ਐਸ.ਸੀ. ਵਜੀਫਿਆਂ ਦਾ ਮੁੱਦਾ ਉਠਾਉਣ ਲਈ ਵੀ ਕੀਤਾ ਪਾਰਟੀ ਪ੍ਰਧਾਨ ਦਾ ਧੰਨਵਾਦ
ਚੰਡੀਗੜ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਐਸ.ਸੀ.ਐਸ.ਟੀ. ਕਾਨੂੰਨ ਸਬੰਧੀ ਮਾਣਯੋਗ ਸੁਪਰੀਮ ਕੋਰਟ ਦੇ ਆਏ ਤਾਜਾ ਫੈਸਲੇ ਸਬੰਧੀ ਅਦਾਲਤ ਵਿਚ ਪੁਨਰ ਵਿਚਾਰ ਜਾਚਿਕਾ ਲਗਾਵੇ ।
ਸ੍ਰੀ ਜਾਖੜ ਨੇ ਇਹ ਗੱਲ ਅੱਜ ਪੰਜਾਬ ਭਵਨ ਵਿਖੇ ਪਾਰਟੀ ਦੇ ਐਸ.ਸੀ. ਸੈਲ ਦੇ ਮੁੱਖੀ ਵਿਧਾਇਕ ਸ੍ਰੀ ਰਾਜ ਕੁਮਾਰ ਚੱਬੇਬਾਲ ਦੀ ਸਮੁੱਚੀ ਟੀਮ ਨਾਲ ਮੁਲਾਕਾਤ ਤੋਂ ਬਾਅਦ ਆਖੀ। ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਸੰਦੀਪ ਸੰਧੂ ਵੀ ਹਾਜਰ ਸਨ। ਐਸ.ਸੀ. ਸੈਲ ਦੀ ਸਮੁੱਚੀ ਟੀਮ ਅੱਜ ਇੱਥੇ ਸ੍ਰੀ ਜਾਖੜ ਨੂੰ ਮਿਲਨ ਪੁੱਜੀ ਸੀ ਤਾਂ ਜੋ ਕੇਂਦਰ ਸਰਕਾਰ ਤੇ ਕਾਂਗਰਸ ਪਾਰਟੀ ਵੱਲੋਂ ਐਸ.ਸੀ.ਐਸ.ਟੀ. ਕਾਨੂੰਨ ਸਬੰਧੀ ਅਦਾਲਤੀ ਫੈਸਲੇ ਤੋਂ ਬਾਅਦ ਉਪਜੀ ਸਥਿਤੀ ਦੇ ਮੱਦੇਨਜ਼ਰ ਦਬਾਅ ਬਣਾਇਆ ਜਾ ਸਕੇ। ਸ੍ਰੀ ਜਾਖੜ ਨੇ ਦੱਸਿਆ ਕਿ ਉਹ ਇਸ ਸਬੰਧੀ ਪਹਿਲਾਂ ਹੀ ਕੇਂਦਰ ਸਰਕਾਰ ਤੋਂ ਮੰਗ ਕਰ ਚੁੱਕੇ ਹਨ। ਇਸ ਟੀਮ ਨੇ ਐਸ.ਸੀ. ਵਜੀਫਿਆਂ ਦਾ ਮੁੱਦਾ ਉਠਾਉਣ ਲਈ ਵੀ ਸ੍ਰੀ ਜਾਖੜ ਦਾ ਧੰਨਵਾਦ ਕੀਤਾ।
ਇਸ ਮੌਕੇ ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵਈਏ ਕਾਰਨ 17 ਦਿਨਾਂ ਤੋਂ ਸਦਨ ਦੀ ਕਾਰਵਾਈ ਠੱਪ ਪਈ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਦੇਸ਼ ਦੇ ਸਨਮੁੱਖ ਸਮਸਿਆਵਾਂ ਦੇ ਹੱਲ ਲਈ ਨਾ ਤਾਂ ਕੋਈ ਠੋਸ ਨੀਤੀ ਹੈ ਅਤੇ ਨਾ ਹੀ ਇਸ ਦੀ ਕੇਂਦਰ ਸਰਕਾਰ ਦੀ ਕੋਈ ਨੀਅਤ ਹੈ। ਇਸੇ ਕਾਰਨ ਮੋਦੀ ਸਰਕਾਰ ਜਾਣਬੁੱਝ ਕੇ ਸਦਨ ਨੂੰ ਨਹੀਂ ਚੱਲਣ ਦੇ ਰਹੀ ਹੈ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਇਕ ਸੋਚੀ ਸਮਝੀ ਨੀਅਤ ਤਹਿਤ ਆਪਣੇ ਭਾਈਵਾਲਾਂ ਤੋਂ ਹੀ ਸਦਨ ਵਿਚ ਰੌਲਾ ਰੱਪਾ ਕਰਵਾ ਕੇ ਸਦਨ ਨੂੰ ਠੱਪ ਕਰਕੇ ਬੈਠੀ ਹੈ ਤਾਂ ਵਿਰੋਧੀ ਧਿਰ ਸਦਨ ਵਿਚ ਸਰਕਾਰ ਨੂੰ ਘੇਰ ਨਾ ਸਕੇ। ਪਰ ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਹੁਣ ਚਾਹੇ ਜਿੰਨੇ ਮਰਜੀ ਕੋਝੇ ਯਤਨ ਕਰ ਲਵੇ ਦੇਸ਼ ਦਾ ਅਵਾਮ ਇਸ ਦੀਆਂ ਕੁਚਾਲਾਂ ਨੂੰ ਸਮਝ ਚੁੱਕਾ ਹੈ ਅਤੇ 2019 ਦੀਆਂ ਆਮ ਚੋਣਾਂ ਵਿਚ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਅਵਾਮ ਤਿਆਰ ਬੈਠਾ ਹੈ।