ਬੇਬੇ

ਉਸ ਦਿਨ ਜਿਉਂ ਹੀ ਜਮਾਤ ਦੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਦਫ਼ਤਰ ਵਿੱਚ ਪੈਰ ਧਰਿਆ ਤਾਂ ਜਾਣੀ-ਪਛਾਣੀ ਸ਼ਕਲ ਮੇਰੇ ਦਫ਼ਤਰ ਦੇ ਬਾਹਰ ਪਏ ਬੈਂਚ ‘ਤੇ ਬੈਠੀ ਮੇਰੀ ਉਡੀਕ ਕਰ ਰਹੀ ਸੀ। ਇਹ ਇੱਕ ਬਜ਼ੁਰਗ ਔਰਤ ਸੀ ਜੋ ਅਕਸਰ ਆਪਣੇ ਪੋਤੇ ਦੀ ਪੜ•ਾਈ ਬਾਰੇ ਪੁੱਛਣ ਲਈ ਹੀ ਸਕੂਲ ਨਹੀਂ ਸੀ ਆਉਂਦੀ ਸਗੋਂ ਜਦੋਂ ਕਦੇ ਉਸ ਦਾ ਪੋਤਾ ਜਗਦੀਪ ਸਕੂਲ ਤੋਂ ਘਰ ਦੌੜ ਜਾਂਦਾ ਸੀ ਤਾਂ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਸ਼ਾਇਦ ਤਾਂ ਹੀ ਉਹ ਉਸ ਦੀ ਸ਼ਿਕਾਇਤ ਲੈ ਕੇ ਸਿੱਧੀ ਮੇਰੇ ਦਫ਼ਤਰ ਵਿੱਚ ਆ ਜਾਂਦੀ ਤੇ ਆਖਦੀ, ”ਮੈਡਮ ਜੀ ਅੱਜ ਫ਼ਿਰ ਜਗਦੀਪ ਘਰੇ ਫ਼ਿਰਦਾ ਸੀ। ਉਸ ਨੂੰ ਮੇਰੇ ਸਾਹਮਣੇ ਬੁਲਾ ਕੇ ਝਿੜਕੋ। ਇਸ ਨੂੰ ਵੀ ਪਤਾ ਲੱਗੇ ਕਿ ਅਸੀਂ ਇਸ ਨੂੰ ਸਕੂਲ ਪੜ•ਨ ਲਈ ਭੇਜਦੇ ਹਾਂ, ਸਕੂਲ਼ੋਂ ਘਰ ਦੀਆਂ ਗੇੜੀਆਂ ਲਾਉਣ ਲਈ ਨਹੀਂ।”
ਮੈਨੂੰ ਉਸ ਬਜ਼ੁਰਗ ਦੀਆਂ ਗੱਲਾਂ ਵਿੱਚ ਦਮ ਲੱਗਦਾ। ਮੈਂ ਉਸੇ ਵੇਲੇ ਸੇਵਾਦਾਰ ਨੂੰ ਉਸ ਦੇ ਪੋਤੇ ਨੂੰ ਜਮਾਤ ਵਿੱਚੋਂ ਬੁਲਾਉਣ ਲਈ ਭੇਜ ਦਿੰਦੀ। ਇੱਕ ਗੱਲ ਮੇਰੇ ਜ਼ਿਹਨ ਵਿੱਚ ਅਕਸਰ ਘੁੰਮਦੀ ਕਿ ਮੁਸ਼ਕਿਲ ਨਾਲ ਸੋਟੀ ਦੇ ਸਹਾਰੇ ਤੁਰਨ ਵਾਲੀ ਇਹ ਬਜ਼ੁਰਗ ਔਰਤ ਹੀ ਹਮੇਸ਼ਾਂ ਆਪਣੇ ਪੋਤੇ ਦੀ ਸ਼ਿਕਾਇਤ ਲੈ ਕੇ ਕਿਉਂ ਆਉਂਦੀ ਹੈ? ਇੱਕ ਦਿਨ ਮੈਂ ਉਸ ਨੂੰ ਪੁੱਛ ਹੀ ਲਿਆ, ”ਮਾਂ ਜੀ! ਤੁਸੀਂ ਹੀ ਆਪਣੇ ਪੋਤੇ ਲਈ ਸਕੂਲ ਆਉਂਦੇ ਹੋ। ਇਸ ਦੇ ਮਾਂ-ਬਾਪ ਆਪ ਕਿਉਂ ਨਹੀਂ ਆਉਂਦੇ?” ਤਾਂ ਕੋਈ ਜੁਆਬ ਦੇਣ ਦੀ ਥਾਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਤੇ ਉਹ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਣ ਲੱਗ ਪਈ। ਮੈਂ ਬਿਨਾਂ ਕੁਝ ਬੋਲੇ ਉਸ ਵੱਲ ਦੇਖਣ ਲੱਗੀ ਤਾਂ ਉਸ ਨੇ ਹਉਕਾ ਜਿਹਾ ਭਰਿਆ ਤੇ ਹੌਸਲਾ ਕਰ ਕੇ ਬੋਲੀ, ”ਕੀ ਦੱਸਾਂ ਧੀਏ! ਪੁੱਤ ਤਾਂ ਮੇਰਾ ਕਿਸੇ ਕੰਮ ਦਾ ਨ•ੀਂ, ਨਸ਼ੇੜੀ ਆ ਸਾਰਾ ਦਿਨ ਨਸ਼ੇ ਵਿੱਚ ਡੁੱਬਿਆ ਰਹਿੰਦੈ। ਉਸ ਨੂੰ ਤਾਂ ਆਪਣੀ ਸੋਝੀ ਨਹੀਂ, ਨਿਆਣਿਆਂ ਬਾਰੇ ਸੁਆਹ ਸੋਚਣੈ? ਨੂੰਹ ਮੇਰੀ ਬਥੇਰੀ ਚੰਗੀ ਆ, ਸਾਰਾ ਘਰ ਉਸੇ ਦੇ ਸਿਰ ‘ਤੇ ਚੱਲਦੈ। ਉਹ ਵੀ ਕੀ ਕਰੇ ਵਿਚਾਰੀ! ਘਰ ਦੇ ਝੱਜੂ-ਝੇੜਿਆਂ ਤੋਂ ਵਿਹਲੀ ਹੋ ਕੇ ਸਵੇਰੇ ਅੱਠ ਵੱਜਦੇ ਨੂੰ ਫ਼ੈਕਟਰੀ ਵਿੱਚ ਕੰਮ ਕਰਨ ਚਲੀ ਜਾਂਦੀ ਐ, ਸ਼ਾਮ ਨੂੰ ਵਾਪਸ ਆਉਂਦੀ ਐ, ਕਿਹੜੇ ਵੇਲੇ ਨਿਆਣਿਆਂ ਬਾਰੇ ਸੋਚੇ। ਮੈਂ ਹੀ ਘਰੇ ਵਿਹਲੀ ਹੁੰਦੀ ਆਂ ਤਾਂ ਸੋਚਦੀ ਰਹਿੰਦੀ ਆਂ ਕਿ ਜੇ ਮੇਰੀ ਨੂੰਹ ਚੰਗੀ ਨਾ ਹੁੰਦੀ ਤਾਂ ਮੇਰੇ ਆਹ ਨਿੱਕੇ-ਨਿੱਕੇ ਪੋਤੇ-ਪੋਤੀਆਂ ਦਾ ਕੀ ਬਣਦਾ। ਕੀ ਕਰਾਂ ਧੀਏ? ਲੇਖੇ-ਜੋਖੇ ਦੇ ਸਬੰਧ ਐ। ਜੇ ਮੈਂ ਘਰੇ ਨਾ ਹੋਵਾਂ ਤਾਂ ਇਨ•ਾਂ ਨਿਆਣਿਆਂ ਦਾ ਕੀ ਬਣੇ। ਜਦੋਂ ਵੀ ਮੈਂ ਮੁੰਡੇ ਨੂੰ ਘਰੇ ਫ਼ਿਰਦਾ ਦੇਖਦੀ ਆਂ ਤਾਂ ਇਸ ਨੂੰ ਦਬਕਾ ਮਾਰ ਕੇ ਕਹਿੰਦੀ ਆਂ ਕਿ ਬੰਦਾ ਬਣ ਕੇ ਸਕੂਲ ਵਗ ਜਾ, ਨਹੀਂ ਤਾਂ ਹੁਣੇ ਜਾਂਦੀ ਹਾਂ ਤੇਰੇ ਸਕੂਲ ਵੱਡੀ ਮੈਡਮ ਕੋਲ, ਉਹੀ ਸਿੱਧਾ ਕਰੂ ਤੈਨੂੰ। ਅੱਜ ਵੀ ਜਗਦੀਪ ਨੂੰ ਡਰਾ-ਧਮਕਾ ਕੇ ਸਕੂਲ ਭੇਜਿਆ, ਖੌਰੇ ਆਇਆ ਵੀ ਆ ਕੇ ਨਹੀਂ। ਤੂੰ ਵੀ ਧੀਏ ਸੋਚਦੀ ਹੋਵੇਂਗੀ ਆਹ ਬੁੱਢੀ ਵੀ ਨਹੀਂ ਟਿਕਣ ਦਿੰਦੀ। ਰੋਜ਼ ਤੁਰੀ ਆਉਂਦੀ ਐ। ਹੋਰ ਥੋੜ•ੇ ਕੰਮ ਆ ਮੈਨੂੰ ਪਰ ਕੀ ਕਰਾਂ ਧੀਏ, ਪਤਾ ਨਹੀਂ ਕਿਉਂ ਮੈਨੂੰ ਤਾਂ ਇੰਜ ਲੱਗਦੈ, ਜਿਵੇਂ ਮੇਰੀ ਦੁਖਦੀ ਰਗ ਦਾ ਦਾਰੂ ਤੇਰੇ ਕੋਲ ਈ ਐ। ਧੀਏ ਤਾਂ ਹੀ ਤੇਰੇ ਕੋਲ ਆ ਜਾਂਦੀ ਆਂ ਤੇਰਾ ਟੈਮ ਖਰਾਬ ਕਰਨ ਤੇ ਤੇਰਾ ਡਮਾਕ ਖਾਣ ਨੂੰ। ਗੁੱਸਾ ਨਾ ਮੰਨੀ ਧੀਏ। ਬੁੱਢੀ ਠੇਰੀ ਆਂ, ਤੈਨੂੰ ਦੇਖ ਕੇ ਤਾਂ ਮੈਨੂੰ ਇੰਜ ਲੱਗਦੈ ਜਿਵੇਂ ਮੇਰੀ ਹੀ ਧੀ ਵੱਡੀ ਕੁਰਸੀ ‘ਤੇ ਬੈਠੀ ਹੋਵੇ। ਸੱਚ ਜਾਣੀ, ਤੂੰ ਹੀ ਮੇਰਾ ਦੁੱਖ ਸਮਝ ਸਕਦੀ ਏਂ। ਤੇਰੇ ਆਸਰੇ ਨਿਆਣਿਆਂ ਨੂੰ ਸਕੂਲ ਭੇਜੀਦੈ।” ਇੱਕ ਬੇਵੱਸ ਮਾਂ ਦਾ ਦੁੱਖ ਮੈਨੂੰ ਅੰਦਰ ਤਕ ਚੀਰ ਗਿਆ।
