ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਨੂੰ ਕਿਹਾ ਹੈ ਕਿ ਚੁਰਾਸੀ ਕਤਲੇਆਮ ਦੇ ਮੁਲਜ਼ਮਾਂ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਤੋਂ ਖੁਦ ਨੂੰ ਵੱਖ ਕਰਨ ਦਾ ਸਿਆਸੀ ਡਰਾਮਾ ਨਾ ਕਰੇ ਸਗੋਂ ਦੋਵਾਂ ਨੂੰ ਤੁਰੰਤ ਪਾਰਟੀ ਵਿੱਚੋਂ ਬਾਹਰ ਕੱਢੇ।

ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਦਿੱਲੀ ਵਿੱਚ ਰਾਹੁਲ ਗਾਂਧੀ ਦੇ ਧਰਨੇ ਵਾਲੀ ਥਾਂ ਤੋਂ ਟਾਈਟਲਰ ਤੇ ਸੱਜਣ ਕੁਮਾਰ ਨੂੰ ਚਲੇ ਜਾਣ ਲਈ ਦਿੱਤਾ ਗਿਆ ਹੁਕਮ ਕਾਂਗਰਸੀ ਪਾਖੰਡ ਦੀ ਮਿਸਾਲ ਹੈ। ਉਨ੍ਹਾਂ ਕਿਹਾ ਸੱਚਾਈ ਇਹ ਹੈ ਕਿ ਇਨ੍ਹਾਂ ਆਗੂਆਂ ਦਾ ਧਰਨੇ ਵਾਲੀ ਥਾਂ ਉੱਤੇ ਜਾਣਾ ਇਹ ਸਾਬਤ ਕਰਦਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਸਰਗਰਮ ਮੈਂਬਰ ਹਨ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਤੇ ਗਾਂਧੀ ਪਰਿਵਾਰ ਵੱਲੋਂ ਗੁਪਤ ਤੌਰ ‘ਤੇ ਇਨ੍ਹਾਂ ਦੀ ਪੁਸ਼ਤਪਨਾਹੀ ਜਾਰੀ ਹੈ।

ਚੀਮਾ ਨੇ ਕਿਹਾ ਕਿ ਭਾਵੇਂ ਕਾਂਗਰਸ ਪਾਰਟੀ ਨੇ ਮਜ਼ਬੂਰੀਵੱਸ ਦੋਵੇਂ ਆਗੂਆਂ ਨੂੰ ਧਰਨੇ ਵਾਲੀ ਥਾਂ ਤੋਂ ਚਲੇ ਜਾਣ ਲਈ ਕਿਹਾ ਪਰ ਕਾਂਗਰਸ ਨੇ ਇਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਪਾਰਟੀ ਤੇ ਗਾਂਧੀ ਪਰਿਵਾਰ ਨੂੰ ਡਰ ਲੱਗਦਾ ਹੈ ਕਿ ਇਹ ਦੋਵੇਂ ਆਗੂ ਕੁਝ ਅਜਿਹੇ ਤੱਥ ਉਜਾਗਰ ਕਰ ਦੇਣਗੇ, ਜਿਸ ਨਾਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਗਾਂਧੀ ਪਰਿਵਾਰ 1984 ਕਤਲੇਆਮ ਦੇ ਕੇਸਾਂ ਵਿੱਚ ਲਪੇਟੇ ਜਾਣਗੇ।