ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਵਾਦਤ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ‘ਤੇ ਰੋਕ ਲਾਉਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੈਂਸਰ ਬੋਰਡ ਦਾ ਗਠਨ ਕਰਨ ਦਾ ਐਲਾਨ ਕੀਤਾ। ਸਿੰਘ ਸਾਹਿਬ ਨੇ ਕਿਹਾ ਕਿ ਇਸ ਬੋਰਡ ਵਿੱਚ ਐਸ.ਜੀ.ਪੀ.ਸੀ., ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਇਤਿਹਾਸਕਾਰ, ਬੁੱਧੀਜੀਵ, ਧਾਰਮਿਕ ਸਖ਼ਸ਼ੀਅਤਾਂ, ਸਿੱਖ ਸੰਪਰਦਾਵਾਂ, ਸੰਤ ਸਮਾਜ ਤੇ ਫ਼ਿਲਮਕਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਫ਼ਿਲਮ ਬਣਾਉਣ ਤੋਂ ਪਹਿਲਾਂ ਸਿੱਖ ਸੈਂਸਰ ਬੋਰਡ ਤੋਂ ਫ਼ਿਲਮ ਦੀ ਪਟਕਥਾ (ਸਕ੍ਰਿਪਟ) ਤਿਆਰ ਕਰਨ ਦੀ ਮਨਜ਼ੂਰੀ ਲੈਣੀ ਹੋਵੇਗੀ। ਬੋਰਡ ਦੀ ਸਿਫ਼ਾਰਸ਼ ਤੋਂ ਬਾਅਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫ਼ਿਲਮ ਬਣਾਉਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।

ਉਨ੍ਹਾਂ ਫ਼ਿਲਮ ‘ਤੇ ਰੋਕ ਲਾਉਣ ਲਈ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਨਾਨਕ ਸ਼ਾਹ ਫ਼ਕੀਰ ਫ਼ਿਲਮ ਨੂੰ ਰਿਲੀਜ਼ ਹੋਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਢੰਗ ਨਾਲ ਹੀ ਫ਼ਿਲਮ ਦਾ ਵਿਰੋਧ ਕਰਨ।