ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਲੋੜੀਂਦੇ ਨਿਯਮ ਅਤੇ ਮਾਪਦੰਡ ਪੂਰੇ ਹੁੰਦੇ ਹੋਏ ਤਾਂ ਉਨਾਂ ਦੀ ਸਰਕਾਰ ਸਬ ਯਾਰਡ ਪਾਇਲ ਦਾ ਪੱਧਰ ਉੱਚਾ ਚੁੱਕ ਕੇ ਇਸ ਨੂੰ ਨਵੀਂ ਮਾਰਕੀਟ ਕਮੇਟੀ ਬਨਾਉਣ ਨੂੰ ਤਿਆਰ ਹੈ।
ਪਾਇਲ ਦੇ ਵਿਧਾਇਕ ਸ੍ਰੀ ਲਖਵੀਰ ਸਿੰਘ ਲੱਖਾ ਵੱਲੋਂ ਕੀਤੇ ਗਏ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਇਸ ਵੇਲੇ ਪਾਇਲ ਵਿਖੇ ਮਾਰਕੀਟ ਕਮੇਟੀ ਸਥਾਪਿਤ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ ਪਰ ਜੇ ਪਾਇਲ ਸਬ ਯਾਰਡ ਸਾਰੀਆਂ ਸ਼ਰਤਾਂ ਤੇ ਮਾਪਦੰਡ ਪੂਰੇ ਕਰਦੀ ਹੋਈ ਤਾਂ ਹੀ ਕੇਵਲ ਇਸ ਨੂੰ ਮਾਰਕੀਟ ਕਮੇਟੀ ਬਣਾਇਆ ਜਾ ਸਕਦਾ ਹੈ ਜਿਨਾ ਵਿਚ ਘੱਟੋ-ਘੱਟ ਸਾਲਾਨਾ ਆਮਦਨ 2.5 ਕਰੋੜ ਰੁਪਏ (ਗੌਰਤਲਬ ਹੈ ਕਿ ਸਬ ਯਾਰਡ ਦੀ 2015-16 ਦੌਰਾਨ ਆਮਦਨ 1.73 ਕਰੋੜ ਰੁਪਏ ਅਤੇ 2016-17 ਵਿਚ 1.91 ਕਰੋੜ ਰੁਪਏ ਸੀ) ਸ਼ਾਮਲ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ 153 ਮਾਰਕੀਟ ਕਮੇਟੀਆਂ ਹਨ ਜਿਨ•ਾਂ ਵਿਚ (ਪ੍ਰਿੰਸੀਪਲ ਯਾਰਡ ਅਤੇ ਸਬ ਮਾਰਕੀਟ ਯਾਰਡ ਸ਼ਾਮਲ ਹਨ) ਸਬ ਯਾਰਡ ਪਾਇਲ ਲੁਧਿਆਣਾ ਜਿਲਾਂ ਦੀ ਮਾਰਕੀਟ ਕਮੇਟੀ ਦੋਰਾਹਾ ਦੇ ਨੋਟੀਫਾਇਡ ਮਾਰਕੀਟ ਖੇਤਰ ਵਿਚ ਪੈਂਦੀ ਹੈ। ਇਸ ਦਾ ਪੱਧਰ ਤਾਂ ਹੀ ਉੱਚਾ ਚੁੱਕਿਆ ਜਾ ਸਕਦਾ ਹੈ ਜੇ ਇਹ ਨੇੜੇ ਦੀ ਮਾਰਕੀਟ ਕਮੇਟੀ ਤੋਂ ਘੱਟੋ-ਘੱਟ 16 ਕਿਲੋਮੀਟਰ ‘ਤੇ ਹੋਵੇ ਜਦਕਿ ਇਸ ਦਾ ਫਾਸਲਾ 10 ਕਿਲੋਮੀਟਰ ਹੈ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਨਵੀਂ ਪ੍ਰਸਤਾਵਿਤ ਮਾਰਕੀਟ ਕਮੇਟੀ ਵਿਚ ਘੱਟੋ-ਘੱਟ 50 ਪਿੰਡ ਹੋਣੇ ਚਾਹੀਦੇ ਹਨ ਜਦਕਿ ਮਾਰਕੀਟ ਕਮੇਟੀ ਦੋਰਾਹਾ ਦੇ 58 ਪਿੰਡ ਹਨ। ਜੇ ਦੋਰਾਹਾ ਮਾਰਕੀਟ ਕਮੇਟੀ ਦੇ ਪਿੰਡ ਪਾਇਲ ਨੂੰ ਨਵੀਂ ਮਾਰਕੀਟ ਕਮੇਟੀ ਸਥਾਪਿਤ ਕਰਨ ਤਬਦੀਲ ਕੀਤੇ ਜਾਂਦੇ ਹਨ ਤਾਂ ਮਾਰਕੀਟ ਕਮੇਟੀ ਦੋਰਾਹਾ ਦੇ ਪਿੰਡਾਂ ਦੀ ਗਿਣਤੀ ਘੱਟ ਜਾਵੇਗੀ।
ਮੁੱਖ ਮੰਤਰੀ ਨੇ ਸਦਨ ਵਿਚ ਇਹ ਵੀ ਦੱਸਿਆ ਕਿ ਜਿਸ ਯਾਰਡ ਨੂੰ ਮਾਰਕੀਟ ਕਮੇਟੀ ਐਲਾਨ ਕੀਤਾ ਜਾਣਾ ਹੈ ਉਸ ਵਿਚ ਪਿਛਲੇ 2 ਸਾਲ ਦੌਰਾਨ ਧਾਰਾ-10 ਹੇਠ ਲਾਇਸੈਂਸੀਆਂ ਦੀ ਗਿਣਤੀ ਘੱਟੋ-ਘੱਟ 50 ਹੋਣੀ ਚਾਹੀਦੀ ਹੈ ਜਿਸ ਕਰਕੇ ਪਾਇਲ ਸਬ ਯਾਰਡ ਇਹ ਸ਼ਰਤ ਵੀ ਪੂਰੀ ਨਹੀਂ ਕਰਦਾ। ਧਾਰਾ 10 ਦੇ ਅਨੁਸਾਰ ਸਾਲ 2015-16 ਦੌਰਾਨ ਪਾਇਲ ਸਬ ਯਾਰਡ ਵਿਚ 22 ਅਤੇ 2016-17 ਦੌਰਾਨ 23 ਲਾਇਸੈਂਸ ਸਨ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਵੀਂ ਮਾਰਕੀਟ ਕਮੇਟੀ ਦੇ ਬਣਨ ਨਾਲ, ਨਾਲ ਲਗਦੀਆਂ ਦੂਜੀਆਂ ਮਾਰਕੀਟ ਕਮੇਟੀਆਂ ਦੀ ਜਿਨਸ ਦੀ ਆਮਦ, ਆਮਦਨ ਅਤੇ ਹੋਰ ਵਿੱਤੀ ਸਾਧਾਨਾਂ ‘ਤੇ ਮਾੜਾ ਪ੍ਰਭਾਗ ਨਹੀਂ ਪੈਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਪਾਇਲ ਸਬ ਕਮੇਟੀ ਦਾ ਪੱਧਰ ਤਾਂ ਹੀ ਉੱਚਾ ਚੁੱਕੇਗੀ ਜੇ ਇਹ ਯੋਗਤਾ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੋਵੇਗੀ।