ ਮੰਗ ਰਹੇ ਅਕਾਲੀਆਂ ’ਤੇ ਵਰਦਿਆਂ ਮੁੱਖ ਮੰਤਰੀ ਨੇ ਉਨਾਂ ਨੂੰ ਇਸ ਮੁੱਦੇ ਤੋਂ ਪਾਸੇ ਰਹਿਣ ਲਈ ਆਖਿਆ ਜਿਸ ਨਾਲ ਉਨਾਂ ਦਾ ਰੱਤੀ ਭਰ ਵੀ ਸਬੰਧ ਨਹੀਂ ਹੈ।
ਫਗਵਾੜਾ ਵਿੱਚ ਹੋਈ ਝੜਪ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ। ਉਨਾਂ ਕਿਹਾ ਕਿ ਅੰਬੇਦਕਰ ਜੈਅੰਤੀ ਮੌਕੇ ਹਿੰਸਾ ਲਈ ਜ਼ਿੰਮੇਵਾਰ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ ਅਤੇ ਬਾਕੀਆਂ ਨੂੰ ਛੇਤੀ ਗਿ੍ਰਫਤਾਰ ਕਰ ਲਿਆ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਉਨਾਂ ਦੀ ਸਰਕਾਰ ਕਿਸੇ ਨੂੰ ਵੀ ਸੂਬੇ ਦੀ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ। ਉਨਾਂ ਕਿਹਾ ਕਿ ਸੂਬੇ ਵਿੱਚ ਕਿਸੇ ਕਿਸਮ ਦੀ ਗੜਬੜ ਕਰਨ ਵਾਲੇ ਤੱਤਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਐਬੂਲੈਂਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਚੀਨ ਦੀ ਇਕ ਕੰਪਨੀ ਨੇ ਮੁਹਾਲੀ ਵਿੱਚ ਮੋਬਾਈਲ ਹੈਂਡਸੈੱਟ ਬਣਾਉਣ ਦਾ ਯੂਨਿਟ ਸਥਾਪਤ ਕਰਨ ਲਈ ਦਿਲਚਸਪੀ ਜ਼ਾਹਰ ਕੀਤੀ ਹੈ ਅਤੇ ਮੁਹਾਲੀ ਇਸ ਵੇਲੇ ਸਨਅਤ ਅਤੇ ਸੂਚਨਾ ਤਕਨਾਲੋਜੀ ਦਾ ਧੁਰਾ ਬਣ ਕੇ ਉੱਭਰਿਆ ਹੈ। ਉਨਾਂ ਨੇ ਇਸ ਗੱਲ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਇਸ ਵੇਲੇ ਨਾ ਸਿਰਫ ਦੇਸ਼ ਵਿੱਚੋਂ ਸਗੋਂ ਦੁਨੀਆਂ ਦੇ ਹੋਰ ਹਿੱਸਿਆਂ ਵਿੱਚੋਂ ਵੀ ਸਨਅਤਕਾਰਾਂ ਅਤੇ ਨਿਵੇਸ਼ਕਾਂ ਪਾਸੋਂ ਸਰਕਾਰ ਨੂੰ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ।