ਬਿਹਾਰ: ਟਰੇਨ ਹਾਦਸੇ ‘ਚ ਇਕ ਦੀ ਮੌਤ, 2 ਜ਼ਖਮੀ

ਲਖੀਸਰਾਏ— ਬਿਹਾਰ ਦੇ ਲਖੀਸਰਾਏ ਜ਼ਿਲੇ ਦੇ ਕਿਊਲ ਰੇਲਵੇ ਸਟੇਸ਼ਨ ਕੋਲ ਸ਼ਨੀਵਾਰ ਨੂੰ ਟਰੈਕ ਕਿਨਾਰੇ ਰੱਖੀ ਰੇਲ ਪੱਟੜੀ ਮੋਰੀਆ ਐਕਸਪ੍ਰੈੱਸ ਦੀ ਇਕ ਬੋਗੀ ‘ਚ ਵੜਨ ਨਾਲ ਇਕ ਯਾਤਰੀ ਦੀ ਮੌਤ ਹੋ ਗਈ, ਜਦੋਂ ਕਿ 2 ਜ਼ਖਮੀ ਹੋ ਗਏ। ਪੁਲਸ ਅਨੁਸਾਰ ਕਿਊਲ ਰੇਲਵੇ ਸਟੇਸ਼ਨ ਕੋਲ ਹਟੀਆ-ਗੋਰਖਪੁਰ ਮੋਰੀਆ ਐਕਸਪ੍ਰੈੱਸ ਜਿਸ ਟਰੈਕ ਤੋਂ ਲੰਘ ਰਹੀ ਸੀ, ਉਸੇ ਕੋਲ ਰੱਖੀਆਂ ਰੇਲ ਪੱਟੜੀਆਂ ‘ਚੋਂ 10 ਫੁੱਟ ਦੀ ਪੱਟੜੀ ਅਚਾਨਕ ਬੋਗੀ ‘ਚ ਜਾ ਵੜੀ। ਇਸ ਪੱਟੜੀ ਦੀ ਲਪੇਟ ‘ਚ ਆਉਣ ਨਾਲ ਇਕ ਯਾਤਰੀ ਦੀ ਮੌਤ ਹੋ ਗਈ, ਜਦੋਂ ਕਿ 2 ਜ਼ਖਮੀ ਹੋ ਗਏ।
ਮ੍ਰਿਤਕ ਦੀ ਪਛਾਣ ਸਹਾਰਨਪੁਰ ਦੇ ਮੰਗਲ ਸੇਠ ਦੇ ਰੂਪ ‘ਚ ਕੀਤੀ ਗਈ ਹੈ। ਇਸ ਘਟਨਾ ਦੌਰਾਨ ਤੇਜ਼ ਆਵਾਜ਼ ਕਾਰਨ ਰੇਲ ਗੱਡੀ ‘ਚ ਭੱਜ-ਦੌੜ ਮਚ ਗਈ। ਕਿਊਲ ਰੇਲ ਥਾਣੇ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ,”ਜ਼ਖਮੀਆਂ ਨੂੰ ਕਿਊਲ ਰੇਲਵੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਇਕ ਯਾਤਰੀ ਨੂੰ ਪਟਨਾ ਜਦੋਂ ਕਿ ਦੂਜੇ ਨੂੰ ਲਖੀਸਰਾਏ ਹਸਪਤਾਲ ਭੇਜ ਦਿੱਤਾ ਗਿਆ ਹੈ।”
ਪੂਰਬ-ਮੱਧ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਕੁਝ ਦੇਰ ਬਾਅਦ ਤੱਕ ਝਾਝਾ-ਕਿਊਲ ਰੇਲ ਖੰਡ ‘ਤੇ ਟਰੇਨਾਂ ਦੀ ਆਵਾਜਾਈ ਠੱਪ ਸੀ, ਹੁਣ ਆਵਾਜਾਈ ਆਮ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਸੇ ਸਾਜਿਸ਼ ਦਾ ਸ਼ੱਕ ਜ਼ਾਹਰ ਕਰਦੇ ਹੋਏ ਕਿਹਾ ਕਿ ਪੁਰਾਣੀਆਂ ਪੱਟੜੀਆਂ ਰੇਲ ਪੱਟੜੀ ਦੇ ਕਿਨਾਰੇ ਹੀ ਰੱਖੀਆਂ ਜਾਂਦੀਆਂ ਰਹੀਆਂ ਹਨ ਪਰ ਅਜਿਹੀ ਘਟਨਾ ਕਦੇ ਵਾਪਰੀ ਨਹੀਂ। ਉਨ੍ਹਾਂ ਨੇ ਦੱਸਿਆ ਕਿ ਮੋਰਿਆ ਐਕਸਪ੍ਰੈੱਸ ਨੂੰ ਵੀ ਮੰਜ਼ਲ ਲਈ ਰਵਾਨਾ ਕਰ ਦਿੱਤਾ ਗਿਆ ਹੈ।