ਚੜ੍ਹਦੇ ਫ਼ੱਗਣ ਦੀ ਕਰਾਰੀ ਸਿਆਲੂ ਧੁੱਪ ਦਾ ਅਨੰਦ ਲੈਣ ਲਈ ਲੋਕ ਨੌ ਵਜੇ ਵਾਲੀ ਰੋਟੀ ਖਾ ਕੇ ਪਿੰਡ ਦੀ ਸੱਥ ਵਿੱਚ ਏਧਰ ਓਧਰ ਦੀਆਂ ਗੱਲਾਂ ਸੁਣਨ ਲਈ ਹਰ ਰੋਜ਼ ਦੀ ਤਰ੍ਹਾਂ ਅੱਜ ਫ਼ਿਰ ਇਕੱਠੇ ਹੋ ਗਏ। ਸੰਤੋਖੇ ਬੁੜ੍ਹੇ ਨੇ ਸੱਥ ਵਿੱਚ ਤਾਸ਼ ਖੇਡਦੇ ਸੇਵੇ ਕੇ ਫ਼ੌਜੀ ਨੂੰ ਕਹਿੰਦਾ, ”ਕਿਉਂ ਬਈ ਫ਼ੌਜੀਆ! ਕਿੱਥੇ ਕਿੱਥੇ ਨੌਕਰੀ ਕੀਤੀ ਐ ਤੈਂ?”
ਫ਼ੌਜੀ ਕਹਿੰਦਾ, ”ਸ਼ਾਹਬਾਦ, ਮੁਰਾਦਾਬਾਦ, ਐਹਲਨਾਬਾਦ, ਸਿਕੰਦਰਾਬਾਦ, ਅਹਿਮਦਾਬਾਦ, ਹੈਦਰਾਬਾਦ ਤੇ ਗਾਜੀਆਬਾਦ। ਓਦੋਂ ਬਾਅਦ ਫ਼ਿਰ ਮੈਂ ਸੂਬੇਦਾਰ ਦੀ ਪੈਨਸ਼ਨ ‘ਤੇ ਹੋ ਗਿਆਂ।”
ਨਾਥਾ ਅਮਲੀ ਵੀ ਠੰਢ ਦਾ ਭੰਨਿਆਂ ਹੋਇਆ ਫ਼ੌਜੀ ਨੂੰ ਪੁੱਛ ਬੈਠਾ, ”ਫ਼ੇਰ ਤਾਂ ਫ਼ੌਜੀਆ ਤੈਂ ਮਿਰਜ਼ੇ ਦਾ ਪਿੰਡ ਵੀ ਵੇਖਿਆ ਹੋਊ ਦਾਨਾਬਾਦ।”
ਫ਼ੌਜੀ ਨਾਥੇ ਅਮਲੀ ਦੀ ਗੱਲ ਸੁਣਕੇ ਅਮਲੀ ਵੱਲ ਮਾਰਨ ਖੰਡੀ ਮੱਝ ਵਾਂਗ ਝਾਕ ਕੇ ਕਹਿੰਦਾ, ”ਵੇਖਿਆ ਤਾਂ ਨ੍ਹੀ, ਪਰ ਸੁਣਿਐਂ ਬਈ ਮਿਰਜ਼ਾ ਦਾਨਾਬਾਦ ਦਾ ਸੀ ਤੇ ਸੀ ਵੀ ਬੜਾ ਦਲੇਰ।”
ਅਮਲੀ ਫ਼ੇਰ ਭੁੱਖੀ ਬਘਿਆੜੀ ਵਾਂਗੂੰ ਪਿਆ ਫ਼ੌਜੀ ਨੂੰ, ”ਮਿਰਜੇ ਦਾ ਪਿੰਡ ਦਾਨਾਬਾਦ ਤਾਂ ਤੂੰ ਵੇਖਿਆ ਨ੍ਹੀ, ਐਵੇਂ ਈਂ ਫ਼ਲਾਨਾ ਬਾਦ ਧਿਉਂਕਾ ਬਾਦ ਕਰੀ ਜਾਨੈਂ। ਨਾਲੇ ਕੀ ਦਲੇਰੀ ਸੀ ਮਿਰਜੇ ਦੀ ਬਈ?”
