‘ਸਿੱਖ ਹੈਰੀਟੇਜ ਮੰਥ’ ਦੌਰਾਨ ਹਰਜੀਤ ਸਿੰਘ ਸੰਧੂ ਦੀਆਂ ਮੋਜ਼ੇਕ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਗਈ

ਡਾ. ਬਲਬੀਰ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਜਬਰ-ਜ਼ੁਲਮ, ਬੇਇਨਸਾਫ਼ੀਆਂ ਵਿਰੁੱਧ ਡਟ ਕੇ ਲੜਨ ਦਾ ਕੀਤਾ ਪ੍ਰਣ
ਤਲਵੰਡੀ ਸਾਬੋ (ਬਠਿੰਡਾ) – ਆਮ ਆਦਮ ਪਾਰਟੀ (ਆਪ) ਪੰਜਾਬ ਦੀ ਸਮੁੱਚੀ ਸੂਬਾ ਲੀਡਰਸ਼ਿਪ ਅੱਜ ਖ਼ਾਲਸਾ ਪੰਥ ਦੇ ਸਿਰਜਣਹਾਰ ਅਤੇ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ-ਛੋਹ ਪ੍ਰਾਪਤ ਸਰਜਮੀਂ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਖ਼ਾਲਸਾ ਸਿਰਜਣਾ ਦਿਵਸ ਅਤੇ ਵਿਸਾਖੀ ਮੌਕੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ‘ਚ ਨਤਮਸਤਕ ਹੋਈ। ਇਸ ਮੌਕੇ ‘ਆਪ’ ਆਗੂਆਂ ਨੇ ਪੰਜਾਬ ਅਤੇ ਸਮੁੱਚੇ ਪੰਜਾਬੀਆਂ ਸਮੇਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਦੱਸੇ ਮਾਰਗ ‘ਤੇ ਚੱਲਦਿਆਂ ਪਾਰਟੀ ਲੀਡਰਸ਼ਿਪ ਨੇ ਗ਼ਰੀਬਾਂ, ਮਜਲੂਮਾਂ ਅਤੇ ਸਮਾਜ ਦੇ ਹਰ ਦੱਬੇ ਕੁਚਲੇ ਵਰਗ ਦੇ ਹੱਕ ‘ਚ ਜਬਰ ਜ਼ੁਲਮ ਅਤੇ ਬੇਇਨਸਾਫ਼ੀਆਂ ਵਿਰੁੱਧ ਡਟਣ ਦਾ ਪ੍ਰਣ ਲਿਆ।
‘ਆਪ’ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਪ੍ਰੋਗਰਾਮ ਕੁਆਰਡੀਨੇਟਰ ਅਤੇ ਸੂਬਾ ਜਨਰਲ ਸਕੱਤਰ ਜਰਨੈਲ ਮੰਨੂ ਅਤੇ ਬਠਿੰਡਾ ਜ਼ਿਲ੍ਹਾ ਇਕਾਈ ਵੱਲੋਂ ਆਯੋਜਿਤ ਸਾਦੇ ਪੰਡਾਲ ਵਿਚ ਪਾਰਟੀ ਦੇ ਸਾਰੇ ਜ਼ੋਨ ਪ੍ਰਧਾਨ, ਵਿਧਾਇਕ, ਜ਼ਿਲ੍ਹਾ ਪ੍ਰਧਾਨ, ਹਲਕਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਸੂਬਾ ਪੱਧਰੀ ਅਹੁਦੇਦਾਰ ਇਕੱਠੇ ਹੋਏ ਅਤੇ ਫਿਰ ਤਖ਼ਤ ਸ੍ਰੀ ਦਮਦਮਾ ਸਾਹਿਬ ‘ਤੇ ਮੱਥਾ ਟੇਕਣ ਗਏ।
