ਪਟਿਆਲਾ: ਸਮਾਣਾ ਸੜਕ ‘ਤੇ ਪੈਂਦੇ ਨਰਸਿੰਗ ਕਾਲਜ ਵਿੱਚ ਤੈਨਾਤ ਸਕਿਉਰਿਟੀ ਗਾਰਡ ਨੇ ਬੀ.ਐਸ.ਸੀ. ਨਰਸਿੰਗ ਕਰ ਰਹੀ ਵਿਦਿਆਰਥਣ ਨੂੰ ਉਸ ਦੇ ਹੋਸਟਲ ਵਿੱਚ ਜਾ ਗੋਲ਼ੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਦਾ ਸਨਖੀਖੇਜ ਮਾਮਲਾ ਸਾਹਮਣੇ ਆਇਆ ਹੈ। ਗਾਰਡ ਨੇ ਵਿਦਿਆਰਥਣ ‘ਤੇ ਹਮਲਾ ਕਰਨ ਤੋਂ ਬਾਅਦ ਆਪਣੀ ਲੱਤ ਵਿੱਚ ਵੀ ਗੋਲ਼ੀ ਮਾਰ ਲਈ। ਸੂਤਰਾਂ ਮੁਤਾਬਿਕ ਮਾਮਲਾ ਇੱਕ ਤਰਫਾ ਪਿਆਰ ਦਾ ਹੈ। ਹਾਲਾਂਕਿ, ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ। ਚਸ਼ਮਦੀਦਾਂ ਮੁਤਾਬਕ ਹੋਸਟਲ ਦੀਆਂ ਵਿਦਿਆਰਥਣਾਂ ਨੇ ਹਮਲਾਵਰ ਗਾਰਡ ਦਾ ਬਹਾਦਰੀ ਨਾਲ ਮੁਕਾਬਲਾ ਵੀ ਕੀਤਾ।

ਪਟਿਆਲਾ-ਸਮਾਣਾ ਸੜਕ ‘ਤੇ ਬਾਬਾ ਫ਼ਰੀਦ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਆਦਰਸ਼ ਕਾਲਜ ਆਫ਼ ਨਰਸਿੰਗ ਦੇ ਮੁਲਜ਼ਮ ਸੁਰੱਖਿਆ ਗਾਰਡ ਬਲਬੀਰ ਸਿੰਘ ਨੇ ਬੀਤੀ ਰਾਤ ਇਸ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਉਦੋਂ ਵਾਪਰੀ ਜਦ ਮੁਲਜ਼ਮ ਦਾ ਸਾਥੀ ਗਾਰਡ ਰਣਜੀਤ ਸਿੰਘ ਬੀਤੀ ਦੇਰ ਸ਼ਾਮ ਕਾਲਜ ਲਈ ਨੇੜਲੇ ਪੰਪ ਤੋਂ ਡੀਜ਼ਲ ਲੈਣ ਗਿਆ ਸੀ। ਰਣਜੀਤ ਸਿੰਘ ਦੀ ਗ਼ੈਰ-ਹਾਜ਼ਰੀ ਵਿੱਚ ਮੁਲਜ਼ਮ ਗਾਰਡ ਨੇ ਉਸ ਦੀ ਲਾਇਸੰਸੀ ਬੰਦੂਕ ਚੁੱਕ ਲਈ ਤੇ ਲੜਕੀਆਂ ਦੇ ਹੋਸਟਲ ਵਿੱਚ ਜਾ ਕੇ ਦੀ ਵਿਦਿਆਰਥਣ ਨਵਜੋਤ ਕੌਰ ਨੂੰ ਗੋਲੀ ਮਾਰ ਦਿੱਤੀ। ਗੋਲ਼ੀ ਵਿਦਿਆਰਥਣ ਦੇ ਸਿਰ ਵਿੱਚ ਲੱਗੀ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣੀ ਲੱਤ ਵਿੱਚ ਵੀ ਗੋਲੀ ਮਾਰ ਲਈ।

ਸਮਾਣਾ ਦੇ ਡੀ.ਐਸ.ਪੀ. ਰਾਜਵੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੀੜਤਾ ਤੇ ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਵਿਦਿਆਰਥਣ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।

ਉੱਧਰ ਚਮਦੀਦਾਂ ਨੇ ਕਾਲਜ ਬਾਰੇ ਜੋ ਖੁਲਾਸਾ ਕੀਤਾ ਉਹ ਕਾਫੀ ਹੈਰਾਨ ਕਰਨ ਵਾਲਾ ਹੈ। ਕਾਲਜ ਦੀਆਂ ਵਿਦਿਆਰਥਣਾਂ ਮੁਤਾਬਕ ਇੱਥੇ ਤਕਰੀਬਨ 200 ਵਿਦਿਆਰਥਣਾ ਪੜ੍ਹਦੀਆਂ ਹਨ, ਜਦਕਿ ਉਨ੍ਹਾਂ ਦੀ ਰਾਖੀ ਲਈ ਸਿਰਫ਼ ਦੋ ਸੁਰੱਖਿਆ ਮੁਲਾਜ਼ਮ ਸਨ। ਉਨ੍ਹਾਂ ਵਿੱਚੋਂ ਵੀ ਰਣਜੀਤ ਸਿੰਘ ਕੋਲ ਹੀ ਅਸਲਾ ਲਾਇਸੰਸ ਸੀ ਤੇ ਦੂਜਾ ਬਲਬੀਰ ਸਿੰਘ (ਮੁਲਜ਼ਮ) ਡਾਂਗ ਨਾਲ ਹੀ ਆਪਣੀ ਡਿਊਟੀ ਕਰਦਾ ਸੀ। ਵਿਦਿਆਰਥਣਾਂ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਬਲਬੀਰ ਨੇ ਬੰਦੂਕ ਵਿੱਚਲੀਆਂ ਦੋ ਗੋਲ਼ੀਆਂ ਚਲਾਉਣ ਤੋਂ ਬਾਅਦ ਜਦ ਦੁਬਾਰਾ ਕਾਰਤੂਸ ਭਰਨੇ ਚਾਹੇ ਤਾਂ ਕੁਝ ਵਿਦਿਆਰਥਣਾਂ ਨੇ ਦਿਲੇਰੀ ਵਿਖਾਉਂਦਿਆਂ ਉਸ ਤੋਂ ਰੌਂਦਾਂ ਦਾ ਪਟਾ ਖੋਹ ਲਿਆ। ਜੇਕਰ ਉਹ ਅਜਿਹਾ ਨਾ ਕਰਦੀਆਂ ਤਾਂ ਇਹ ਹਮਲਾ ਹੋਰ ਵੀ ਘਾਤਕ ਹੋ ਸਕਦਾ ਸੀ।

ਇਸ ਸਬੰਧੀ ਜਦ ਕਾਲਜ ਦੀ ਪ੍ਰਬੰਧਕੀ ਕਮੇਟੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕੈਮਰੇ ਤੋਂ ਭੱਜਦੇ ਵਿਖਾਈ ਦਿੱਤੇ। ਮਾਮਲੇ ਵਿੱਚ ਜਿੱਥੇ ਹਮਲਾਵਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਉੱਥੇ ਪੀੜਤ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।