ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਲੱਗੀ ਗੋਲੀ

ਮੋਹਾਲੀ—ਮੋਹਾਲੀ ‘ਚ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ। ਪਰਮੀਸ਼ ਨੂੰ ਜ਼ਖਮੀ ਹਾਲਤ ‘ਚ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਪਰਮੀਸ਼ ਵਰਮਾ ‘ਗਾਲ ਨਈਂ ਕੱਢਣੀ’ ਗੀਤ ਨਾਲ ਸੁਰਖੀਆਂ ‘ਚ ਆਏ ਸਨ। ਐੱਸ. ਏ. ਐੱਮ. ਨਗਰ ਦੇ ਕੁਲਦੀਪ ਚਾਹਲ ਨੇ ਕਿਹਾ ਕਿ ਪਰਮੀਸ਼ ਨੂੰ ਮੋਹਾਲੀ ਦੇ ਸੈਕਟਰ 91 ‘ਚ ਦੇਰ ਰਾਤ ਅਣਪਛਾਣੇ ਵਿਅਕਤੀ ਨੇ ਗੋਲੀ ਮਾਰੀ ਸੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਮੋਹਾਲੀ ਦੇ ਐੱਸ. ਐੱਸ. ਪੀ. ਨੇ ਇਸ ਮਾਮਲੇ ‘ਚ ਬੋਲਦੇ ਹੋਏ ਕਿਹਾ, ਪਰਮੀਸ਼ ਵਰਮਾ ਦਾ ਰਾਤ ਨੂੰ ਤਕਰੀਬਨ 12:30 ਵਜੇ ਫੋਨ ਆਇਆ ਸੀ ਕਿ ਉਸ ‘ਤੇ ਗੋਲੀ ਚਲਾਈ ਗਈ ਹੈ। ਅਸੀਂ ਤੁਰੰਤ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਉਸ ਦੀ ਲੱਤ ‘ਤੇ ਇਕ ਗੋਲੀ ਵੱਜੀ ਸੀ, ਜਿਸ ਕਿਸੇ ਕ੍ਰੋਟਾ ਕਾਰ ਵਾਲੇ ਨੇ ਮਾਰੀ ਸੀ। ਸਾਨੂੰ ਅੱਜ ਸਵੇਰੇ ਪਤਾ ਲੱਗਾ ਹੈ ਕਿ ਪਹਿਲਾਂ ਵੀ ਪਰਮੀਸ਼ ਵਰਮਾ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ। ਜੇਕਰ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਉਸ ਦੀ ਸੁਰੱਖਿਆ ਲਈ ਕੋਈ ਨਾ ਕੋਈ ਵਿਵਸਥਾ ਜ਼ਰੂਰ ਕਰਦੇ। ਅਸੀਂ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਤੇ ਸਾਨੂੰ ਉਨ੍ਹਾਂ ਦਾ ਸੁਰਾਗ ਵੀ ਮਿਲ ਚੁੱਕਾ ਹੈ।