ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਟ੍ਰੈਫਿਕ ਪੁਲਸ ‘ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਦੇ ਇਸ ਹਮਲੇ ‘ਚ ਟ੍ਰੈਫਿਕ ਪੁਲਸ ਦਾ ਇਕ ਜਵਾਨ ਜ਼ਖਮੀ ਹੋ ਗਿਆ ਹੈ। ਗੰਭੀਰ ਹਾਲਾਤ ‘ਚ ਜ਼ਖਮੀ ਜਵਾਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਹਮਲੇ ਤੋਂ ਬਾਅਦ ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅਜੇ ਹਾਲ ਹੀ ‘ਚ ਅੱਤਵਾਦੀਆਂ ਨੇ ਅਨੰਤਨਾਗ ‘ਚ ਇਕ ਪੁਲਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਸੀ।
ਜਾਣਕਾਰੀ ਮੁਤਾਬਕ, ਅੱਤਵਾਦੀਆਂ ਨੇ ਅਨੰਤਨਾਗ ਜ਼ਿਲੇ ਦੇ ਖਾਨਬਾਲ ਇਲਾਕੇ ‘ਚ ਜੰਮੂ-ਸ਼੍ਰੀਨਗਰ ਹਾਈਵੇ ‘ਤੇ ਸ਼ਨੀਵਾਰ ਸਵੇਰੇ ਪੁਲਸ ਟੀਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕਰ ਦਿੱਤਾ। ਇਸ ਦੇ ਜਵਾਬ ‘ਚ ਪੁਲਸ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ। ਦੋਵਾਂ ਪਾਸਿਓ ਹੋਈ ਗੋਲੀਬਾਰੀ ‘ਚ ਜਵਾਨ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਹੁਣ ਵੀ ਇਲਾਕੇ ‘ਚ ਮੌਜ਼ੂਦ ਹੋ ਸਕਦੇ ਹਨ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਅੱਤਵਾਦੀਆਂ ਦੀ ਤਲਾਸ਼ੀ ਤੇਜ਼ ਕਰ ਦਿੱਤੀ ਹੈ।
29 ਮਾਰਚ ਨੂੰ ਵੀ ਹੋਇਆ ਹਮਲਾ
ਇਸ ਤੋਂ ਪਹਿਲਾਂ ਅੱਤਵਾਦੀਆਂ ਨੇ 29 ਮਾਰਚ ਨੂੰ 3 ਹਮਲੇ ਕੀਤੇ ਸਨ, ਜਿਸ ‘ਚ ਫੌਜ ਦੀਆਂ ਰਾਸ਼ਟਰੀ ਰਾਈਫਲਜ਼ ਦੇ ਜਵਾਨ ਸਮੇਤ ਇਕ ਅਧਿਆਪਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅੱਤਵਾਦੀਆਂ ਦੇ ਇਸ ਹਮਲੇ ਦਾ ਫੌਜ ਵੱਲੋਂ ਮੂੰਹਤੋੜ ਜਵਾਬ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਅਨੰਤਨਾਗ ਦੇ ਬਿਜਬੇਹਰਾ ‘ਚ ਵਿਸ਼ੇਸ਼ ਅਫ਼ਸਰ ਮੁਸ਼ਤਾਕ ਅਹਿਮਦ ਸ਼ੇਖ ਅਤੇ ਉਨ੍ਹਾਂ ਦੀ ਪਤਨੀ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਘਟਨਾ ‘ਚ ਸ਼ੇਖ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਫਰੀਦਾ ਦਾ ਹਸਪਤਾਲ ‘ਚ ਇਲਾਜ ਚਲ ਰਿਹਾ ਹੈ।