ਕੈਪਟਨ ਨੇ ਕੱਢੇ ਪੁਲਿਸ ਅਫਸਰਾਂ ਦੇ ਵੱਟ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਪੁਲਿਸ ਮੁਖੀ ਸਮੇਤ ਕਈ ਆਹਲਾ ਅਧਿਕਾਰੀਆਂ ਨੂੰ ਸੁਧਰ ਜਾਣ ਦੀ ਤਾਕੀਦ ਕਰਦਿਆਂ ਧਮਕੀ ਰੂਪੀ ਚੇਤਾਵਨੀ ਦਿੱਤੀ ਕਿ ਅਨੁਸ਼ਾਸਨ ਤੋੜਨ ਵਾਲੇ ਅਫ਼ਸਰਾਂ ਨੂੰ ‘ਕੱਢਣ’ ਵਿੱਚ ਕੋਈ ਦੇਰੀ ਨਹੀਂ ਕੀਤੀ ਜਾਵੇਗੀ। ਕੈਪਟਨ ਨੇ ਪੁਲਿਸ ਅਫ਼ਸਰਾਂ ਨੂੰ ਆਪਣੇ ਕਿੱਤੇ ਵਿੱਚ ਆਪਸੀ ਕਿੜ੍ਹਾਂ ਅਦਾਲਤਾਂ ਤੇ ਮੀਡੀਆ ਵਿੱਚ ਕੱਢਣ ਤੋਂ ਸਖ਼ਤ ਪਰਹੇਜ਼ ਕਰਨ ਲਈ ਵੀ ਕਿਹਾ।

ਗ੍ਰਹਿ ਮੰਤਰਾਲਾ ਸੰਭਾਲ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਬੰਦ ਕਮਰਾ ਮੀਟਿੰਗ ਦੌਰਾਨ ਖਾਸੀ ਝਾੜ ਪਾਈ। ਬੀਤੇ ਦਿਨੀਂ ਵਿਵਾਦ ਤੇ ਮੁੱਖ ਮੰਤਰੀ ਲਈ ਸਿਰਦਰਦੀ ਦਾ ਕਾਰਨ ਬਣੇ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਤੇ ਡੀਜੀਪੀ ਸਿਧਾਰਥ ਚਟੋਪਾਧਿਆਏ ਸਮੇਤ ਕੈਪਟਨ ਦੀ ਬੈਠਕ ਵਿੱਚ ਸਾਰੇ ਡੀਜੀਪੀ ਹਾਜ਼ਰ ਸਨ, ਪਰ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਗ਼ੈਰ-ਹਾਜ਼ਰ ਰਹੇ। ਮੀਟਿੰਗ ਵਿੱਚ 17 ਏਡੀਜੀਪੀਜ਼ ਨੇ ਵੀ ਹਿੱਸਾ ਲਿਆ।

ਬੈਠਕ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮੌਜੂਦਾ ਪੁਲਿਸ ਅਧਿਕਾਰੀਆਂ ਵਿੱਚ ਵਧੀ ਤਲਖ਼ੀ ਤੇ ਇਸ ਕਾਰਨਾਂ ਕਾਰਨ ਵਾਪਰੀਆਂ ਘਟਨਾਵਾਂ ‘ਤੇ ਹੈਰਾਨੀ ਪ੍ਰਗਟਾਈ ਤੇ ਸਾਰੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਪਟਨ ਨੇ ਕਿਹਾ ਕਿ ਪ੍ਰੋਫੈਸ਼ਨਲ ਪ੍ਰੌਬਲਮਜ਼ ਨੂੰ ਅਦਾਲਤਾਂ ਵਿੱਚ ਘੜੀਸਣ ਵਰਗੀਆਂ ਹਰਕਤਾਂ ਸਹਿਣਯੋਗ ਨਹੀਂ ਹਨ ਤੇ ਇਨ੍ਹਾਂ ਨੂੰ ਇੱਥੇ ਹੀ ਬੰਦ ਕਰਨਾ ਹੋਵੇਗਾ।

ਬੁਲਾਰੇ ਨੇ ਮੁਤਾਬਕ ਕੈਪਟਨ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਕਿਸੇ ਸੀਨੀਅਰ ਅਧਿਕਾਰੀ ਨੂੰ ਆਪਣੇ ਪੇਸ਼ੇ ਵਿੱਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਪਹਿਲਾਂ ਸੂਬੇ ਦੇ ਪੁਲਿਸ ਮੁਖੀ ਨੂੰ ਮਿਲੇ, ਜੇਕਰ ਉੱਥੇ ਗੱਲ ਨਹੀਂ ਬਣਦੀ ਤਾਂ ਪੜਾਅ ਦਰ ਪੜਾਅ ਗ੍ਰਹਿ ਸਕੱਤਰ, ਫਿਰ ਮੁੱਖ ਸਕੱਤਰ ਨੂੰ ਮਿਲ ਸਕਦਾ ਹੈ। ਮੁੱਖ ਮੰਤਰੀ ਨੇ ਫ਼ਰਾਖ਼ਦਿਲੀ ਵਿਖਾਉਂਦਿਆਂ ਕਿਹਾ ਕਿ ਜੇਕਰ ਫਿਰ ਵੀ ਹੱਲ ਨਹੀਂ ਹੁੰਦਾ ਤਾਂ ਕੋਈ ਵੀ ਸਿੱਧਾ ਉਨ੍ਹਾਂ ਕੋਲ ਆ ਸਕਦਾ ਹੈ।

ਮੁੱਖ ਮੰਤਰੀ ਨੇ ਤਾੜਨਾ ਕੀਤੀ ਕਿ ਸਾਰੇ ਪੁਲਿਸ ਅਧਿਕਾਰੀ ਸੂਬੇ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਦੀ ਕਪਤਾਨੀ ਹੇਠ ਹੀ ਕੰਮ ਕਰਨਗੇ। ਕੈਪਟਨ ਨੇ ਅਰੋੜਾ ਦੇ ਕਸੀਦੇ ਪੜ੍ਹਦਿਆਂ ਕਿਹਾ ਕਿ ਪੰਜਾਬ ਡੀਜੀਪੀ ਦੀ ਕੇਂਦਰ ਵਿੱਚ ਮੰਗ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਦੇ ਤਜ਼ਰਬੇ ਦੀ ਸੂਬੇ ਨੂੰ ਲੋੜ ਦਾ ਵਾਸਤਾ ਪਾ ਕੇ ਕੈਪਟਨ ਨੇ ਕੇਂਦਰ ਨੂੰ ਆਪਣਾ ਫ਼ੈਸਲਾ ਵਾਪਸ ਲੈਣ ਦੀ ਬੇਨਤੀ ਕੀਤੀ।