ਮੈਂ ਮੇਜ਼ ਉੱਤੇ ਪਈ ਘੰਟੀ ਦਾ ਬਟਨ ਦੱਬਿਆ ਤੇ ਸੇਵਾਦਾਰ ਨੂੰ ਮਾਈ ਦੇ ਪੋਤੇ ਨੂੰ ਬੁਲਾ ਕੇ ਲਿਆਉਣ ਲਈ ਕਿਹਾ। ਜਦੋਂ ਸੇਵਾਦਾਰ ਚਲਾ ਗਿਆ ਤਾਂ ਬੇਬੇ ਕਹਿਣ ਲੱਗੀ ਕਿ ਜਗਦੀਪ ਨੇ ਵੀ ਕਹਿਣਾ, ਦਾਦੀ ਤਾਂ ਵਿਹਲੀ ਐ, ਸੱਚੀਂ ਸਕੂਲ ਆ ਗਈ ਮੇਰੇ ਪਿੱਛੇ-ਪਿੱਛੇ। ਇੰਨੇ ਨੂੰ ਜਗਦੀਪ ਵੀ ਸਿਰ ਸੁੱਟੀ ਦਫ਼ਤਰ ਵਿੱਚ ਆ ਹਾਜ਼ਰ ਹੋਇਆ। ਮੈਂ ਉਸ ਵੱਲ ਘੂਰੀ ਵੱਟ ਕੇ ਪੁੱਛਿਆ ਕੀ ਗੱਲ ਕਾਕਾ ਅੱਜ ਫ਼ਿਰ ਸਕੂਲ ਤੋਂ ਬਾਹਰ ਗਿਆ ਸੀ? ਤੇਰਾ ਤਾਂ ਰੋਜ਼ ਦਾ ਕੰਮ ਬਣ ਚੁੱਕਾ। ਸਕੂਲ ਵਿੱਚ ਚਿੱਤ ਨਹੀਂ ਲੱਗਦਾ ਤਾਂ ਜਾਹ ਬਸਤਾ ਚੁੱਕ ਤੇ ਮਾਈ ਦੇ ਨਾਲ ਹੀ ਘਰ ਚਲਾ ਜਾ। ਇਹ ਵਿਚਾਰੀ ਕਿੰਨੀ ਕੁ ਰਾਖੀ ਕਰੇ ਤੇਰੀ? ਉਹ ਕੰਨ ਫ਼ੜ ਨੀਵੀਂ ਪਾ ਕੇ ਬੋਲਿਆ, ”ਮੈਡਮ ਜੀ! ਅੱਗੇ ਤੋਂ ਅਜਿਹਾ ਨਹੀਂ ਕਰਾਂਗਾ।”
ਮੈਂ ਉਸ ਨੂੰ ਦਾਦੀ ਤੋਂ ਮੁਆਫ਼ੀ ਮੰਗਣ ਲਈ ਕਿਹਾ ਤਾਂ ਬੇਬੇ ਕਹਿਣ ਲੱਗੀ, ”ਨਹੀਂ ਪੁੱਤ, ਮਾਫ਼ੀ ਮੰਗਣੀ ਹੈ ਤਾਂ ਆਪਣੀ ਮੈਡਮ ਤੋਂ ਮੰਗ, ਇਸੇ ਨੇ ਤੇਰੀ ਜ਼ਿੰਦਗੀ ਬਣਾਉਣੀ ਆ। ਆਹ ਚਾਰ ਦਿਨ ਆ ਪੜ•ਨ ਦੇ ਪੜ• ਲੈ, ਨਹੀਂ ਤਾਂ ਦਿਹਾੜੀਆਂ ਕਰਦਾ ਫ਼ਿਰੇਂਗਾ। ਤੇਰੀ ਮਾਂ ਤੁਹਾਡੇ ਢਿੱਡ ਭਰਨ ਲਈ ਸਾਰਾ ਦਿਨ ਧੱਕੇ ਖਾਂਦੀ ਫ਼ਿਰਦੀ ਐ। ਕੁਛ ਤਾਂ ਸ਼ਰਮ ਕਰ।” ਮੈਂ ਬੱਚੇ ਨੂੰ ਆਪਣੇ ਨੇੜੇ ਬੁਲਾਇਆ, ਕਲਾਵੇ ਵਿੱਚ ਲਿਆ ਤੇ ਕਿਹਾ, ”ਬੇਟੇ ਮਾਂ ਜੀ ਤੇਰੇ ਕਰਕੇ ਦੂਜੇ-ਤੀਜੇ ਦਿਨ ਸਕੂਲ ਆਉਂਦੇ ਨੇ। ਤੈਨੂੰ ਭੈੜਾ ਨਹੀਂ ਲੱਗਦਾ?” ਜਗਦੀਪ ਵੱਲੋਂ ਮੈਂ ਹੀ ਮਾਈ ਨੂੰ ਯਕੀਨ ਦਿਵਾਇਆ ਕਿ ਹੁਣ ਇਹ ਸਕੂਲ ਤੋਂ ਨਹੀਂ ਦੌੜੇਗਾ। ਤੁਸੀਂ ਬੇਫ਼ਿਕਰ ਰਹੋ। ਇਹ ਕਹਿੰਦਿਆਂ ਮੈਂ ਉਸ ਨੂੰ ਜਮਾਤ ਵਿੱਚ ਭੇਜ ਦਿੱਤਾ ਤੇ ਬੇਬੇ ਨੂੰ ਘਰ ਜਾਣ ਲਈ ਕਿਹਾ।
ਬੇਬੇ ਜਾਣ ਲਈ ਹੌਲੀ-ਹੌਲੀ ਉੱਠਦੀ ਹੋਈ ਕਹਿਣ ਲੱਗੀ, ”ਧੀਏ ਜੇ ਤੇਰੇ ਕੋਲ ਟੈਮ ਹੋਵੇ ਤਾਂ ਇੱਕ ਗੱਲ ਹੋਰ ਕਰਨੀ ਸੀ।” ਪਹਿਲਾਂ ਹੀ ਇਸ ਬਜ਼ੁਰਗ ਨੇ ਮੇਰਾ ਕਾਫ਼ੀ ਸਮਾਂ ਲੈ ਲਿਆ ਸੀ ਪਰ ਉਸ ਦੀਆਂ ਆਪਣੇ ਪ੍ਰਤੀ ਭਾਵਨਾਵਾਂ ਨੂੰ ਦੇਖਦੇ ਹੋਏ ਆਖਿਆ ਕਿ ਹਾਂ ਦੱਸੋ, ਹੁਣ ਹੋਰ ਕਿਹੜੀ ਗੱਲ ਕਰਨੀ ਹੈ ਤਾਂ ਉਹ ਕਹਿਣ ਲੱਗੀ, ”ਧੀਏ ਮੈਨੂੰ ਤਾਂ ਗੱਲ ਕਰਦਿਆਂ ਵੀ ਸੰਗ ਲੱਗਦੀ ਐ। ਤੂੰ ਮੇਰੀ ਗੱਲ ਸੁਣ ਕੇ ਕਹੇਂਗੀ ਕਿ ਬੁੱਢੀ ਦਾ ਡਮਾਕ ਖਰਾਬ ਹੋ ਗਿਆ ਪਰ ਕੀ ਕਰਾਂ, ਧੀ ਕਿਹਾ ਤਾਂ ਕਾਹਦੀ ਸੰਗ?” ਮੈਂ ਉਸ ਨੂੰ ਦੁਬਾਰਾ ਬੈਠਣ ਦਾ ਇਸ਼ਾਰਾ ਕਰਦਿਆਂ ਆਪਣੀ ਗੱਲ ਕਰਨ ਲਈ ਹੱਲਾਸ਼ੇਰੀ ਦਿੱਤੀ ਤਾਂ ਜਿਵੇਂ ਉਸ ਨੂੰ ਹੌਸਲਾ ਜਿਹਾ ਮਿਲ ਗਿਆ ਹੋਵੇ। ਉਸ ਨੇ ਕੁਰਸੀ ਉੱਤੇ ਬੈਠ ਕੇ ਪਹਿਲਾਂ ਤਾਂ ਚੁੰਨੀ ਦੇ ਪੱਲੇ ਨਾਲ ਆਪਣੀਆਂ ਐਨਕਾਂ ਸਾਫ਼ ਕੀਤੀਆਂ। ਫ਼ਿਰ ਸਾਹ ਜਿਹਾ ਲੈਂਦੀ ਹੋਈ ਕਹਿਣ ਲੱਗੀ ਕਿ ਮੈਨੂੰ ਪੜ•ਨਾ ਬੜਾ ਚੰਗਾ ਲੱਗਦੈ। ਊੜਾ ਐੜਾ ਤਾਂ ਪੜ• ਲੈਂਦੀ ਆਂ ਪਰ ਅੱਖਰ ਜੋੜਨੇ ਨਹੀਂ ਆਉਂਦੇ। ਬੀਬੀ, ਜੇ ਕਿਤੇ ਮੈਨੂੰ ਆਹ ਅੱਖਰ ਜਿਹੇ ਜੋੜਨੇ ਆ ਜਾਣ ਤਾਂ ਨਿਆਣਿਆਂ ਦਾ ਸਕੂਲੋਂ ਮਿਲਿਆ ਕੰਮ ਈ ਕਰਾ ਦਿਆਂ ਕਰਾਂ, ਜੈ-ਵੱਢੀ ਦਾ ਪੜ•ਣਾ ਈ ਔਖਾ। ਜੇ ਕਿਸੇ ਨੂੰ ਪੜ•ਾਉਣ ਲਈ ਕਹਾਂ ਤਾਂ ਅਗਲਾ ਇਹੀ ਸੋਚੂ ਕਿ ਬੁੱਢੀ ਕਬਰ ‘ਚ ਲੱਤਾਂ ਲਮਕਾਈ ਬੈਠੀ ਐ, ਇਹਨੇ ਹੁਣ ਪੜ• ਕੇ ਕੀ ਕਰਨੈ। ਤਾਂ ਹੀ ਧੀਏ, ਤੇਰੇ ਨਾਲ ਵੀ ਗੱਲ ਕਰਦੀ ਨੂੰ ਝਾਕਾ ਜਿਹਾ ਆਉਂਦਾ ਸੀ।” ਮੈਂ ਬੇਬੇ ਨੂੰ ਗੱਲਾਂ ਕਰਦੀ ਨੂੰ ਸੁਣ ਕੇ ਅੰਦਰੋ-ਅੰਦਰੀ ਖ਼ੁਸ਼ ਵੀ ਹੋ ਰਹੀ ਸੀ ਤੇ ਸੋਚ ਰਹੀ ਸੀ ਕਿ ਸੱਚੀਂ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ।
ਮੈਂ ਮਾਈ ਨੂੰ ਹੌਸਲਾ ਦਿੰਦਿਆਂ ਕਿਹਾ, ”ਮਾਈ, ਪੜ•ਾ ਤਾਂ ਤੈਨੂੰ ਮੈਂ ਹੀ ਦਿਆਂ ਪਰ ਮੈਨੂੰ ਵਿਹਲ ਕਿੱਥੇ? ਹਾਂ ਮੈਂ ਤੁਹਾਡੀ ਮਦਦ ਜ਼ਰੂਰ ਕਰ ਸਕਦੀ ਹਾਂ।” ਉਹ ਖ਼ੁਸ਼ੀ ਵਿੱਚ ਖੀਵੀ ਹੋ ਕੇ ਕਹਿਣ ਲੱਗੀ, ”ਹਾਂ ਧੀਏ, ਦੱਸ ਤਾਂ ਸਹੀ ਕਿ ਜੇ ਤੇਰੇ ਕੋਲ ਟੈਮ ਹੀ ਨਹੀਂ ਤਾਂ ਮੇਰੀ ਮਦਦ ਕਿੱਦਾਂ ਹੋਊ।” ਮੈਂ ਕਿਹਾ, ”ਮਾਂ ਜੀ ਤੁਸੀਂ ਤਾਂ ਪੜ•ਨਾ ਹੀ ਹੈ ਨਾ। ਤੁਸੀਂ ਆਪਣੇ ਪ੍ਰਾਇਮਰੀ ਸਕੂਲ ਵਿੱਚ ਚਲੇ ਜਾਓ। ਮੈਂ ਉੱਥੇ ਗੱਲ ਕਰ ਲੈਂਦੀ ਹਾਂ।” ਉਹ ਬਜ਼ੁਰਗ ਖ਼ੁਸ਼ ਹੋ ਕੇ ਕਹਿਣ ਲੱਗੀ ਕਿ ਮੈਨੂੰ ਕਿੱਦਾਂ ਪਤਾ ਲੱਗੂ ਕਿ ਤੁਸੀਂ ਛੋਟੇ ਸਕੂਲ ਵਿੱਚ ਗੱਲ ਕਰ ਲਈ ਐ।”
ਮੈਂ ਉਸ ਦੇ ਸਾਹਮਣੇ ਹੀ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਨਾਲ ਗੱਲ ਕੀਤੀ ਤੇ ਕਿਹਾ ਕਿ ਮੈਂ ਇੱਕ ਬਜ਼ੁਰਗ ਬੀਬੀ ਨੂੰ ਤੁਹਾਡੇ ਕੋਲ ਪੜ•ਣ ਲਈ ਭੇਜ ਰਹੀ ਹਾਂ, ਪਹਿਲੀ ਦੇ ਬੱਚਿਆਂ ਨਾਲ ਇਸ ਨੂੰ ਵੀ ਪੜ•ਾ ਦਿਆ ਕਰੋ ਤੇ ਬੀਬੀ ਨੂੰ ਜਾਣ ਲਈ ਕਿਹਾ। ਇਸ ਗੱਲ ਨੂੰ ਅੱਜ ਚਾਰ ਮਹੀਨੇ ਹੋ ਗਏ ਹਨ ਪਰ ਉਹ ਹੁਣ ਮੇਰੇ ਕੋਲ ਕਦੇ ਨਹੀਂ ਆਈ। ਇੱਕ ਦਿਨ ਮੈਨੂੰ ਪ੍ਰਾਇਮਰੀ ਸਕੂਲ ਦੇ ਅਧਿਆਪਕ ਮਿਲੇ ਤਾਂ ਮੈਂ ਉਸ ਬਜ਼ੁਰਗ ਬਾਰੇ ਪੁੱਛਿਆ। ਪਤਾ ਲੱਗਾ ਕਿ ਉਹ ਬਜ਼ੁਰਗ ਹਫ਼ਤੇ ਵਿੱਚ ਦੋ ਕੁ ਦਿਨ ਪੜ•ਨ ਸਕੂਲ ਆ ਜਾਂਦੀ ਹੈ। ਮੈਨੂੰ ਹੈਰਾਨੀ ਭਰੀ ਖ਼ੁਸ਼ੀ ਹੋਈ ਕਿ ਉਹ ਬੇਬੇ ਇਸ ਉਮਰੇ ਵੀ ਪੜ•ਨ ਦੀ ਸ਼ੁਕੀਨ ਹੈ। ਜੇ ਕਿਤੇ ਉਸ ਨੂੰ ਛੋਟੀ ਉਮਰੇ ਇਹੀ ਮੌਕਾ ਮਿਲ ਜਾਂਦਾ ਤਾਂ ਖੌਰੇ ਉਹ ਵੀ ਅੱਜ ਮੇਰੇ ਵਾਂਗ ਕਿਸੇ ਸਕੂਲ ਵਿੱਚ ਨਿੱਕੇ-ਨਿੱਕੇ ਬੱਚਿਆਂ ਦੀ ਤਕਦੀਰ ਦਾ ਫ਼ੈਸਲਾ ਕਰ ਰਹੀ ਹੁੰਦੀ।
– ਨਿਰਮਲ ਸਤਪਾਲ