ਜਲੰਧਰ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਾ ਵਿਧਾਨ ਸਭਾ ‘ਚ ਪੇਸ਼ ਕੀਤੇ ਗਏ 2018-19 ਦੇ ਬਜਟ ਨੂੰ ਇਕ ਹੋਰ ਮੀਲ ਪੱਥਰ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਇਸ ਨਾਲ ਬਹੁਪੱਖੀ ਵਿਕਾਸ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਨਾਲ ਸੂਬਾ ਤਰੱਕੀ ਦੀ ਰਾਹ ‘ਤੇ ਅੱਗੇ ਵਧੇਗਾ। ਅਕਾਲੀ-ਭਾਜਪਾ ਗਠਜੋੜ ਵੱਲੋਂ ਸੂਬਾ ਬਜਟ ਦੀ ਆਲੋਚਨਾ ਕਰਨ ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਜਟ ਪੰਜਾਬ ਨੂੰ ਆਰਥਿਕ ਮੰਦਹਾਲੀ ਦੇ ਗੇੜ ‘ਚੋਂ ਬਾਹਰ ਕੱਢਣ ਵਿਚ ਲਾਹੇਵੰਦ ਸਾਬਿਤ ਹੋਵੇਗਾ ਕਿਉਂਕਿ ਸਾਬਕਾ ਅਕਾਲੀ ਸਰਕਾਰ ਦੀਆਂ ਨੀਤੀਆਂ ਪੰਜਾਬ ਨੂੰ ਲਗਾਤਾਰ ਆਰਥਿਕ ਸੰਕਟ ਵੱਲ ਧੱਕਦੀਆਂ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਤੇ ਭਾਜਪਾ ਨੂੰ ਚੁਣੌਤੀਆਂ ਦਿੰਦਿਆਂ ਕਿਹਾ ਕਿ ਉਹ ਆਪਣੇ ਦਸਾਂ ਸਾਲਾਂ ਦੇ ਰਾਜ ਵਿਚ ਪੰਜਾਬ ਨੂੰ ਵਿਕਾਸ ਤੇ ਖੁਸ਼ਹਾਲੀ ਦੇ ਰਾਹ ‘ਤੇ ਲਿਜਾਣ ਲਈ ਆਪਣੀ ਕਿਸੇ ਇਕ ਹੀ ਸਫਲਤਾ ਦਾ ਜ਼ਿਕਰ ਕਰ ਕੇ ਦੱਸਣ। ਉਨ੍ਹਾਂ ਕਿਹਾ ਕਿ ਗਲਤ ਨੀਤੀਆਂ ਕਾਰਨ ਅਕਾਲੀਆਂ ਨੇ ਪੰਜਾਬ ਦੇ ਅਰਥਚਾਰੇ ਨੂੰ ਲਗਾਤਾਰ ਤਬਾਹ ਕੀਤਾ ਪਰ ਮੌਜੂਦਾ ਬਜਟ ਲੋਕਾਂ ਦੇ ਹਿੱਤ ਵਿਚ ਤੇ ਦੁਬਾਰਾ ਪੰਜਾਬ ‘ਚ ਸਰਵਪੱਖੀ ਵਿਕਾਸ ਦਾ ਦੌਰ ਸ਼ੁਰੂ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿਚ ਖੇਤੀਬਾੜੀ, ਉਦਯੋਗ, ਸਿਹਤ, ਸਿੱਖਿਆ, ਰੋਜ਼ਗਾਰ ਸਿਰਜਣ ਤੇ ਸਮਾਜ ਦੇ ਲਤਾੜੇ ਵਰਗ ਨੂੰ ਉੱਚਾ ਚੁੱਕਣ ਵੱਲ ਪੂਰਾ ਧਿਆਨ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਬਜਟ ਦੌਰਾਨ ਮਾਲੀ ਹਾਲਤ ਨੂੰ ਸੁਧਾਰਨ ਲਈ ਕਦਮ ਚੁੱਕੇ ਗਏ ਸਨ, ਜਿਸ ਦੇ ਨਤੀਜੇ ਹੌਲੀ-ਹੌਲੀ ਸਾਹਮਣੇ ਆ ਰਹੇ ਹਨ। ਸੂਬੇ ਵਿਚ ਵਿੱਤੀ ਅਨੁਸ਼ਾਸਨ ਨੂੰ ਬਹਾਲ ਕੀਤਾ ਗਿਆ ਹੈ ਕਿਉਂਕਿ ਸਾਬਕਾ ਗਠਜੋੜ ਸਰਕਾਰ ਨੇ ਫੰਡਾਂ ਦੀ ਭਰਪੂਰ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਬਜਟ ਤੋਂ ਪਤਾ ਲੱਗਦਾ ਹੈ ਕਿ ਸੂਬੇ ਦੀ ਹਾਲਤ ਸੁਧਰਨੀ ਸ਼ੁਰੂ ਹੋਈ ਹੈ ਪਰ ਅਜੇ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਥਿਰਤਾ ਦੇ ਟੀਚੇ ਨੂੰ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਹਾਸਲ ਕਰਨਾ ਹੈ ਤੇ ਨਾਲ ਹੀ ਪੰਜਾਬ ਵਿਚ ਵਿਕਾਸ ਦੀ ਦਰ ਨੂੰ ਵਧਾਉਣ ਦੀ ਲੋੜ ਹੈ।