ਫ਼ੋਜੀ ਦੇ ਮੂੰਹੋਂ ਮਿਰਜ਼ੇ ਦੀ ਦਲੇਰੀ ਦੀ ਪ੍ਰਸ਼ੰਸਾ ਸੁਣ ਕੇ ਨਾਥਾ ਅਮਲੀ ਫ਼ੌਜੀ ਨੂੰ ਸੂਈ ਕੁੱਤੀ ਵਾਂਗ ਪੈ ਨਿੱਕਲਿਆ, ”ਕਿਸੇ ਦੀ ਨੌਜਵਾਨ ਕੁੜੀ ਭਜਾ ਕੇ ਲੈ ਜਾਣ ਨੂੰ ਤੂੰ ਦਲੇਰੀ ਸਮਝਦੈਂ। ਕਿਸੇ ਹੋਰ ਮਨ੍ਹੀ ਸਗੋਂ ਸਕੇ ਮਾਮੇ ਦੀ ਕੁੜੀਓ ਲੈ ਗਿਆ ਭਜਾ ਕੇ।”
ਅਮਲੀ ਦੀ ਗੱਲ ਸੁਣ ਕੇ ਸੀਤਾ ਮਰਾਸੀ ਅਮਲੀ ਨੂੰ ਟਿੱਚਰ ‘ਚ ਕਹਿੰਦਾ, ”ਭਜਾ ਕੇ ਨ੍ਹੀ ਅਮਲੀਆ ਲੈ ਕੇ ਗਿਆ, ਬੱਕੀ ‘ਤੇ ਬਠਾਕੇ ਲੈ ਕੇ ਗਿਆ ਸੀ।”
ਨਾਥਾ ਅਮਲੀ ਮਰਾਸੀ ਦੀ ਟਿੱਚਰ ਸੁਣ ਕੇ ਮਰਾਸੀ ਨੂੰ ਪੁੱਠ ਕੰਡੇ ਵਾਂਗੂੰ ਚਿੰਬੜ ਗਿਆ, ”ਬੈਠਾ ਰਹਿ ਓਏ ਢਿੱਡਲਾ ਜਿਆ, ਕੰਮ ਨ੍ਹੀ ਕਰਨਾ ਡੱਕੇ ਦਾ, ਗੱਲ ਚੱਕਣ ਨੂੰ ਸੱਥ ‘ਚ ਆ ਕੇ ਸਤੀਲਦਾਰ ਬਣਿਐਂ ਰਹਿਨੈਂ।”
ਬੁੱਘਰ ਦਖਾਣ ਕਹਿੰਦਾ, ”ਗੱਲ ਤਾਂ ਯਾਰ ਮਿਰਜੇ ਦੀ ਤੋਰੀ ਸੀ ਫ਼ੌਜੀ ਨੇ, ਤੁਸੀਂ ਪਤੰਦਰੋ ਹੋਰ ਈ ਪਾਸੇ ਬਹਿ ਤੁਰੇ।”
ਸੰਤੋਖਾ ਬੁੜ੍ਹਾ ਕਹਿੰਦਾ, ”ਓ ਬਈ ਪਹਿਲਾਂ ਫ਼ੌਜੀ ਦੀਆਂ ਸੁਣ ਲੋ, ਫ਼ੇਰ ਦੂਜਾ ਕੋਈ ਹੋਰ ਸਣਾ ਦਿਓ। ਐਮੇਂ ਗਾਜਰਾਂ ‘ਚ ਗਧਾ ਭਜਾਉਣ ਆਲੀ ਗੱਲ ਨਾ ਕਰੋ।”
ਸੰਤੋਖੇ ਬੁੜ੍ਹੇ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਵੇਖ ਲੈ ਬਾਬਾ ਫ਼ੌਜੀ ਦੀਆਂ ਗੱਲਾਂ। ਬੱਸ ਓਹੀ ਰਹਿ ਗਿਆ ਨ੍ਹਾ ਜਿਹੜਾ ਕਹਿੰਦੇ ਹੁੰਦੇ ਐ।”
ਸੀਤਾ ਮਰਾਸੀ ਕਹਿੰਦਾ, ”ਅਮਲੀਆ ਉਹ ਵੀ ਹੁਣ ਦੱਸ ਈ ਦੇ ਕੀ ਕਹਿੰਦੇ ਹੁੰਦੇ ਐ?”
ਨੰਬਰਦਾਰਾਂ ਦਾ ਘੋਗਾ ਕਹਿੰਦਾ, ”ਛੱਡੋ ਯਾਰ ਐਵੇਂ ਨਾ ਕਿਤੇ ਲੜਪਿਓ। ਜਿਹੜੀ ਗੱਲ ਕਰਨ ਆਲੀ ਐ ਉਹ ਕਰੋ ਬਈ ਤੁਸੀਂ ਇਹ ਦੱਸੋ ਕਿ ਮਿਰਜ਼ੇ ਸਾਹਿਬਾਂ ਦੀ ਗੱਲ ਸੱਚੀ ਐ ਕਿ ਐਵੇਂ ਮਨਘੜ੍ਹਤ ਕਹਾਣੀ ਐਂ ਕੋਈ। ਪਰ ਊਂ ਕਰਤੀ ਕਮਾਲ ਪਤੰਦਰ ਨੇ। ਮਾਮੇ ਦੀ ਕੁੜੀ ਨੂੰ ਇਉਂ ਕੱਢ ਕੇ ਲੈ ਗਿਆ ਜਿਮੇਂ ਹੱਟ ਤੋਂ ਸਰੋਂ ਦੇ ਤੇਲ ਦੀ ਬੋਤਲ ਚੱਕ ਲਿਆਂਦੀ ਹੋਵੇ। ਘਰੇ ਬਰਾਤ ਢੁੱਕੀ ਹੋਈ ਐ, ਪਤੰਦਰ ਨੇ ਲੋਹੜਾ ਮਾਰਿਆ ਯਾਰ। ਜਦੋਂ ਲੋਕਾਂ ਨੂੰ ਪਤਾ ਲੱਗਿਆ ਬਈ ਸਾਹਿਬਾਂ ਨੂੰ ਤਾਂ ਮਿਰਜ਼ਾ ਲੈ ਗਿਆ ਭਜਾਕੇ,ਬੱਸ ਫ਼ੇਰ ਚੜ੍ਹ ਪੀਆਂ ਵਹੀਰਾਂ ਮਿਰਜ਼ੇ ਪਿੱਛੇ।”
ਸੰਤੇ ਕਾ ਤਾਰਾ ਕਹਿੰਦਾ, ”ਹੋਰ ਗੱਲਾਂ ਦੀਆਂ ਗੱਲਾਂ, ਸਿਆਲਾਂ ਤੇ ਚੰਧੜਾਂ ਨੇ ਮਿਰਜ਼ੇ ਪਿੱਛੇ ਇਉਂ ਧੂੜਾਂ ਈ ਪੱਟ ‘ਤੀਆਂ ਜਿਮੇਂ ਭੇਡਾਂ ਬੱਕਰੀਆਂ ਦੇ ਇੱਜੜ ਨੰਘੇ ਤੋਂ ਧੂੜ ਬੱਦਲਾਂ ‘ਚ ਜਾ ਰਲਦੀ ਐ।”
ਨਾਥਾ ਅਮਲੀ ਕਹਿੰਦਾ, ”ਬਈ ਗੱਲ ਇਹ ਐ ਕਿ ਸਿਆਲਾਂ ਦਾ ਤਾਂ ਭਲਾਂ ਮਿਰਜ਼ੇ ਪਿੱਛੇ ਭੱਜਣ ਦਾ ਹੱਕ ਈ ਸੀ ਕਿਉਂਕਿ ਮਿਰਜ਼ਾ ਉਨ੍ਹਾਂ ਦੀ ਕੁੜੀ ਨੂੰ ਕੱਢ ਕੇ ਲੈ ਗਿਆ ਸੀ ਤੇ ਆਹ ਚੰਧੜ ਕਾਹਤੋਂ ਭੱਜੇ ਮਿਰਜ਼ੇ ਪਿੱਛੇ ਬਈ? ਨਾਲੇ ਕਾਨੂੰਨ ਨੂੰ ਆਵਣੇ ਹੱਥ ‘ਚ ਲੈਣ ਦੀ ਕਿਹੜੀ ਲੋੜ ਸੀ ਉਨ੍ਹਾਂ ਨੂੰ? ਕਿਸੇ ਠਾਣੇ ਚੌਂਕੀ ਜਾਕੇ ‘ਤਲਾਹ ਤਲੂਹ ਲਾਉਂਦੇ, ਮਗਰ ਭੱਜਣ ਦੀ ਐਡੀ ਕਿਹੜੀ ਹਿੱੜਕ ਪਈ ਸੀ?”
