ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸੂਬੇ ਵਿਚ ਇਸ ਵਰੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਮੌਜ਼ੂਦਾ ਪੰਚਾਇਤੀ ਰਾਜ ਕਾਨੂੰਨ ਅਤੇ ਇਸ ਦੇ ਨਿਯਮਾਂ ਅਨੁਸਾਰ ਹੀ ਹੋਣਗੀਆਂ। ਉਹਨਾਂ ਕਿਹਾ ਕਿ ਇਸ ਸਾਲ ਦੇ ਅੱਧ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀ ਵਾਰਡਬੰਦੀ ਦਾ ਕੰਮ ਆਖਰੀ ਪੜਾਅ ਉੱਤੇ ਹੈ।
ਸ਼੍ਰੀ ਬਾਜਵਾ ਨੇ ਕਿਹਾ ਕਿ ਪੰਚਾਂ-ਸਰਪੰਚਾਂ ਲਈ ਦਸਵੀਂ ਪੱਧਰ ਤੱਕ ਦੀ ਵਿਦਿਅਕ ਯੋਗਤਾ ਮਿੱਥਣ ਅਤੇ ਦੋ ਤੋਂ ਵੱਧ ਬੱਚਿਆਂ ਵਾਲੇ ਵਿਅਕਤੀਆਂ ਨੂੰ ਪੰਚਾਇਤੀ ਚੋਣਾਂ ਲੜਣ ਲਈ ਅਯੋਗ ਕਰਾਰ ਦੇਣ ਵਾਲੇ ਵਿਚਾਰਾਂ ਉੱਤੇ ਆਮ ਸਹਿਮਤੀ ਨਾ ਬਣ ਸਕਣ ਕਾਰਨ ਇਹ ਮਾਮਲੇ ਹਾਲ ਦੀ ਘੜੀ ਛੱਡ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਮਾਮਲਿਆਂ ਉੱਤੇ ਪੰਜਾਬ ਵਜ਼ਾਰਤੀ ਮੰਡਲ ਵਿਚ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ ਇਸ ਸਬੰਧੀ ਵੱਖ ਵੱਖ ਪੱਧਰਾਂ ਉੱਤੇ ਲੋਕਾਂ ਦੀ ਰਾਇ ਜਾਣ ਲਈ ਜਾਵੇ। ਇਸ ਸਬੰਧੀ ਪੇਂਡੂ ਸਮਾਜ ਨਾਲ ਜੁੜੇ ਸਮਾਜ ਦੇ ਭਿੰਨ ਭਿੰਨ ਵਰਗਾਂ ਦੇ ਮਾਹਰਾਂ, ਸਮਾਜ ਵਿਗਿਆਨੀਆਂ ਅਤੇ ਲੋਕਾਂ ਦੇ ਪ੍ਰਤੀਨਿੱਧਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹੀ ਫੈਸਲਾ ਕੀਤਾ ਗਿਆ ਕਿ ਇਹਨਾਂ ਚੋਣ ਸੁਧਾਰਾਂ ਲਈ ਅਜੇ ਲੋਕਾਂ ਨੂੰ ਹੋਰ ਜਾਗਰੂਕ ਖੀਤਾ ਜਾਣਾ ਚਾਹੀਦਾ ਹੈ।
ਪੰਚਾਇਤ ਮੰਤਰੀ ਨੇ ਦੱਸਿਆ ਕਿ ਆਗਾਮੀ ਪੰਚਾਇਤੀ ਰਾਜ ਚੋਣਾਂ ਪਿਛਲੀ ਚਾਰ ਦੀ ਤਰਾਂ ਦੋ ਪੜਾਵਾਂ ਵਿਚ ਕਰਵਾਈਆਂ ਜਾਣਗੀਆਂ। ਪਹਿਲੇ ਪੜਾਅ ਵਿਚ ਬਲਾਕ ਸੰਮਿਤੀਆਂ ਤੇ ਜ਼ਿਲਾ ਪ੍ਰੀਸ਼ਦਾਂ ਦੀਆਂ ਚੋਣਾਂ ਹੋਣਗੀਆਂ ਅਤੇ ਦੂਜੇ ਪੜਾਅ ਵਿਚ ਪੰਚਾਇਤਾਂ ਲਈ ਪੰਚ ਅਤੇ ਸਰਪੰਚ ਚੁਣੇ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਦੋਹਾਂ ਪੜਾਵਾਂ ਵਿਚ ਤਕਰੀਬਨ ਇੱਕ ਮਹੀਨੇ ਦਾ ਵਕਫਾ ਹੋਵੇਗਾ। ਸ਼੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਵਿਧਾਨ ਸਭਾ ਇਜਲਾਸ ਵਿਚ ਪਾਸ ਕੀਤੇ ਗਏ ਕਾਨੂੰਨ ਅਨੁਸਾਰ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਇਹਨਾਂ ਚੋਣਾਂ ਵਿਚ ਸੀਟਾਂ ਔਰਤਾਂ ਲਈ ਰਾਂਖਵੀਆਂ ਕੀਤੀਆਂ ਜਾਣਗੀਆਂ।