ਸਰਕਾਰ ਨੂੰ ਕਿਸਾਨਾਂ ਦੀ ਦਸ਼ਾ ਦੀ ਕੋਈ ਪਰਵਾਹ ਨਹੀਂ : ਡਾ. ਚੀਮਾ
ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਹਾੜੀ ਦੀ ਫਸਲ ਦੀ ਖਰੀਦ ਲਈ ਸਮੇਂ ਸਿਰ ਪ੍ਰਬੰਧ ਮੁਕੰਮਲ ਕਰਨ ਵਿਚ ਬੁਰੀ ਤਰਾਂ ਅਸਫਲ ਰਹਿਣ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ ਤੇ ਆਖਿਆ ਹੈ ਕਿ ਇਸ ਸਰਕਾਰ ਨੂੰ ਕਿਸਾਨਾਂ ਦੀ ਦਸ਼ਾ ਦੀ ਕੋਈ ਪਰਵਾਹ ਨਹੀਂ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਕਿ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਸੂਬੇ ਦੀਆਂ ਮੰਡੀਆਂ ਵਿਚ ਕਣਕ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਵੀ ਹੋ ਰਹੀ ਹੈ ਪਰ ਸਰਕਾਰ ਇਸ ਜਿਣਸ ਦੀ ਖਰੀਦ ਦੇ ਪ੍ਰਬੰਧ ਮੁਕੰਮਲ ਕਰਨ ਵਿਚ ਬੁਰੀ ਤਰਾਂ ਅਸਫਲ ਰਹੀ ਹੈ। ਉਹਨਾਂ ਹਿਕਾ ਕਿ ਸਰਕਾਰ ਤਾਂ ਮੰਡੀਆਂ ਵਿਚੋਂ ਜਿਣਸ ਦੀ ਲਿਫਟਿੰਗ ਦੀ ਟੈਂਡਰਪ੍ਰਕਿਰਿਆ ਵੀ ਮੁਕੰਮਲ ਨਹੀਂ ਕਰ ਸਕੀ ਤੇ ਇਹੋ ਹਾਲ ਲੇਬਰ ਦੇ ਠੇਕਿਆਂ ਦਾ ਵੀ ਹੈ।
ਡਾ. ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਦਫਤਰ ਵੱਲੋਂ 3 ਅਪ੍ਰੈਲ ਨੂੰ ਯਾਨੀ ਖਰੀਦ ਸ਼ੁਰੂ ਹੋਣ ਤੋਂ ਤਿੰਨ ਦਿਨ ਬਾਅਦ ਇਹ ਬਿਆਨ ਜਾਰੀ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਖਰੀਦ ਪ੍ਰਬੰਧ ਮੁਕੰਮਲ ਕਰਨ ਵਾਸਤੇ ਦਿੱਲੀ ਗਏ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਖਰੀਦ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਤਾਂ ਫਿਰ ਇਸਨੇ ਖਰੀਦ ਪ੍ਰਕਿਰਿਆ ਸ਼ੁਰੂ ਹੋਣ ਤੋਂ 15 ਦਿਨ ਪਹਿਲਾਂ ਹੀ ਕਾਰਵਾਈ ਆਰੰਭ ਦਿੱਤੀ ਹੁੰਦੀ।
ਉਹਨਾਂ ਕਿਹਾ ਕਿ ਇਹ ਵੀ ਮੰਦਭਾਗੀ ਗੱਲ ਹੈ ਕਿ ਸਰਕਾਰ ਕਿਸਾਨਾਂ ਨੂੰ ਜਿਣਸ ਦੀ ਅਦਾਇਗੀ ਕਰਨ ਵਾਸਤੇ ਵਿੱਤੀ ਪ੍ਰਬੰਧਾਂ ਬਾਰੇ ਵੀ ਖਾਮੋਸ਼ੀ ਧਾਰਨ ਕਰੀ ਬੈਠੀ ਹੈ।
ਅਕਾਲੀ ਆਗੂ ਨੇ ਹੋਰ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਸੀਜ਼ਨ ਦੀ ਸ਼ੁਰੂਆਤ ਤੋਂ ਬਾਅਦ ਖਰੀਦ ਪ੍ਰਬੰਧ ਮੁਕੰਮਲ ਕਰਨ ਵਾਲੇ ਪਾਸੇ ਹੋਈ ਹੈ, ਉਸ ਤੋਂ ਇਹ ਵੀ ਸੰਕੇਤ ਮਿਲਦੇ ਹਨ ਕਿ ਉਹ ਅਹਿਮ ਮਾਮਲਿਆਂ ‘ਤੇ ਕਿਵੇਂ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦੇ ਆਪਣੇ ਵਾਅਦੇ ਤੋਂ ਪਹਿਲਾਂ ਹੀ ਭੱਜ ਗਈ ਹੈ ਤੇ ਹੁਣ ਕਰਜ਼ਿਆਂ ਦਾ ਅੰਸ਼ਕ ਹਿੱਸਾ ਅਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸਕੀਮ ਦੀ ਸੱਚਾਈ ਵੀ ਇਸ ਤੋਂ ਦਿਸਦੀ ਹੈ ਕਿ ਇਸ ਸਕੀਮ ਦੇ ਚੇਹਰਾ ਡੇਰਾ ਬਾਬਾ ਨਾਨਕ ਦੇ 56 ਸਾਲਾ ਕਿਸਾਨ ਬੁੱਧ ਸਿੰਘ ਜਿਸਦੀ ਤਸਵੀਰ ਸਕੀਮ ਦੇ ਪ੍ਰਚਾਰ ਵਾਸਤੇ ਵਰਤੀ ਗਈ ਨੂੰ ਵੀ ਕਰਜ਼ਾ ਮੁਆਫੀ ਸਕੀਮ ਦਾ ਆਪਣਾ ਹਿੱਸਾ ਹਾਲੇ ਨਸੀਬ ਨਹੀਂ ਹੋਇਆ। ਅਕਾਲੀ ਆਗੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰਾਜ ਦੇ ਕਿਸਾਨਾਂ ਦੇ ਮਾਮਲਿਆਂ ਨੂੰ ਗੰਭੀਰਤਾ ਅਤੇ ਤਰਜੀਹੀ ਆਧਾਰ ‘ਤੇ ਲਵੇ ਕਿਉਂਕਿ ਇਹ ਸਿਰਫ ਰਾਜ ਦੇ ਕਿਸਾਨ ਨਹੀਂ ਹਨ ਬਲਕਿ ਦੇਸ਼ ਦੇ ਅੰਨਦਾਤਾ ਹਨ। ਉਹਨਾਂ ਆਸ ਪ੍ਰਗਟਾਈ ਕਿ ਸਰਕਾਰ ਖਰੀਦ ਮਾਮਲੇ ‘ਤੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰੇਗੀ ਤੇ ਖਰੀਦ ਨਾ ਹੋਣ ਤੇ ਲਿਫਟਿੰਗ ਦੇ ਮੁੱਦਿਆਂ ਕਾਰਨ ਸਥਿਤੀ ਵਿਗੜਨ ਤੋਂ ਬਚਾਉਣ ਲਈ ਫੁਰਤੀ ਨਾਲ ਕੰਮ ਕਰੇਗੀ।