ਤਾਸ਼ ਖੇਡਦਾ ਬੋਘਾ ਵੀ ਆਪਣਾ ਛਣਕਣਾਂ ਛਣਕਾ ਕੇ ਤਾਰੇ ਦੀ ਗੱਲ ‘ਤੇ ਬੋਲਿਆ, ”ਤਾਰਿਆ ਅਕਲ ਦਿਆ ਮਾਰਿਆ, ਜੇ ਉਸ ਵੇਲੇ ਪੰਜਾਬ ਪੁਲਿਸ ਹੁਣ ਵਰਗੀ ਹੁੰਦੀ ਤਾਂ ਮਿਰਜ਼ੇ ਨੂੰ ਬੱਕੀ ਦੀ ਕਾਠੀ ਤੋਂ ਕਿਹੜਾ ਨਾ ਲਾਹ ਲੈਂਦੀ।”
ਤਾਸ਼ ਵਾਲਿਆਂ ਦੀਆਂ ਸਰਾਂ ਚੁੱਕਦੇ ਘੀਲੇ ਨੇ ਵੀ ਮੂੰਹ ਹਿਲਾਇਆ, ”ਬਈ ਜਿਹੜੇ ਮਿਰਜੇ ਪਿੱਛੇ ਭੱਜੇ ਸੀ, ਫ਼ੜ ਲਿਆ ਸੀ ਉਨ੍ਹਾਂ ਨੇ ਮਿਰਜੇ ਨੂੰ ਕਿ ਥਿਆਇਆ ਈ ਨ੍ਹੀ?”
ਸੀਤਾ ਮਰਾਸੀ ਕਹਿੰਦਾ, ”ਸਾਲਾ ਜਾਂਦਾ ਜਾਂਦਾ ਰਾਹ ‘ਚ ਜੰਡ ਦੀ ਗੂਹੜੀ ਛਾਂ ਥੱਲੇ ਈ ਸੌਂ ਗਿਆ ਜਿਮੇਂ ਗਾਹਾਂ ਨਰਮਾਂ ਗੁੱਡ ਕੇ ਆਇਆ ਹੁੰਦੈ। ਅਸਲ ਵਿੱਚ ਜੇ ਕਿਤੇ ਨਾ ਖੜ੍ਹਦਾ ਨਾ ਰਾਹ ‘ਚ, ਫ਼ੇਰ ਨ੍ਹੀ ਸੀ ਫ਼ੜਿਆ ਜਾਂਦਾ। ਉਹ ਤਾਂ ਪਤੰਦਰ ਇਉਂ ਜੰਡ ਦੇ ਛਾਮੇਂ ਇਉਂ ਪੈ ਗਿਆ ਜਾ ਕੇ ਜਿਮੇਂ ਸਹੁਰੀਂ ਖੇਤ ਜਾ ਕੇ ਖੂਹ ‘ਤੇ ਪਰਾਹੁਣਾ ਪਿਆ ਹੁੰਦੈ। ਅਗਲਿਆਂ ਨੇ ਮੱਕੀ ਦੀਆਂ ਛੱਲੀਆਂ ਆਂਗੂੰ ਡੁੰਗ ਕੇ ਰੱਖ ‘ਤਾ।”
ਅਮਲੀ ਨੇ ਵੀ ਗੱਲ ਸੁਣ ਕੇ ਮਾਰਿਆ ਫ਼ਿਰ ਤੁਣਕਾ,”ਜਰਨੈਲੀ ਗੱਪ। ਜੰਡ ਦੀ ਤਾਂ ਮਰਾਸੀਆਂ ਛਾਂ ਈ ਨ੍ਹੀ ਹੁੰਦੀ ਓਏ। ਤੂੰ ਗਪੌੜਿਆਂ ਨਾਲ ਈ ਜੰਡ ਨੂੰ ਬੋਹੜ ਦੇ ਪੱਤੇ ਲਾਈ ਜਾਨੈਂ।”
ਫ਼ੋਜੀ ਕਹਿੰਦਾ, ”ਗੱਪ ਨ੍ਹੀ, ਸੱਚੀ ਗੱਲ ਐ। ਸਾਹਿਬਾਂ ਨੂੰ ਭਜਾਈ ਜਾਂਦਾ ਹੋਇਆ ਜਾਂਦਾ ਜਾਂਦਾ ਥੱਕ ਗਿਆ ਸੀ, ਤਾਹੀਂ ਤਾਂ ਜੰਡ ਥੱਲੇ ਜਾਕੇ ਸੌਂ ਗਿਆ ਸੀ।”
ਨਾਥਾ ਅਮਲੀ ਕਹਿੰਦਾ, ”ਇੱਕ ਹੋਰ ਗੱਪ। ਭੱਜੀ ਤਾਂ ਫ਼ੌਜੀਆ ਬੱਕੀ ਸੀ ਓਏ, ਮਿਰਜ਼ਾ ਬੱਕੀ ‘ਤੇ ਬੈਠਾ ਈ ਥੱਕ ਗਿਆ ਸੀ?”
ਸੀਤਾ ਮਰਾਸੀ ਕਹਿੰਦਾ, ”ਅਸਲ ‘ਚ ਗੱਪ ਤਾਂ ਗੱਪ ਈ ਹੁੰਦੈ ਐ, ਜਿਵੇਂ ਮਰਜ਼ੀ ਛੱਡਦੇ ਕੋਈ। ਕਿਹੜਾ ਕਿਸੇ ਦੀ ਨਿੱਜੀ ਜਗੀਰ ਐ ਕੋਈ ਏਹੇ, ਨਾ ਈ ਇਹਦੀ ਕੋਈ ਫ਼ੀਸ ਲਗਦੀ ਐ। ਨਾਲੇ ਕੋਈ ਬੰਦਾ ਏਡਾ ਵੱਡਾ ਕੰਮ ਕਰ ਕੇ ਭੱਜਿਆ ਹੋਵੇ ਕਿ ਬਗਾਨੀ ਧੀ ਨੂੰ ਕੱਢ ਕੇ ਲੈ ਜਾਵੇ ਨਾਲੇ ਇਹ ਵੀ ਪਤਾ ਹੋਵੇ ਕਿ ਦਸ ਪਿੰਡਾਂ ਦੀ ਸਤੌਲ਼ ‘ਕੱਠੀ ਹੋਕੇ ਮਗਰ ਆਊ ਈ ਆਊ ਤੇ ਰਾਹ ‘ਚ ਨੀਂਦ ਆ ਜੂ ਉਹਨੂੰ, ਗੱਪ ਨ੍ਹੀ ਤਾਂ ਹੋਰ ਕੀ ਘੜੱਪ ਐ ਇਹੇ। ਪਤਾ ਨ੍ਹੀ ਪਤੰਦਰ ਕਿੱਥੋਂ ਲਿਆਉਂਦੇ ਨੇ ਘੜ ਘੜ ਕੇ। ਜਿਦ ਜਿਦ ਕੇ ਫ਼ਿਰ ਅਣ ਤੋਲੇ ਹੀ ਸੁੱਟੀ ਜਾਂਦੇ ਐ।”
ਨਾਥਾ ਅਮਲੀ ਕਹਿੰਦਾ, ”ਫ਼ੇਰ ਇਉਂ ਮਨ੍ਹੀ ਪਤੰਦਰ ਵੇਂਹਦੇ ਬਈ ਜੇ ਕੋਈ ਗੱਪ ਕਿਸੇ ਦੇ ਅੱਖ ਮੂੰਹ ‘ਚ ਵੱਜਿਆ ਤਾਂ ਚੰਡੀਗੜੋਂ ਮਨ੍ਹੀ ‘ਲਾਜ ਹੋਣਾ।”
