ਚੰਡੀਗੜ – ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਲੰਗਰ ਦੀ ਰਸਦ ‘ਤੇ ਜੀਐਸਟੀ ‘ਚੋਂ ਸੂਬੇ ਦਾ 50 ਫ਼ੀਸਦ ਹਿੱਸਾ ਮੁਆਫ਼ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਨ ਲਈ ਪੰਜਾਬ ਵਿਧਾਨ ਸਭਾ ਨੇ ਵੀਰਵਾਰ ਨੂੰ ਸਰਬਸੰਮਤੀ ਨਾਲ ਮਤਾ ਪਾਸ ਕੀਤਾ।
ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਸੁਝਾਅ ‘ਤੇ ਇਹ ਮਤਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ।
ਸਦਨ ਵਿੱਚ ਸੰਬੋਧਨ ਦੌਰਾਨ ਸ੍ਰੀ ਰੰਧਾਵਾ ਨੇ ਵਿਸ਼ਵ ਭਰ ਦੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਦੇ ਸਤਿਕਾਰ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਇਸ ਪਵਿੱਤਰ ਅਤੇ ਬੇਹੱਦ ਗੰਭੀਰ ਮਾਮਲੇ ਨੂੰ ਛੁਟਿਆ ਕੇ ਦੇਖਣ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਆਲੋਚਨਾ ਕੀਤੀ।
ਸ੍ਰੀ ਰੰਧਾਵਾ ਨੇ ਅਰੁਣ ਜੇਤਲੀ ਦੇ ਬਿਆਨ ਨੂੰ ਸਿੱਖ ਭਾਈਚਾਰੇ ਦਾ ਮਾਣ ਘਟਾਉਣ ਵਾਲਾ ਕਰਾਰ ਦਿੱਤਾ, ਜਿਸ ਵਿੱਚ ਜੇਤਲੀ ਨੇ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਦੀ ਲੰਗਰ ਦੀ ਰਸਦ ਤੋਂ ਜੀਐਸਟੀ ਮੁਆਫ਼ੀ ਨੂੰ ਸਵੀਕਾਰ ਕਰਨ ਨਾਲ ਹੋਰ ਧਾਰਮਿਕ ਅਸਥਾਨਾਂ ਵੱਲੋਂ ਇਮਾਰਤ ਉਸਾਰੀ ਦੀ ਸਮੱਗਰੀ ‘ਤੇ ਜੀਐਸਟੀ ਮੁਆਫ਼ੀ ਦੀ ਮੰਗ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਲੰਗਰ ਦੀ ਰਸਦ ‘ਤੇ ਜੀਐਸਟੀ ਲਾਗੂ ਕਰਨ ਲਈ ਅਕਾਲੀਆਂ ਨੂੰ ਕੇਂਦਰ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਸੀ ਕਿਉਂਕਿ ਉਨਾਂ ਦੀ ਭਾਈਵਾਲ ਪਾਰਟੀ ਭਾਜਪਾ ਦਾ ਜੀਐਸਟੀ ਕੌਂਸਲ ਵਿੱਚ ਬਹੁਮਤ ਹੈ। ਇਹ ਕਰ ਮੁਆਫ਼ ਕਰਾਉਣ ਲਈ ਉਨਾਂ ਨੂੰ ਕੇਂਦਰ ਸਰਕਾਰ ‘ਤੇ ਦਬਾਅ ਪਾਉਣਾ ਚਾਹੀਦਾ ਸੀ।
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਸਿਹਰਾ ਲੈਣ ਦਾ ਯਤਨ ਕਰਨ ਲਈ ਆਮ ਆਦਮੀ ਪਾਰਟੀ ਨੂੰ ਵੀ ਕਰੜੇ ਹੱਥੀਂ ਲਿਆ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਨਹੀਂ ਹੈ ਅਤੇ ਅਸਲ ਵਿੱਚ ਇਹ ਪਾਰਟੀ ਪੰਜਾਬੀਆਂ ਦਾ ਭਰੋਸਾ ਪੂਰੀ ਤਰਾਂ ਗੁਆ ਚੁੱਕੀ ਹੈ।
ਕਾਬਿਲ-ਏ-ਗੌਰ ਹੈ ਕਿ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ ਅਤੇ ਭਗਵਾਨ ਵਾਲਮੀਕਿ ਤੀਰਥ ਸਥਲ ਦੇ ਲੰਗਰ/ਪ੍ਰਸਾਦ ‘ਤੇ ਜੀਐਸਟੀ ਵਿੱਚ ਆਪਣਾ 50 ਫ਼ੀਸਦ ਹਿੱਸਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਇਸੇ ਦੌਰਾਨ ਵਿਧਾਨ ਸਭਾ ਨੇ ਰਸਦ ਤੋਂ ਮੁਕੰਮਲ ਰੂਪ ‘ਚ ਜੀਐਸਟੀ ਮੁਆਫ਼ ਕਰਾਉਣ ਲਈ ਕੇਂਦਰ ‘ਤੇ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਸੀ।