ਮੇਰਾ ਆਪਣੇ ਗੁੱਸੇ ‘ਤੇ ਬਿਲਕੁਲ ਕਾਬੂ ਨਹੀਂ। ਮੇਰਾ ਕ੍ਰੋਧ ਬੜਾ ਪ੍ਰਚੰਡ ਹੈ। ਇਸ ਗੁੱਸੇ ਨੇ ਮੇਰਾ ਘਰ ਉਜਾੜ ਦਿੱਤਾ ਹੈ। ਮੈਨੂੰ ਬਰਬਾਦ ਕਰ ਦਿੱਤਾ ਹੈ। ਮੇਰੀ ਜ਼ਿੰਦਗੀ ਬੇਕਾਰ ਬਣਾ ਦਿੱਤੀ ਹੈ। ਮੇਰੀ ਇਸ ਆਦਤ ਕਾਰਨ ਮੇਰੀ ਬੀਵੀ ਮੈਨੂੰ ਛੱਡ ਗਈ। ਮੇਰੇ ਦੋਸਤ ਘਟਦੇ ਜਾ ਰਹੇ ਹਨ। ਕੋਈ ਇਲਾਜ ਹੈ ਤਾਂ ਦੱਸੋ। ਮੈਂ ਬਦਲਣਾ ਚਾਹੁੰਦਾ ਹਾਂ। ਇਕ ਨੌਜਵਾਨ ਪਾਲਕ ਆਪਣੀ ਸਮੱਸਿਆ ਦਾ ਸਮਾਧਾਨ ਪੁੱਛ ਰਿਹਾ ਹੈ। ਇਕ ਗੱਲ ਤਾਂ ਸਪਸ਼ਟ ਹੈ ਕਿ ਇਸ ਪਾਠਕ ਵਿੱਚ ਸੁਭਾਵਿਕਤਾ ਦੀ ਕਮੀ ਹੈ। ਉਹ ਸਧਾਰਨ ਵਿਅਕਤੀ ਤਾਂ ਨਹੀਂ ਹੈ। ਪ੍ਰਚੰਡ ਗੁੱਸੇ ਦੇ ਮਾਲਕ ਵਾਲਾ ਆਮ ਇਨਸਾਨ ਵਾਂਗ ਵਿਵਹਾਰ ਨਹੀਂ ਕਰ ਸਕਦਾ। ਗੁੱਸਾ ਬੰਦੇ ਨੂੰ ਸੁਭਾਵਿਕ ਜਾਂ ਸਧਾਰਨ ਮਨੁੱਖ ਨਹੀਂ ਰਹਿਣ ਦਿੰਦਾ ਗੁੱਸਾ ਥੋੜ੍ਹ-ਚਿਰਾ ਪਾਗਲਪਣ ਹੁੰਦਾ ਹੈ। ਰੋਮਨ ਦਾ ਅਖਾਣ ਹੈ ਕਿ ਗੁੱਸੇ ਦਾ ਧੂੰਆ ਦਿਮਾਗ ਨੂੰ ਸੱਚ ਦੇਖਣ ਤੋਂ ਰੋਕਦਾ ਹੈ। ਗੁੱਸੇ ਨਾਲ ਤੁਸੀਂ ਇਹ ਦਰਸਾਉਂਦੇ ਹੋ ਕਿ ਤੁਸੀਂ ਗਲਤ ਹੋ। ਹਾਲਾਂਕਿ ਇਹ ਗਲਤੀ ਤੁਸੀਂ ਕਿਸੇ ਹੋਰ ਗਲਤੀ ਨੂੰ ਵੇਖ ਕੇ ਕਰਦੇ ਹੋ। ਅਸਲ ਵਿੱਚ ਗੁੱਸਾ ਤਾਂ ਦੂਸਰਿਆਂ ਦੁਆਰਾ ਕੀਤੀ ਗਈ ਗਲਤੀ ਦੀ ਸਜ਼ਾ ਖੁਦ ਨੂੰ ਦੇਣਾ ਹੈ। ਪੁਸਤਕ ‘ਦ ਮੈਜਿਕ ਆਫ਼ ਅਵੇਕਨਿੰਗ’ ਦੇ ਲੇਖਕ ਸਰਸ੍ਰੀ ਲਿਖਦੇ ਹਨ ‘ਗੰਨੇ ਦੀ ਮਸ਼ੀਨ ਵਿੱਚ ਗੰਨਾ ਪਾਉਂਦੇ ਹਾਂ ਤਾਂ ਉਸਦੀ ਮਿਠਾਸ ਪਹਿਲਾਂ ਉਸਦੀ ਮਸ਼ੀਨ ਨੂੰ ਮਿਲਦੀ ਹੈ, ਫ਼ਿਰ ਦੂਜਿਆਂ ਨੂੰ, ਲੇਕਿਨ ਉਸ ਵਿੱਚ ਜੇਕਰ ਪੱਥਰ ਪਾਈਏ ਤਾਂ ਪਹਿਲਾਂ ਨੁਕਸਾਨ ਵੀ ਉਸ ਮਸ਼ੀਨ ਦਾ ਹੀ ਹੁੰਦਾ ਹੈ। ਇਕ ਸਰਵੇਖਣ ਦੁਆਰਾ ਇਹ ਪਤਾ ਲੱਗਿਆ ਕਿ ਜੇਲ੍ਹ ਵਿੱਚ 80 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਕੈਦੀ ਆਪਣੇ ਕੀਤੇ ਤੇ ਪਛਤਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਕ ਪਲ ਦੇ ਗੁੱਸੇ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।’ ਗੁੱਸਾ ਸੱਚਮੁਚ ਇਕ ਪਲ ਦਾ ਪਾਗਲਪਣ ਹੈ। ਇਸ ਲਈ ਸਫ਼ਲਤਾ ਦੀ ਚਾਹਤ ਰੱਖਣ ਵਾਲੇ ਗੁੱਸੇ ਦੀ ਅੱਗ ਤੋਂ ਹਮੇਸ਼ਾ ਸੁਚੇਤ ਰਹਿੰਦੇ ਹਨ।
ਗੁੱਸੇ ਤੋਂ ਬਚਣ ਲਈ ਕੁਝ ਉਪਾਅ
ਮੱਧ ਅਫ਼ਰੀਕਾ ਦਾ ਅਖਾਣ ਹੈ ਕਿ ਜਦੋਂ ਗੁੱਸਾ ਆਵੇ ਤਾਂ ਸੌ ਤੱਕ ਗਿਣਤੀ ਕਰੋ। ਜਰਮਨੀ ਦੇ ਲੋਕਾਂ ਦੀ ਲੋਕ ਸਿਆਣਪ ਵੀ ਅਜਿਹਾ ਹੀ ਸੁਝਾਅ ਦਿੰਦੀ ਹੈ ਕਿ ਗੁੱਸੇ ਦਾ ਸਭ ਤੋਂ ਵਧੀਆ ਜਵਾਬ ਚੁੱਪ ਹੁੰਦਾ ਹੈ ਪੰਜਾਬ ਦੇ ਲੋਕਾਂ ਵਿੱਚ ਇਕ ਕਹਾਣੀ ਪ੍ਰਚੱਲਿਤ ਹੈ ਕਿ ਇਕ ਔਰਤ ਇਕ ਸੰਤ ਕੋਲ ਆਪਣੀ ਸਮੱਸਿਆ ਲੈ ਕੇ ਗਈ। ਉਸਨੇ ਸੰਤ ਨੂੰ ਪੁੱਛਿਆ ਕਿ ਉਸਦੀ ਸੱਸ ਉਸਨੂੰ ਅਜਿਹੀਆਂ ਸੜੀਆਂ ਗੱਲਾਂ ਸੁਣਾਉਂਦੀ ਹੈ ਜਿਸ ਨਾਲ ਉਸਨੂੰ ਬਹੁਤ ਕ੍ਰੋਧ ਆ ਜਾਂਦਾ ਹੈ ਸੰਤ ਜੀ ਉਸ ਬੀਬੀ ਨੂੰ ਇਲਾਚੀਆਂ ਦੇ ਕੇ ਕਹਿੰਦੇ ਹਨ ਕਿ ਜਦੋਂ ਵੀ ਤੈਨੂੰ ਸੱਸ ‘ਤੇ ਗੁੱਸਾ ਆਵੇ ਤਾਂ ਇਕ ਇਲਾਇਚੀ ਮੂੰਹ ਵਿੱਚ ਪਾ ਲਵੀਂ ਅਤੇ ਬੋਲੀਂ ਕੁਝ ਨਾ। ਅੰਦਰੋ ਅੰਦਰ ਵਾਹਿਗੁਰੂ ਦਾ ਜਾਪ ਕਰੀਂ। ਕੁਝ ਦਿਨਾਂ ਬਾਅਦ ਤੇਰੀ ਸੱਸ ਵੀ ਠੀਕ ਹੋਜੂ ਅਤੇ ਤੈਨੂੰ ਗੁੱਸਾ ਆਉਣੋਂ ਵੀ ਹਟ ਜਾਊ। ਤਰਕੀਬ ਸਪਸ਼ਟ ਹੈ ਕਿ ਜਦੋਂ ਨੂੰਹ ਚੁੱਪ ਰਹੇਗੀ ਤਾਂ ਭਲਾ ਸੱਸ ਕਿੰਨੇ ਦਿਨ ਬੋਲ ਸਕਦੀ ਹੈ। ਸੋ ਸੂਤਰ ਸਪਸ਼ਟ ਹੈ ਕਿ ਜਦੋਂ ਗੁੱਸਾ ਆਵੇ ਤਾਂ ਚੁੱਪ ਕਰਨਾ ਹੀ ਬਿਹਤਰ ਹੈ।
2. ਗੁੱਸੇ ਨੂੰ ਟਾਲਣ ਦੀ ਤਰਕੀਬ- ਜਦੋਂ ਵੀ ਗੁੱਸਾ ਆਵੇ ਤਾਂ ਉਸਨੂੰ ਕੁਝ ਸਮੇਂ ਲਈ ਟਾਲਣ ਦਾ ਯਤਨ ਕਰਨਾ ਚਾਹੀਦਾ ਹੈ। ਮਹਾਤਮਾ ਬੁੱਧ ਨੇ ਆਪਣੇ ਚੇਲਿਆਂ ਨੂੰ ਸਮਝਾਇਆ ਸੀ ਕਿ ਜਦੋਂ ਕਿਸੇ ਗੱਲ ‘ਤੇ ਕ੍ਰੋਧ ਆਵੇ ਤਾਂ ਉਸਦਾ ਜਵਾਬ ਅਗਲੇ ਦਿਨ ਦਿਓ। ਯਕੀਨ ਰੱਖੋ ਜਦੋਂ ਤੁਸੀਂ ਇਕ ਵਾਰੀ ਕ੍ਰੋਧ ਨੂੰ ਟਾਲ ਦਿਓਗੇ ਤਾਂ ਅਗਲੇ ਦਿਨ ਤੁਹਾਨੂੰ ਜਵਾਬ ਦੇਣ ਦੀ ਲੋੜ ਹੀ ਨਹੀਂ ਪਵੇਗੀ। ਰੋਮਨ ਵਿੱਚ ਲੋਕ ਅਖਾਣ ਪ੍ਰਚੱਲਿਤ ਹੈ ਕਿ ਗੁੱਸੇ ਦਾ ਸਭ ਤੋਂ ਵਧੀਆ ਇਲਾਜ ਦੇਰੀ ਹੁੰਦਾ ਹੈ। ਜਿਵੇਂ ਅਸੀਂ ਕੰਮ ਨੂੰ ਅਗਲੇ ਦਿਨ ‘ਤੇ ਟਾਲਣ ਦੀ ਆਦਤ ਦਾ ਸ਼ਿਕਾਰ ਹੁੰਦੇ ਹਾਂ ਉਸੇ ਤਰ੍ਹਾਂ ਗੁੱਸੇ ਨੂੰ ਵੀ ਅਗਲੇ ਦਿਨ ਲਈ ਟਾਲ ਦੇਣਾ ਚਾਹੀਦਾ ਹੈ। ਇਹ ਦੇਰੀ, ਗੁੱਸੇ ਦੀ ਅੱਗ ਨੂੰ ਸ਼ਾਂਤ ਕਰਨ ਦੇ ਲਈ ਇਕ ਪ੍ਰਭਾਵਸ਼ਾਲੀ ਅਤੇ ਅਸਫ਼ਲ ਨਾ ਹੋਣ ਵਾਲਾ ਨੁਸਖਾ ਹੈ।