ਮਾਹਲਾ ਨੰਬਰਦਾਰ ਕਹਿੰਦਾ, ”ਗੱਪ ਤਾਂ ਸੱਥ ‘ਚ ਲਿਆਕੇ ਇੳ ਛੱਡ ਦੇਣਗੇ ਜਿਮੇਂ ਮਦਾਰੀ ਖੇਡਾ ਪਾਉਂਦਾ ਬਗਲੀ ‘ਚੋਂ ਨਿੱਕੇ ਨਿੱਕੇ ਜਾਨਵਰ ਕੱਢੀ ਜਾਂਦਾ ਹੁੰਦੈ। ਪਤਾ ਨ੍ਹੀ ਕਿਹੜੀ ਤੂੜੀ ਆਲੀ ਸਬ੍ਹਾਤ ‘ਚੋਂ ਲਿਆ ਕੇ ਛੱਡ ਦਿੰਦੇ ਐ।”
ਤਾਸ਼ ਵਾਲੀ ਢਾਣੀ ਦੇ ਨਾਲ ਬੈਠੇ ਬੈਠੇ ਜੀਤੂ ਮਖੌਲੀ ਨੇ ਵੀ ਤੀਰ ਛੱਡਿਆ ਫ਼ਿਰ ਤੀਰ, ”ਮੈਂ ਤਾਂ ਯਾਰ ਇਉਂ ਗੱਲ ਕਰਦਾਂ ਬਈ ਮਿਰਜ਼ਾ ਸਾਹਿਬਾਂ ਨੂੰ ਕੱਢ ਕੇ ਨ੍ਹੀ ਸੀ ਲੈ ਕੇ ਗਿਆ, ਉਹ ਤਾਂ ਸਾਹਿਬਾਂ ਨੂੰ ਬਜ਼ਾਰੋਂ ਸੁਰਖੀ ਪੋਡਰ ਦਵਾਉਣ ਗਿਆ ਸੀ। ਆਹ ਨਾਥੇ ਅਮਲੀ ਤੇ ਸੀਤੇ ਮਰਾਸੀ ਅਰਗਿਆਂ ਨੇ ਹੋਰ ਈ ਗੱਲ ਬਣਾ ਕੇ ਧਰ ‘ਤੀ। ਕਿੱਡੇ ਐ ਯਾਰ ਲੋਕ ਵੀ। ਆਵਦੀ ਪੀੜ੍ਹੀ ਥੱਲੇ ਸੋਟੀ ਨ੍ਹੀ ਫ਼ੇਰਦੇ, ਦੂਜਿਆਂ ਦੇ ਬੁਰੇ ਤਕ ਇਉਂ ਅੱਪੜਦੇ ਐ ਜਿਮੇਂ ਬਿਜਲੀ ਆਲੇ ਮੂੰਹ ਨੇਰ੍ਹੇ ਈ ਲੋਕਾਂ ਦੇ ਘਰਾਂ ‘ਚ ਕੁੰਡੀਆਂ ਫ਼ੜਨ ਵੜ ਜਾਂਦੇਂ ਐ, ਆਵਦੇ ਘਰੋਂ ਕੁੰਡੀ ਲਾਹਣ ਨੂੰ ਕਨੂੰਨ ਸਮਝਣਗੇ।”
ਸੀਤਾ ਮਰਾਸੀ ਕਹਿੰਦਾ, ”ਕਿਉਂ ਯਰ ਗੱਪ ਮਾਰੀ ਜਾਨੈਂ ਐਂ। ਸਾਰੇ ਗੱਪ ਮਾਰਨੇ ਸੋਨੂੰ ਈ ਦਿੱਤੇ ਵੇ ਐ। ਆਪਣੇ ਓਧਰਲੇ ਗੁਆੜ ‘ਚ ਮੈਂ ਇਹੋ ਜਾ ਕੁਜ ਕਦੇ ਸੁਣਿਆਂ ਨ੍ਹੀ। ਆਪਣੀ ਸੱਥ ਚੀ ਪਤਾ ਨ੍ਹੀ ਕਿਹੜਾ ਝੂਠਾ ਦਾ ਪੌਦਾ ਲਾ ਗਿਆ। ਅਸਲ ‘ਚ ਗੱਲ ਕੋਈ ਹੋਰ ਹੋਣੀ ਐ, ਲੋਕਾਂ ਦੇ ਸੁਆਦ ਲੈਣ ਦਿਆਂ ਮਾਰਿਆਂ ਨੇ ਪਤੰਗੀ ਨੂੰ ਐਹੋ ਜਾ ਪੂੰਝਾ ਬੰਨ੍ਹਿਆਂ, ਡਿੱਗਣ ਦਾ ਨਾਂ ਈ ਨ੍ਹੀ ਲੈਂਦਾ। ਮੈਂ ਦੱਸਦਾਂ ਕੀ ਕਹਾਣੀ ਐ ਏਹੇ। ਮਿਰਜ਼ਾ ਸਾਹਿਬਾਂ ਨੂੰ ਭਜਾ ਕੇ ਨ੍ਹੀ ਸੀ ਲਗਿਆ, ਉਹ ਤਾਂ ਸਾਹਿਬਾਂ ਨੂੰ ਆਹ ਟੌਹਰ ਕੱਢਣ ਕਢਾਉਣ ਆਲੀ ਹੱਟ ‘ਤੇ ਲੈ ਕੇ ਗਿਆ ਸੀ। ਲੋਕਾਂ ਨੇ ਐਵੇਂ ਗੱਲ ਛੱਤਣੀ ਚੱਕ ‘ਤੀ। ਊਈਂ ਪਤੰਦਰ ਬੁੱਧੂ ਲੋਕਾਂ ਨੇ ਕਿਸੇ ਦੀ ਧੀ ਭੈਣ ਦੀ ਗੱਲ ਬਣਾ ਕੇ ਰੱਖ ‘ਤੀ। ਲੋਕਾਂ ਨੂੰ ਪੁੱਛਣਾ ਹੋਵੇ ਬਈ ਪਤੰਦਰੋ! ਕੋਈ ਮਾੜੀ ਮੋਟੀ ਗੱਲ ਤਾਂ ਸੋਚ ਵਿਚਾਰ ਕੇ ਕਰਿਆ ਕਰੋ, ਐਵੇਂ ਪਿੰਡ ਦੀ ਇੱਜ਼ਤ ਰੋਲੀ ਜਾਨੈਂ ਓਂ। ਆਵਦੇ ਪਿੰਡ ਦੀ ਵੀ ਕੋਈ ਗੱਲ ਕਰਦਾ ਹੁੰਦੈ? ਨਾਲੇ ਮਿਰਜ਼ਾ ਕਿਤੇ ਕਿਸੇ ਦੀਆਂ ਕੁੜੀਆਂ ਕੱਢਦਾ ਫ਼ਿਰਦਾ ਸੀ। ਗੱਪੀ ਕਿਸੇ ਥਾਂ ਦੇ ਨ੍ਹਾ ਹੋਣ ਤਾਂ ਹੀਂ ਹੀਂ ਹੀਂ …।”
ਨਾਥਾ ਅਮਲੀ ਸੀਤੇ ਮਰਾਸੀ ਨੂੰ ਕਹਿੰਦਾ, ”ਹੀਂ ਹੀਂ ਕੀ ਓਏ? ਗੱਲ ਤਾਂ ਪੂਰੀ ਕਰ। ਹੋਰ ਈ ਬਿਨਾਂ ਦੰਦਾਂ ਤੋਂ ਜਾਬ੍ਹਾਂ ਮਾਰੀ ਜਾਨੈਂ।”
