ਨਵੀਂ ਦਿੱਲੀ – ਸੀ. ਬੀ. ਐੱਸ. ਈ. ਪੇਪਰ ਲੀਕ ਮਾਮਲੇ ‘ਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਐੱਸ. ਆਈ. ਟੀ. ਦੀ ਟੀਮ ਨੇ ਸ਼ੁੱਕਰਵਾਰ ਰਾਤ ਨਜ਼ਫਗੜ੍ਹ ਤੇ ਬਵਾਨਾ ‘ਚ ਛਾਪੇਮਾਰੀ ਕਰ ਕੇ ਇਕ ਪ੍ਰਾਈਵੇਟ ਸਕੂਲ ਦੇ ਪਿੰ੍ਰਸੀਪਲ ਤੇ 2 ਅਧਿਆਪਕਾਂ ਨੂੰ ਹਿਰਾਸਤ ‘ਚ ਲਿਆ ਹੈ। ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਟੀਮ ਨੇ ਨਰੇਲਾ ਤੋਂ ਇਕ ਸੀ. ਬੀ. ਐੱਸ. ਈ. ਕਰਮੀ ਨੂੰ ਵੀ ਗ੍ਰਿਫਤਾਰ ਕੀਤਾ। ਇਨ੍ਹਾਂ ਕੋਲੋਂ 10-12 ਘੰਟੇ ਸਖਤੀ ਨਾਲ ਪੁੱਛਗਿੱਛ ਦੇ ਬਾਅਦ ਪਤਾ ਲੱਗਾ ਹੈ ਕਿ 10ਵੀਂ ਤੇ 12ਵੀਂ ਪ੍ਰੀਖਿਆ ਦਾ ਪੇਪਰ ਹਰਿਆਣਾ ਤੋਂ ਲੀਕ ਹੋਇਆ ਸੀ। ਸ਼ੁਰੂਆਤੀ ਜਾਂਚ ‘ਚ ਇਹ ਸਾਫ ਹੋ ਗਿਆ ਹੈ ਕਿ ਪੇਪਰ ਲੀਕ ਕਰਨ ਵਾਲੇ ਸੀ. ਬੀ. ਐੱਸ. ਈ. ਕਰਮੀ ਹਨ ਪਰ ਇਸ ਦਾ ਮਾਸਟਰਮਾਈਂਡ ਹਰਿਆਣਾ ‘ਚ ਬੈਠਾ ਹੋਇਆ ਹੈ।
ਉਸਦਾ ਸਿੱਧਾ ਤਾਰ ਨਜ਼ਫਗੜ੍ਹ, ਬਵਾਨਾ ਤੇ ਨਰੇਲਾ ਜਿਵੇਂ ਬਾਰਡਰ ਇਲਾਕਿਆਂ ਦੇ ਸਰਕਾਰੀ, ਪ੍ਰਾਈਵੇਟ ਸਕੂਲ ਤੇ ਪ੍ਰੀਖਿਆ ਕੇਂਦਰਾਂ ਨਾਲ ਜੁੜਿਆ ਹੋਇਆ ਹੈ। ਐੱਸ. ਆਈ. ਟੀ. ਨੇ 2 ਹੋਰ ਕੋਚਿੰਗ ਸੈਂਟਰ ਤੇ 2 ਵਿਦਿਆਰਥੀਆਂ ‘ਤੇ ਵੀ ਪੈਨੀ ਨਜ਼ਰ ਰੱਖੀ ਹੋਇਆ ਹੈ।