ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਨੇ ਪੰਜਾਬ ਮੰਤਰੀ ਮੰਡਲ ‘ਚ ਵਾਧੇ ਲਈ ਚਰਚਾ ਕਰਨ ਹਿਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਬੈਠਕ ਕਰਨ ਲਈ ਸਮਾਂ ਮੰਗਿਆ। ਮੁੱਖ ਮੰਤਰੀ ਦਫਤਰ ਨੂੰ ਰਾਹੁਲ ਗਾਂਧੀ ਦੇ ਦਫਤਰ ਤੋਂ ਬੈਠਕ ਸਬੰਧੀ ਜਾਣਕਾਰੀ ਕਿਸੇ ਸਮੇਂ ਮਿਲ ਸਕਦੀ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ 2 ਅਪ੍ਰੈਲ ਤੋਂ ਬਾਅਦ ਕਿਸੇ ਸਮੇਂ ਵੀ ਰਾਹੁਲ ਨਾਲ ਮੁਲਾਕਾਤ ਕਰ ਸਕਦੇ ਹਨ। ਪੰਜਾਬ ਮੰਤਰੀ ਮੰਡਲ ‘ਚ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਨੂੰ ਲੈ ਕੇ ਕੈਪਟਨ ਨੇ ਰਾਹੁਲ ਨਾਲ ਮਿਲ ਕੇ ਰਣਨੀਤੀ ਨੂੰ ਅੰਤਿਮ ਰੂਪ ਦੇਣਾ ਹੈ। ਬੈਠਕ ਦੌਰਾਨ ਸੁਨੀਲ ਜਾਖੜ, ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਵੀ ਮੌਜੂਦ ਰਹਿਣਗੇ। ਕਾਂਗਰਸੀ ਹਲਕਿਆਂ ਮੁਤਾਬਿਕ 10 ਦਿਨਾਂ ਅੰਦਰ ਮੰਤਰੀ ਮੰਡਲ ‘ਚ ਵਾਧੇ ਦਾ ਰਾਹ ਸਾਫ ਹੋ ਸਕਦਾ ਹੈ।