ਆਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਹਾਲੀਵੁੱਡ ‘ਚ ਭਾਵੇਂ ਅਜੇ ਤਕ ਘੱਟ ਹੀ ਫ਼ਿਲਮਾਂ ਕੀਤੀਆਂ ਹਨ ਪਰ ਉਸ ਦੀ ਉਥੇ ਚੰਗੀ ਪਛਾਣ ਕਾਇਮ ਹੋ ਚੁੱਕੀ ਹੈ। ਉਹ ਕਾਫ਼ੀ ਲੰਬੇ ਸਮੇਂ ਤੋਂ ਹਾਲੀਵੁੱਡ ‘ਚ ਹੀ ਕੰਮ ਕਰ ਰਹੀ ਹੈ। ਉਥੇ ਹੀ ਉਸ ਦੇ ਪ੍ਰਸ਼ੰਸਕ ਉਸ ਦੀ ਬਾਲੀਵੁੱਡ ‘ਚ ਵਾਪਸੀ ਦਾ ਇੰਤਜ਼ਾਰ ਬੇਸਬਰੀ ਨਾਲ ਕਰ ਰਹੇ ਹਨ। ਹਾਲ ਹੀ ‘ਚ ਜਾਣਕਾਰੀ ਮਿਲੀ ਹੈ ਕਿ ਇਹ ਇੰਤਜ਼ਾਰ ਬੇਹੱਦ ਜਲਦ ਖ਼ਤਮ ਹੋਣ ਵਾਲਾ ਹੈ। ਦਰਅਸਲ ਪ੍ਰਿਅੰਕਾ ਆਪਣੇ ਇੱਕ ਅਮਰੀਕੀ ਟੀਵੀ ਸ਼ੋਅ ਦੀ ਸ਼ੂਟਿੰਗ ਤੋਂ ਬਾਅਦ ਬਾਲੀਵੁੱਡ ‘ਚ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ। ਜਾਣਕਾਰੀ ਮੁਤਾਬਿਕ ਉਹ ਜਲਦ ਹੀ ਭਾਰਤ ਆਏਗੀ ਅਤੇ ਬਿਨਾਂ ਬ੍ਰੇਕ ਲਏ ਆਪਣੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗੀ।
ਓਦਾਂ ਪ੍ਰਿਅੰਕਾ ਨੇ ਖ਼ੁਦ ਇਸ ਗੱਲ ਦੀ ਜਾਣਕਾਰੀ ਅਜੇ ਨਹੀਂ ਦਿੱਤੀ ਹੈ। ਅਸਲ ‘ਚ ਕਈ ਸਾਲਾ ਤੋਂ ਪੁਲਾੜ ਯਾਤਰੀ ਭਾਰਤ ਦੀ ਧੀ ਕਲਪਨਾ ਚਾਵਲਾ ਦੀ ਬਾਇਓਪਿਕ ਬਣਨ ਦੀ ਚਰਚਾ ਚੱਲ ਰਹੀ ਹੈ। ਪ੍ਰਿਅੰਕਾ ਇਸ ਬਾਇਓਪਿਕ ‘ਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਨਿਰਦੇਸ਼ਕ ਪ੍ਰਿਆ ਮਿਸ਼ਰਾ ਨੇ ਦੱਸਿਆ ਕਿ ਉਹ ਪਿਛਲੇ 7 ਸਾਲ ਤੋਂ ਇਸ ਫ਼ਿਲਮ ਦੀ ਸਕ੍ਰਿਪਟ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰਾਜੈਕਟ ‘ਤੇ ਕੋਈ ਨਵਾਂ ਪ੍ਰੋਡਕਸ਼ਨ ਹਾਊਸ ਕੰਮ ਕਰੇਗਾ।
ਪ੍ਰਿੰਅਕਾ ਦੀ ਟੀਮ ਨੇ ਦੱਸਿਆ ਕਿ ਉਹ ਇੱਕ ਸਾਲ ਤੋਂ ਇਸ ‘ਤੇ ਕੰਮ ਕਰ ਰਹੀ ਹੈ। ਪ੍ਰਿਅੰਕਾ ਨੇ ਵੀ ਕੁਝ ਦਿਨ ਪਹਿਲਾਂ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਉਹ ਬਾਲੀਵੁੱਡ ‘ਚ ਵਾਪਸ ਆਉਣ ਵਾਲੀ ਹੈ। ਇਸ ਤੋਂ ਲਗਦਾ ਹੈ ਕਿ ਪ੍ਰਿਅੰਕਾ ਜਲਦ ਹੀ ਕਲਪਨਾ ਚਾਵਲਾ ਦੀ ਭੂਮਿਕਾ ਜ਼ਰੀਏ ਸ਼ਾਨਦਾਰ ਤਾਰੀਕੇ ਨਾਲ ਵਾਪਸੀ ਕਰੇਗੀ। ਇਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਬਾਇਓਪਿਕ ‘ਮੈਰੀ ਕੌਮ’ ‘ਚ ਵੀ ਸ਼ਾਨਦਾਰ ਅਦਾਕਾਰੀ ਵਿਖਾ ਚੁੱਕੀ ਹੈ।
ਪ੍ਰਿਅੰਕਾ ਦੀ ਆਖ਼ਰੀ ਬਾਲੀਵੁੱਡ ਫ਼ਿਲਮ ‘ਗੰਗਾ ਜਲ’ 2016 ‘ਚ ਰਿਲੀਜ਼ ਹੋਈ ਸੀ, ਜਿਸ ‘ਚ ਉਸ ਨੇ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ ਸੀ। ਹੁਣ ਮੁੜ 2 ਸਾਲ ਬਾਅਦ ਬਾਲੀਵੁੱਡ ‘ਚ ਪ੍ਰਿਅੰਕਾ ਨੂੰ ਵੇਖਣਾ ਉਸ ਦੇ ਪ੍ਰਸ਼ੰਸਕਾਂ ਲਈ ਖ਼ੁਸ਼ੀ ਦੀ ਗੱਲ ਹੋਵੇਗੀ।