ਸੀਤਾ ਕਹਿੰਦਾ, ”ਛੱਡ ਯਾਰ ਕੀ ਕਰਨੀ ਐ ਕਿਸੇ ਦੀ ਧੀ ਭੈਣ ਦੀ ਗੱਲ। ਸੋਨੂੰ ਤਾਂ ਗੱਪਾਂ ਤੋਂ ਬਿਨਾ ਹੋਰ ਕੁਸ ਮਨ੍ਹੀ ਆਉਂਦਾ। ਕਿਹੜਾ ਕਿਸੇ ਨੂੰ ਹਿਸਾਬ ਕਿਤਾਬ ਦੇਣਾ ਜਾਂ ਕੋਈ ਟੈੱਕਸ ਦੇਣਾ ਪੈਂਦਾ । ਇਹ ਕਿਹੜਾ ਕਿਸੇ ਦੀ ਮਾਂ ਦੇ ਐ, ਜਿੰਨੇ ਮਰਜ਼ੀ ਕੋਈ ਛੱਡੀ ਜਾਵੇ, ਪਰ ਏਨਾਂ ਕੁ ਧਿਆਨ ਮਾਰ ਲਿਆ ਕਰੋ ਬਈ ਛੱਡਿਆ ਕਰੋ ਬਚਾ ਕੇ, ਐਵੇਂ ਕਿਸੇ ਦੇ ਸੱਟ ਫੇਟ ਵੱਜ ਜਾਂਦੀ ਐ। ਮੁੜ ਕੇ ਪੈਂਸੇ ਲੱਗਣ ਨੂੰ ਥਾਂ ਹੋ ਜਾਂਦਾ।”
ਗੱਲਾਂ ਕਰਦਿਆਂ ਕਰਦਿਆਂ ਏਨੇ ਚਿਰ ਨੂੰ ਪਿੰਡ ‘ਚ ਰੌਲਾ ਪੈ ਗਿਆ ਬਈ ਪਿੰਡ ‘ਚ ਹਲਕਿਆ ਕੁੱਤਾ ਫ਼ਿਰਦੈ, ਭਾਈ ਬਚ ਕੇ ਰਿਹੋ। ਗੁਰਦੁਆਰੇ ਦੇ ਸਪੀਕਰ ਚੋਂ ਵੀ ਗ੍ਰੰਥੀ ਨੇ ਹੋਕਾ ਦੇ ਦਿੱਤਾ ਕਿ ਭਾਈ ਬਾਹਰੋਂ ਕੋਈ ਹਲਕਿਆ ਕੁੱਤਾ ਪਿੰਡ ‘ਚ ਆ ਵੜਿਆ, ਖਿਆਲ ਰੱਖਿਓ। ਸਪੀਕਰ ‘ਚੋਂ ਹੋਕਾ ਸੁਣਦਿਆਂ ਸਾਰ ਹੀ ਸੱਥ ਵਿੱਚੋਂ ਸਭ ਹਲਕੇ ਕੁੱਤੇ ਤੋਂ ਡਰਦੇ ਆਪੋ ਆਪਣੇ ਘਰਾਂ ਨੂੰ ਇੰਜ ਭੱਜ ਨਿੱਕਲੇ ਜਿਵੇਂ ਉਹ ਵੀ ਮਿਰਜ਼ੇ ਨੂੰ ਫ਼ੜਨ ਉਹਦੇ ਪਿੱਛੇ ਭੱਜੇ ਜਾਂਦੇ ਹੋਣ। ਵੇਂਹਦਿਆਂ ਵੇਂਹਦਿਆਂ ਸੱਥ ਖ਼ਾਲੀ ਹੋ ਗਈ।