ਵਿਧਾਇਕ ‘ਤੇ ਰੇਪ ਦੇ ਇਲਜ਼ਾਮ ਨੇ ਬੀਜੇਪੀ ‘ਚ ਮਚਾਈ ਤਰਥੱਲੀ

ਲਖਨਊ: ਉਨਾਵ ਗੈਂਗਰੇਪ ਮਾਮਲੇ ਸਬੰਧੀ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਵਿਧਾਇਕ ਕੁਲਦੀਪ ਸੇਂਗਰ ਨੂੰ ਤਲਬ ਕਰ ਲਿਆ ਹੈ। ਉਨਾਵ ਵਿੱਚ ਬਲਾਤਕਾਰ ਪੀੜਤਾ ਦੇ ਪਿਤਾ ਦੀ ਜੇਲ੍ਹ ’ਚ ਮੌਤ ਹੋਣ ਪਿੱਛੋਂ ਯੋਗੀ ਸਰਕਾਰ ਨੇ 6 ਪੁਲਿਸ ਮੁਲਾਜ਼ਮਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਮੁਲਜ਼ਮ ਵਿਧਾਇਕ ਦੇ ਚਾਰ ਸਮਰਥਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ। ਹਾਲੇ ਤਕ ਇਸ ਮਾਮਲੇ ਸਬੰਧੀ ਕੋਈ ਕੇਸ ਦਰਜ ਨਹੀਂ ਹੋਇਆ ਹੈ।

ਇਹ ਮਾਮਲਾ ਯੂਪੀ ਦੇ ਉਨਾਵ ਦਾ ਹੈ ਜਿੱਥੇ ਇੱਕ ਲੜਕੀ ਨੇ ਬਾਂਗਰਮਊ ਤੋਂ ਵਿਧਾਇਕ ਕੁਲਦੀਪ ਸੇਂਗਰ ’ਤੇ ਬਲਾਤਕਾਰ ਦਾ ਇਲਜ਼ਾਮ ਲਾਇਆ ਹੈ। ਘਟਨਾ ਪਿਛਲੇ ਸਾਲ ਜੂਨ ’ਚ ਵਾਪਰੀ।

ਪੀੜਤ ਲੜਕੀ ਨੇ ਕੱਲ੍ਹ ਮੁੱਖ ਮੰਤਰੀ ਯੋਗੀ ਦੇ ਘਰ ਬਾਹਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਬੀਤੀ ਰਾਤ ਲੜਕੀ ਦੇ ਪਿਤਾ ਦੀ ਜੇਲ੍ਹ ਅੰਦਰ ਭੇਤਭਰੀ ਹਾਲਤ ’ਚ ਮੌਤ ਹੋ ਗਈ। ਪੀੜਤਾ ਨੇ ਵਿਧਾਇਕ ’ਤੇ ਜੇਲ੍ਹ ਵਿੱਚ ਕਤਲ ਕਰਾਉਣ ਦਾ ਦੋਸ਼ ਲਾਇਆ ਹੈ। ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।