3. ਆਵਾਜ਼ ‘ਤੇ ਨਿਯੰਤਰਣ- ਬਹੁਤ ਸਾਰੇ ਅਧਿਐਨ ਇਹ ਦੱਸਦੇ ਹਨ ਕਿ ਜ਼ਿਆਦਾ ਲੜਾਈ ਝਗੜੇ ਅਤੇ ਗੁੱਸੇ ਮਿਲੇ ਉਚੀ ਆਵਾਜ਼ ਵਿੱਚ ਬੋਲਣ ਕਾਰਨ ਹੁੰਦੇ ਹਨ। ਗੁੱਸੇ ਦੇ ਵਧਣ ਨਾਲ ਆਵਾਜ਼ ਉਚੀ ਹੁੰਦੀ ਹੈ ਅਤੇ ਆਵਾਜ਼ ਵਧਣ ਨਾਲ ਗੁੱਸਾ ਵਧਦਾ ਹੈ। ਲਗਾਤਾਰ ਅਭਿਆਸ ਨਾਲ ਆਪਣੀ ਸ਼ਖਸੀਅਤ ਵਿੱਚ ਇਹ ਗੁਣ ਪੈਦਾ ਕਰੋ ਕਿ ਜਦੋਂ ਕਦੇ ਗੁੱਸਾ ਆਵੇ ਤਾਂ ਕੋਈ ਹੋਰ ਉਚੀ ਆਵਾਜ਼ ਵਿੱਚ ਗੁੱਸਾ ਕਰ ਰਿਹਾ ਹੋਵੇ, ਤੁਸੀਂ ਆਵਾਜ਼ ਹੌਲੀ ਰੱਖੋ। ਇਸ ਨਾਲ ਗੁੱਸੇ ‘ਤੇ ਕੰਟਰੋਲ ਹੋਵੇਗਾ।
4. ਕ੍ਰੋਧ ਨਾਲ ਸੋਚਣ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਸੋ, ਚਾਹੀਦਾ ਇਹ ਹੈ ਕਿ ਗੁੱਸਾ ਆਉਣ ਸਮੇਂ ਇਹ ਜ਼ਰੂਰ ਸੋਚ ਲਿਆ ਜਾੇਵੇ ਕਿ ਇਸ ਗੁੱਸੇ ਕਾਰਨ ਮੈਨੂੰ ਕੀ-ਕੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਮੈਨੂੰ ਇਕ ਸਰਕਾਰੀ ਕਰਮਚਾਰੀ ਨੇ ਦੱਸਿਆ ਕਿ ਇਕ ਦਿਨ ਮੈਂ ਥੋੜ੍ਹੀ ਜਿਹੀ ਗੱਲ ਦਾ ਗੁੱਸਾ ਖਾ ਕੇ ਅਸਤੀਫ਼ਾ ਦੇ ਬੈਠਾ, ਜਿਸਦੇ ਨਤੀਜੇ ਅਜੇ ਤੱਕ ਭੁਗਤ ਰਿਹਾ ਹਾਂ। ਇਸ ਤਰ੍ਹਾਂ ਇਕ ਬੰਦੇ ਨੇ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਨੂੰ ਘਰੋਂ ਜਾਣ ਲਈ ਕਹਿ ਦਿੱਤਾ, ਉਹ ਅਜੇ ਤੱਕ ਪਤਨੀ ਦੇ ਮੁੜਨ ਦੀ ਉਡੀਕ ਕਰ ਰਿਹਾ ਹੈ। ਸੋ ਜੇ ਤੁਸੀਂ ਮਾੜੇ ਨਤੀਜਿਆਂ ਬਾਰੇ ਪਹਿਲਾਂ ਸੋਚ ਲਵੋਗੇ ਤਾਂ ਸ਼ਾਇਦ ਗੁੱਸਾ ਕਰਨ ਤੋਂ ਗੁਰੇਜ਼ ਕਰੋਗੇ।
5. ਲੰਮੇ-ਲੰਮੇ ਸਾਹ ਲੈਣਾ ਵੀ ਕ੍ਰੋਧ ਨੂੰ ਕੰਟਰੋਲ ਕਰਨ ਦੀ ਇਕ ਤਰਕੀਬ ਹੈ।
6. ਠੰਡਾ ਪਾਣੀ ਪੀਓ ਅਤੇ ਸ਼ਾਂਤੀ ਹੋਣ ਦਾ ਯਤਨ ਕਰੋ।
7. ਦਰਪਣ ਵਿੱਚ ਆਪਣਾ ਮੂੰਹ ਵੇਖੋ। ਗੁੱਸੇ ਵਿੱਚ ਆਪਣੀ ਬਦਸੂਰਤੀ ਵੇਖ ਕੇ ਗੁੱਸਾ ਕਰਨ ਤੋਂ ਤੌਬਾ ਕਰੋਗੇ।
8. ਬਹੁਤ ਵਾਰ ਧਾਰਮਿਕ ਲੋਕ ਗੁੱਸਾ ਆਉਣ ਸਮੇਂ ਪ੍ਰਮਾਤਮਾ ਦੇ ਨਾਮ ਨੂੰ ਯਾਦ ਕਰਨ ਦੀ ਸਲਾਹ ਦਿੰਦੇ ਹਨ। ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਸਕਦੇ ਹੋ।
9. ਦਰਸ਼ਕ ਬਣਨ ਦੀ ਵਿਧੀ ਅਪਣਾਓ। ਸ਼ਾਕਸੀ ਬਣ ਜਾਓ। ਵੇਖੋ ਗੁੱਸਾ ਕਿਸਨੂੰ ਆ ਰਿਹਾ ਹੈ? ਸਰੀਰ ਨੂੰ, ਮਨ ਨੂੰ ਜਾਂ ਤੁਹਾਨੂੰ? ਫ਼ਰਜ਼ ਕਰੋ ਤੁਸੀਂ ਪਾਣੀ ਵਿੱਚ ਆਪਣਾ ਪਰਛਾਵਾਂ ਵੇਖ ਰਹੇ ਹੋ। ਪਾਣੀ ਹਿੱਲਣ ਨਾਲ ਤੁਹਾਡਾ ਪਰਛਾਵਾਂ ਵੀ ਹਿੱਲੇਗਾ। ਇਹ ਵੇਖ ਕੇ ਤੁਸੀਂ ਇਹੀ ਆਖੋਗੇ ਕਿ ਮੇਰਾ ਪਰਛਾਵਾਂ ਹਿੱਲ ਰਿਹਾ ਹੈ। ਮੈਂ ਨਹੀਂ। ਪਰਛਾਵੇਂ ਦੇ ਹਿੱਲਣ ਨਾਲ ਮੈਨੂੰ ਕੀ ਫ਼ਰਕ ਪੈਂਦਾ ਹੈ। ਬਿਲਕੁਲ ਇਸੇ ਤਰ੍ਹਾਂ ਗੁੱਸਾ ਤਾਂ ਮਨ ਨੂੰ ਆ ਰਿਹਾ ਹੈ, ਮੈਨੂੰ ਨਹੀਂ।
ਨੁਸਖੇ, ਉਪਾਅ ਅਤੇ ਇਲਾਜ ਤਾਂ ਹੋਰ ਵੀ ਬਹੁਤ ਹਨ ਪਰ ਸਥਾਨ ਦੀ ਸੀਮਾ ਕਾਰਨ ਫ਼ਿਰ ਕਿਸੇ ਦਿਨ ਚਰਚਾ ਕਰਾਂਗੇ।
ਪਿਆਰ ਬਦਲੇ ਪਿਆਰ, ਵਿਸ਼ਵਾਸ ਬਦਲੇ ਵਿਸ਼ਵਾਸ
ਜ਼ਿੰਦਗੀ ਵਿੱਚ 85 ਪ੍ਰਤੀਸ਼ਤ ਸਫ਼ਲਤਾ ਤੁਹਾਡੀਆ ਸਮਾਜਿਕ ਯੋਗਤਾਵਾਂ ਤੇ ਨਿਰਭਰ ਹੁੰਦੀ ਹੈ। ਸਫ਼ਲਤਾ ਨਿਰਭਰ ਕਰਦੀ ਹੈ, ਤੁਹਾਡੇ ਦੂਸਰਿਆਂ ਪ੍ਰਤੀ ਵਿਵਹਾਰ ਉਤੇ। ਤੁਹਾਡਾ ਦੂਜਿਆਂ ਪ੍ਰਤੀ ਵਿਵਹਾਰ ਕਿੰਨਾ ਕੁ ਸਕਾਰਾਤਮਕ ਹੈ, ਅਰਸਦਾਰ ਹੈ, ਪ੍ਰਭਾਵਸ਼ਾਲੀ ਹੈ। ਤੁਸੀਂ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਰਾਹ ਵਿੱਚ ਆਉਦ ਵਾਲੇ ਸਾਰੇ ਲੋਕਾਂ ਤੋਂ ਕਿੰਨਾ ਕੁ ਸਹਿਯੋਗ ਲੈਣ ਵਿੱਚ ਸਫ਼ਲ ਹੁੰਦੇ ਹੋ। ਤੁਹਾਡੇ ਸੰਪਰਕ ਵਿੱਚ ਆਉਣ ਵਾਲੇ ਲੋਕ ਤੁਹਾਨੂੰ ਕਿੰਨੀ ਖੁਸ਼ੀ ਅਤੇ ਉਤਸ਼ਾਹ ਨਾਲ ਸਹਿਯੋਗ ਦਿੰਦੇ ਹਨ। ਮਾਨਵੀ ਰਿਸ਼ਤਿਆਂ ਦੀ ਸਮਝ ਰੱਖਣ ਵਾਲੇ ਲੋਕਾਂ ਨੂੰ ਸਫ਼ਲਤਾ ਦੇ ਰਾਹ ਛੇਤੀ ਅਤੇ ਸੌਖੇ ਮਿਲਦੇ ਹਨ। ਅਜਿਹੇ ਲੋਕ ਜ਼ਿੰਦਗੀ ਦੀ ਜਿੱਤ ਦੀ ਇਬਾਰਤ ਸੌਖਿਆਂ ਹੀ ਸਿੱਖ ਲੈਂਦੇ ਹਨ। ਜ਼ਿੰਦਗੀ ਵਿੱਚ ਸਫ਼ਲਤਾ ਦੇ ਅਰਥਾਂ ਨੂੰ ਗਹਿਰਾਈ ਵਿੱਚ ਸਮਝਣ ਲਈ ਮਾਨਵੀ ਸਬੰਧਾਂ ਦੀ ਸਮਰੱਥਾ ਨੂੰ ਵੀ ਗਹਿਰਾਈ ਨਾਲ ਸਮਝਣਾ ਪਵੇਗਾ।
ਸਮਾਜਿਕ ਅਤੇ ਪੇਸ਼ਵਾਰਨਾ ਤੌਰ ਤੇ ਅਸਫ਼ਲ ਲੋਕਾਂ ਦੀ ਜ਼ਿੰਦਗੀ ‘ਤੇ ਨਜ਼ਰ ਮਾਰਨ ‘ਤੇ ਇਕ ਗੱਲ ਸਪਸ਼ਟ ਹੁੰਦੀ ਹੈ ਕਿ ਇਹਨਾਂ ਦੀ ਅਸਫ਼ਲਤਾ ਦਾ ਵੱਡਾ ਕਾਰਨ ਦੂਜੇ ਲੋਕਾਂ ਦਾ ਸਹਿਯੋਗ ਹਾਸਲ ਕਰਨ ਵਿੱਚ ਅਸਫ਼ਲ ਰਹਿਣਾ ਸੀ। ਅਜਿਹੇ ਲੋਕ ਹੋਰਨਾਂ ਨੂੰ ਆਪਣੇ ਨਾਲ ਚੱਲਣ ਲਈ ਪ੍ਰੇਰਿਤ ਕਰਨ ਵਿੱਚ ਅਯੋਗ ਸਾਬਤ ਹੋਏ। ਇਕ ਅਧਿਐਨ ਅਨੁਸਾਰ ਇਕ ਦਹਾਕੇ ਦੌਰਾਨ ਨੌਕਰੀ ਤੋਂ ਕੱਢੇ ਗਏ 95 ਫ਼ੀਸਦੀ ਲੋਕਾਂ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਕਾਰਨ ਉਹਨਾਂ ਦੀ ਸਮਾਜਿਕ ਅਯੋਗਤਾ ਅਤੇ ਸਹਿ-ਕਰਮਚਾਰੀਆਂ ਨੂੰ ਆਪਣੇ ਸਹਿਯੋਗ ਲਈ ਪ੍ਰੇਰਿਤ ਕਰਨ ਦੀ ਅਯੋਗਤਾ ਸੀ। ਜ਼ਿੰਦਗੀ ਦੇ ਰੰਗਹੀਣ ਹੋਣ ਦਾ ਵੱਡਾ ਕਾਰਨ ਸਾਡੇ ਸਮਾਜਿਕ ਰਿਸ਼ਤਿਆਂ ਵਿੱਚੋਂ ਨਿੱਘ ਦਾ ਮੁੱਕ ਜਾਣਾ ਹੁੰਦਾ ਹੈ। ਮਨ ਦੀ ਉਦਾਸੀ ਦਾ ਕਾਰਨ ਵੀ ਰਿਸ਼ਤਿਆਂ ਦੀ ਟੁੱਟ-ਭੱਜ ਹੁੰਦੀ ਹੈ। ਜ਼ਿੰਦਗੀ ਵਿੱਚ ਬੇਮੌਸਮੀ ਪਤਝੜ ਦੀ ਆਮਦ ਵੀ ਸਾਡੇ ਸਮਾਜਿਕ ਸਬੰਧਾਂ ਦੀ ਟੁੱਟ ‘ਚੋਂ ਨਿਕਲੀ ਇਕੱਲਤਾ ਹੀ ਹੁੰਦੀ ਹੈ। ਜ਼ਿੰਦਗੀ ਦੀਆਂ ਬਹੁਤੀਆਂ ਸਮੱਸਿਆਵਾਂ ਲੋਕਾਂ ਦੇ ਸਬੰਧਾਂ ਨਾਲ ਹੀ ਸਬੰਧਤ ਹੁੰਦੀਆਂ ਹਨ
ਅਸੀਂ ਹਮੇਸ਼ਾ ਅਜਿਹੀ ਸ਼ਖਸੀਅਤ ਦੇ ਮਾਲਕ ਬਣਨਾ ਚਾਹੁੰਦੇ ਹਾਂ, ਜਿਹੜੀ ਪ੍ਰਭਾਵਸ਼ਾਲੀ, ਪ੍ਰਸੰਨਤਾ ਭਰਪੂਰ, ਸਤਿਕਾਰਿਤ ਅਤੇ ਸਫ਼ਲ ਹੋਵੇ। ਅਸੀਂ ਚਾਹੁੰਦੇ ਹਾਂ ਕਿ ਹਮੇਸ਼ਾ ਸਾਡੀ ਦਰਾਂ ‘ਤੇ ਸੁਹਾਵਣੇ ਮੌਸਮਾਂ ਦੀ ਸੁਰਮਈ ਰੰਗ ਬਿਰੰਗੇ ਚਿੱਤਰ ਉਕਰਨ। ਅਜਿਹੀ ਸ਼ਖਸੀਅਤ ਬਣਾਉਣ ਲਈ ਤੁਹਾਨੂੰ ਮਨ ਦੀਆਂ ਨੁੱਕਰਾਂ ਨੂੰ ਫ਼ਰੋਲਣਾ ਹੋਵੇਗਾ ਅਤੇ ਉਦਾਸ ਰੰਗਾਂ ਨੂੰ ਅਲਵਿਦਾ ਕਹਿਣੀ ਪਵੇਗੀ। ਇੱਥੇ ਤਾਂ ਕੁਦਰਤ ਦਾ ਨਿਯਮ ਲਾਗੂ ਹੁੰਦਾ ਹੈ, ਜੋ ਬੀਜੋਗੇ ਉਹੀ ਵੱਢੋਗੇ। ਦੂਜੇ ਦਾ ਸਤਿਕਾਰ ਪਾਉਣ ਦਾ ਇਕੋ ਇਕ ਤਰੀਕਾ ਹੈ ਕਿ ਉਸਦਾ ਸਤਿਕਾਰ ਕਰੋ। ਜਦੋਂ ਤੁਸੀਂ ਕਿਸੇ ਵਿਅਕਤੀ ਪ੍ਰਤੀ ਸਤਿਕਾਰ ਅਤੇ ਪ੍ਰਸੰਸਾ ਦਾ ਇਜ਼ਹਾਰ ਕਰਦੇ ਹੋ ਤਾਂ ਉਹ ਵੀ ਬਦਲੇ ਵਿੱਚ ਤੁਹਾਨੂੰ ਸਤਿਕਾਰ ਅਤੇ ਪਿਆਰ ਦੇਵੇਗਾ। ਮਾਨਵੀ ਸਬੰਧਾਂ ਵਿੱਚ ਇਹ ਅਜਮਾਇਆ ਹੋਇਆ ਸਿਧਾਂਤ ਹੈ ਕਿ ਪਿਆਰ ਬਦਲੇ ਪਿਆਰ ਮਿਲਦਾ ਹੈ ਅਤੇ ਸਤਿਕਾਰ ਬਦਲੇ ਸਤਿਕਾਰ। ਦੁਨੀਆਂ ਭਰ ਪ੍ਰੇਮ, ਰੋਮਾਂਸ ਅਤੇ ਦੋਸਤੀ ਦਾ ਸਬੰਧ ਇਸੇ ਸਿਧਾਂਤ ਉਤੇ ਆਧਾਰਿਤ ਹੈ।
