ਫਰੀਦਾਬਾਦ — ਫਰੀਦਾਬਾਦ ਵਿਚ ਨੈਸ਼ਨਲ ਹਾਈਵੇ ‘ਤੇ ਬੱਲਭਗੜ ਸਥਿਤ ਐੱਨ.ਸੀ.ਬੀ. ਮੈਟਰੋ ਸਟੇਸ਼ਨ ਦੇ ਕੋਲ ਸਥਿਤ ਥਰਮਾਕੋਲ ਕੰਪਨੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੰਪਨੀ ਵਿਚ ਰੱਖਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਹਾਲਾਂਕਿ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਜਾਣਕਾਰੀ ਅਨੁਸਾਰ ਕ੍ਰਿਸ਼ਣਾ ਪੈਕੇਜਿੰਗ ਥਰਮਾਕੋਲ ਕੰਪਨੀ ਵਿਚ ਅੱਜ ਸਵੇਰੇ ਸ਼ਾਰਟ ਸਰਕਟ ਹੋ ਜਾਣ ਕਾਰਨ ਭਿਆਨਕ ਅੱਗ ਲੱਗ ਗਈ। ਜਦੋਂ ਅੱਗ ਵਿਚੋਂ ਧੂੰਏਂ ਦਾ ਗੁਬਾਰ ਉੱਠਿਆ ਤਾਂ ਗੇਟ ‘ਤੇ ਮੌਜੂਦ ਸੁਰੱਖਿਆ ਗਾਰਡ ਨੇ ਆਪਣੇ ਮਾਲਿਕਾਂ ਅਤੇ ਅੱਗ ਬੁਝਾਉਣ ਵਾਲੇ ਵਿਭਾਗ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਅੱਗ ਬੁਝਾਉਣ ਵਾਲੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਪਰ ਪੁਲਸ ਮੌਕੇ ‘ਤੇ ਨਹੀਂ ਪਹੁੰਚੀ। ਸਵੇਰੇ 8 ਵਜੇ ਤੱਕ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਸਨ। ਫਿਰ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਤਾਂ ਪ੍ਰਸ਼ਾਸਨ ਨੇ ਕੰਪਨੀਆਂ ਦੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਸਖਤ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ।
ਥਾਣਾ ਇੰਚਾਰਜ ਸੁਮੇਰ ਸਿੰਘ ਦਾ ਕਹਿਣਾ ਹੈ ਕਿ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਹਾਦਸੇ ‘ਚ ਕਿਸੇ ਵੀ ਤਰ੍ਹਾਂ ਦਾ ਜਾਣੀ ਨੁਕਸਾਨ ਨਹੀਂ ਹੋਇਆ ਪਰ ਕੰਪਨੀ ‘ਚ ਰੱਖਿਆ ਥਰਮਾਕੋਲ ਦਾ ਸਮਾਨ ਪੁਰੀ ਤਰ੍ਹਾਂ ਨਸ਼ਟ ਹੋ ਗਿਆ ਹੈ।