‘ਆਪ’ ਵਲੰਟੀਅਰਾਂ ਅਤੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਆਸਥਾ ਦੇ ਮੱਦੇਨਜ਼ਰ ‘ਆਪ’ ਨੇ ਇਸ ਵਾਰ ਰਿਵਾਇਤੀ ਸਿਆਸੀ ਪਾਰਟੀਆਂ ਨਾਲੋਂ ਹਟ ਕੇ ਹਾਜ਼ਰੀ ਭਰੀ। ਨਾ ਹੀ ਮੰਚ ਲਗਾਇਆ ਅਤੇ ਨਾ ਹੀ ਸਿਆਸੀ ਬਿਆਨਬਾਜ਼ੀ ਜਾਂ ਦੂਸ਼ਣਬਾਜ਼ੀ ਕੀਤੀ। ਚੰਦ ਬੁਲਾਰਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਨਵਤਾ ਦੀ ਭਲਾਈ ਵਾਲੇ ਫ਼ਲਸਫ਼ੇ ਅਤੇ ਜਬਰ-ਜ਼ੁਲਮ ਵਿਰੁੱਧ ਡਟ ਕੇ ਲੜਨ ਦੇ ਸੰਦੇਸ਼ ਨੂੰ ਦੁਹਰਾਉਂਦੇ ਹੋਏ ਅਹਿਦ ਲਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਦੀ ਸਰਜਮੀਂ ਉੱਪਰ ਅਪਣਾ ‘ਕਮਰਕੱਸਾ’ ਖ਼ੋਲ ਦੇ ਹੋਏ ਜਬਰ-ਜ਼ੁਲਮ ਅਤੇ ਬੇਇਨਸਾਫ਼ੀਆਂ ਖ਼ਿਲਾਫ਼ ਅਗਲੇ ਯੁੱਧਾਂ ਦੀ ਜ਼ਿੰਮੇਵਾਰੀ ਖ਼ਾਲਸਾ ਪੰਥ ਨੂੰ ਸੌਂਪੀ ਸੀ। ਇਸ ਲਈ ਅੱਜ ਇਸ ਪਵਿੱਤਰ ਦਿਹਾੜੇ ਉੱਤੇ ਆਮ ਆਦਮੀ ਪਾਰਟੀ ਇਕਸੁਰ ਅਤੇ ਇੱਕਜੁੱਟ ਹੋ ਕੇ ਅਹਿਦ ਦੁਹਰਾਉਂਦੀ ਹੈ ਕਿ ਹਰ ਜ਼ੁਲਮ, ਧੱਕੇਸ਼ਾਹੀ ਅਤੇ ਬੇਇਨਸਾਫ਼ੀ ਵਿਰੁੱਧ ਅੱਗੇ ਹੋ ਕੇ ਲੜੇਗੀ ਅਤੇ ਗ਼ਰੀਬ ਮਜ਼ਲੂਮ ਅਤੇ ਪੀੜਤ ਨਾਲ ਡਟ ਕੇ ਖੜੇਗੀ।
ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਉਪਰੰਤ ‘ਆਪ’ ਆਗੂਆਂ ਨੇ ਪਾਰਟੀ ਵੱਲੋਂ ਆਯੋਜਿਤ ਮੈਡੀਕਲ ਕੈਂਪ, ਠੰਢੇ ਜਲ ਦੀਆਂ ਛਬੀਲਾਂ, ਜੋੜਾ ਘਰ ਅਤੇ ਲੰਗਰ ‘ਚ ਸੇਵਾ ਕੀਤੀ।
‘ਆਪ’ ਦੇ ਪ੍ਰਮੁੱਖ ਆਗੂਆਂ ‘ਚ ਵਿਧਾਇਕ ਕੰਵਰ ਸੰਧੂ, ਕੁਲਤਾਰ ਸਿੰਘ ਸੰਧਵਾਂ, ਪ੍ਰਿੰਸੀਪਲ ਬੁੱਧਰਾਮ, ਹਰਪਾਲ ਸਿੰਘ ਚੀਮਾਂ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਅਮਰਜੀਤ ਸਿੰਘ ਸੰਦੋਆ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਜੈਤੋ, ਜਗਤਾਰ ਸਿੰਘ ਜੱਗਾ, ਮਾਲਵਾ ਜ਼ੋਨ-1 ਦੇ ਪ੍ਰਧਾਨ ਅਨਿਲ ਠਾਕੁਰ, ਮਾਲਵਾ ਜ਼ੋਨ-2 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਖ਼ਜ਼ਾਨਚੀ ਸੁਖਵਿੰਦਰ ਸੁੱਖੀ, ਪ੍ਰੋਗਰਾਮ ਕੁਆਰਡੀਨੇਟਰ ਅਤੇ ਵਲੰਟੀਅਰ ਪਹੁੰਚੇ ਹੋਏ ਸਨ।