ਸਾਡਾ ਸੁਭਾਅ ਸਾਡੇ ਮਨ ਵਿੱਚ ਲਗਾਤਾਰ ਪੁੰਗਰਦੀਆਂ ਸੋਚਮਈ ਤਰੰਗਾਂ ਦੀ ਦੇਣ ਹੁੰਦਾ ਹੈ। ਮਨ ਸੱਚਮੁਚ ਹੀ ਇਕ ਗੁੰਝਲਦਾਰ ਬੁਝਾਰਤ ਹੈ। ਜਿਸ ਰਾਹੀਂ ਬਣਿਆ ਸਾਡਾ ਸੁਭਾਅ ਦਿਮਾਗ ਦੇ ਤਿੰਨੇ ਹਿੱਸਿਆਂ ਵਿੱਚ ਪਈਆਂ ਸੋਚਾਂ ਰਾੀਂ ਬਣਦਾ ਹੈ। ਬਹੁਤ ਵਾਰ ਅਸੀਂ ਇਕ ਵਾਕ ਸੁਣਦੇ ਹਾਂ ਕਿ ਕੀ ਕਰਾਂ ਮੈਂ ਉਸਦਾ ਵਿਸ਼ਵਾਸ ਨਹੀਂ ਜਿੱਤ ਸਕਿਆ। ਸਵਾਲ ਉਠਦਾ ਹੈ ਕਿ ਕਿਵੇਂ ਦੂਸਰੇ ਵਿਅਕਤੀ ਨੂੰ ਯਕੀਨ ਦਿਵਾਇਆ ਜਾਵੇ। ਕੀ ਤੁਸੀਂ ਉਸਦੇ ਵਿਸ਼ਵਾਸ ਪਾਤਰ ਬਣ ਸਕਦੇ ਹੋ। ਉਹ ਤੁਹਾਡੇ ‘ਤੇ ਕਿਉਂ ਯਕੀਨ ਕਰੇ। ਇੱਥੇ ਵੀ ਕੁਦਰਤ ਦਾ ਉਹੀ ਸਿਧਾਂਤ ਲਾਗੂ ਹੁੰਦਾ ਹੈ। ਜੋ ਆਪ ਦਿੰਦੇ ਹੋ ਉਹੀ ਤੁਹਾਨੂੰ ਮਿਲਦਾ ਹੈ। ਜਿਸ ਕਿਸਮ ਦੀਆ ਤਰੰਗਾਂ ਤੁਸੀਂ ਭੇਜਦੇ ਹੋ, ਉਹੀ ਤਰੰਗਾਂ ਤੁਹਾਨੂੰ ਵਾਪਸ ਮਿਲਦੀਆਂ ਹਨ। ਸੋ, ਤੁਸੀਂ ਦੂਜੇ ਵਿਅਕਤੀ ‘ਤੇ ਵਿਸ਼ਵਾਸ ਕਰੋ। ਫ਼ਿਰ ਵਿਸ਼ਵਾਸ ਕਰੋ, ਵਿਸ਼ਵਾਸ ਕਰੋ। ਵਿਸ਼ਵਾਸ ਰੱਖੋ ਸਮਾਂ ਆਵੇਗਾ ਉਹ ਵੀ ਤੁਹਾਡੇ ‘ਤੇ ਵਿਸ਼ਵਾਸ ਕਰਨ ਲੱਗੇਗਾ। ਨਿਮਰਤਾ, ਸਹਿਣਸ਼ੀਲਤਾ, ਸੂਝ ਅਤੇ ਉਦਾਰਤਾ ਆਦਿ ਗੁਣਾਂ ਨਾਲ ਲਬਰੇਜ਼ ਸ਼ਖਸੀਅਤ ਵਾਲਾ ਮਨੁੱਖ ਸਹਿਜ ਹੀ ਲੋਕਾਂ ਦਾ ਵਿਸ਼ਵਾਸਯੋਗ ਪਾਤਰ ਬਣ ਜਾਂਦਾ ਹੈ।