ਸੀ.ਬੀ.ਐੱਸ.ਈ. ਪੇਪਰ ਲੀਕ: ਸੁਪਰੀਮ ਕੋਰਟ ‘ਚ ਬੁੱਧਵਾਰ ਨੂੰ ਸੁਣਵਾਈ

ਨਵੀਂ ਦਿੱਲੀ— ਸੁਪਰੀਮ ਕੋਰਟ ਕੇਂਦਰੀ ਸੈਕੰਡਰੀ ਪ੍ਰੀਖਿਆ ਬੋਰਡ (ਸੀ.ਬੀ.ਐੱਸ.ਈ.) ਦੀ 10ਵੀਂ ਅਤੇ 12ਵੀਂ ਜਮਾਤਾਂ ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਨਾਲ ਸੰਬੰਧਤ ਤਿੰਨ ਪਟੀਸ਼ਨਾਂ ਦੀ ਸੁਣਵਾਈ ਬੁੱਧਵਾਰ ਨੂੰ ਕਰੇਗਾ। ਸੁਪਰੀਮ ਕੋਰਟ ਨੇ ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ‘ਤੇ ਸੋਮਵਾਰ ਨੂੰ ਸਹਿਮਤੀ ਜ਼ਾਹਰ ਕਰਦੇ ਹੋਏ 4 ਅਪ੍ਰੈਲ ਦੀ ਤਾਰੀਕ ਤੈਅ ਕੀਤੀ। ਪੇਪਰ ਲੀਕ ਮਾਮਲੇ ‘ਚ ਤਿੰਨਾਂ ਪਟੀਸ਼ਨਾਂ ਨੇ ਸਰਵਉੱਚ ਅਦਾਲਤ ਦੇ ਸਾਹਮਣੇ ਵੱਖ-ਵੱਖ ਤਰ੍ਹਾਂ ਦੀ ਮੰਗ ਰੱਖੀ ਹੈ। ਦੀਪਕ ਕੰਸਲ ਵੱਲੋਂ ਦਾਖਲ ਪਹਿਲੀ ਪਟੀਸ਼ਨ ‘ਚ ਪਟੀਸ਼ਨਕਰਤਾ ਨੇ ਦੁਬਾਰਾ ਪ੍ਰੀਖਿਆ ਕਰਵਾਏ ਜਾਣ ਦੀ ਬਜਾਏ ਪੁਰਾਣੀ ਪ੍ਰੀਖਿਆ ਦੇ ਆਧਾਰ ‘ਤੇ ਹੀ ਪ੍ਰੀਖਿਆ ਫਲ ਐਲਾਨ ਕੀਤਾ ਜਾਵੇ ਅਤੇ ਲੀਕ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਕਰਵਾਈ ਜਾਵੇ। ਦੂਜੀ ਪਟੀਸ਼ਨ ਕੇਰਲ ਦੇ ਕੋਚੀ ਸ਼ਹਿਰ ਦੇ 10ਵੀਂ ਦੇ ਵਿਦਿਆਰਥੀ ਰੋਹਨ ਮੈਥਿਊ ਨੇ ਦਾਇਰ ਕੀਤੀ ਹੈ। ਉਸ ਨੇ ਪਹਿਲਾਂ ਹੋ ਚੁਕੀ ਪ੍ਰੀਖਿਆ ਦੇ ਆਧਾਰ ‘ਤੇ ਹੀ ਪ੍ਰੀਖਿਆ ਫਲ ਐਲਾਨ ਕਰਨ ਦਾ ਨਿਰਦੇਸ਼ ਸੀ.ਬੀ.ਐੱਸ.ਈ. ਨੂੰ ਦੇਣ ਦੀ ਮੰਗ ਕੀਤੀ ਹੈ।
ਪੇਸ਼ੇ ਤੋਂ ਵਕੀਲ ਅਲਖ ਆਲੋਕ ਸ਼੍ਰੀਵਾਸਤਵ ਵੱਲੋਂ ਦਾਇਰ ਤੀਜੀ ਪਟੀਸ਼ਨ ‘ਚ ਪੇਪਰ ਲੀਕ ਕਾਂਡ ਦੀ ਸੀ.ਬੀ.ਆਈ. ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਅਲਖ ਸ਼੍ਰੀਵਾਸਤਵ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਹਰੇਕ ਵਿਦਿਆਰਥੀ ਨੂੰ ਪੇਪਰ ਲੀਕ ਕਾਰਨ ਹੋਣ ਵਾਲੀ ਮਾਨਸਿਕ ਪਰੇਸ਼ਾਨੀ, ਤਣਾਅ ਅਤੇ ਅਸਹੂਲਤ ਲਈ ਇਕ ਲੱਖ ਰੁਪਏ ਹਰਜ਼ਾਨਾ ਦਿੱਤਾ ਜਾਣਾ ਚਾਹੀਦਾ। ਪਟੀਸ਼ਨਕਰਤਾ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਪਰੇਸ਼ਾਨੀ ਤੋਂ ਛੁਟਕਾਰਾ ਦਿਵਾਉਣ ਲਈ ਸਾਰੀਆਂ ਪ੍ਰੀਖਿਆਵਾਂ ਫਿਰ ਤੋਂ ਕਰਵਾਏ ਜਾਣ ਦਾ ਸੀ.ਬੀ.ਐੱਸ.ਈ. ਨੂੰ ਨਿਰਦੇਸ਼ ਦੇਣ ਦੀ ਅਦਾਲਤ ਤੋਂ ਅਪੀਲ ਕੀਤੀ ਹੈ। ਇਸ ਮਾਮਲੇ ‘ਚ ਦਿੱਲੀ ਪੁਲਸ ਹੁਣ ਤੱਕ 2 ਸ਼ਿਕਾਇਤ ਦਰਜ ਕਰ ਚੁਕੀ ਹੈ। 12ਵੀਂ ਜਮਾਤ ਦੇ ਅਰਥ ਸ਼ਾਸਤਰ ਦੇ ਪੇਪਰ ਨੂੰ ਲੀਕ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ 2 ਨਿੱਜੀ ਸਕੂਲਾਂ ਦੇ ਅਧਿਆਪਕ ਅਤੇ ਇਕ ਟਿਊਟਰ ਸ਼ਾਮਲ ਹਨ।