ਚੰਡੀਗੜ੍ਹ – ਇਰਾਕ ਵਿਚ 39 ਭਾਰਤੀਆਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਾਂ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ| ਰੋਜ਼ੀ ਰੋਟੀ ਦੀ ਖਾਤਰ ਇਰਾਕ ਗਏ 39 ਭਾਰਤੀਆਂ ਵਿਚ 31 ਪੰਜਾਬੀ ਹਨ, ਜਿਨ੍ਹਾਂ ਦੀ ਮੌਤ ਦੀ ਖਬਰ ਨਾਲ ਇਨ੍ਹਾਂ ਪਰਿਵਾਰਾਂ ਵਿਚ ਸੋਗ ਦੀ ਲਹਿਰ ਦੌੜ ਗਈ|
ਇਸ ਤੋਂ ਪਹਿਲਾਂ ਇਨ੍ਹਾਂ ਪਰਿਵਾਰਾਂ ਨੂੰ ਵਿਦੇਸ਼ ਮੰਤਰਾਲੇ ਵੱਲੋਂ ਇਹ ਭਰੋਸਾ ਦਿੱਤਾ ਜਾ ਰਿਹਾ ਸੀ ਕਿ 39 ਭਾਰਤੀ ਸਹੀ-ਸਲਾਮਤ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਭਾਰਤ ਲਿਆਂਦਾ ਜਾਵੇਗਾ| ਪਰ ਅੱਜ ਜਿਵੇਂ ਹੀ ਇਨ੍ਹਾਂ ਦੀ ਮੌਤ ਦੀ ਖਬਰ ਭਾਰਤ ਸਰਕਾਰ ਨੇ ਦੱਸੀ ਤਾਂ ਉਨ੍ਹਾਂ ਦੇ ਭਰੋਸੇ ਦੀ ਆਖਰੀ ਉਮੀਦ ਵੀ ਟੁੱਟ ਗਈ|
ਵਰਨਣਯੋਗ ਹੈ ਕਿ ਮਾਰੇ ਗਏ 31 ਪੰਜਾਬੀਆਂ ਵਿਚ 7 ਅੰਮ੍ਰਿਤਸਰ, 6 ਜਲੰਧਰ, 2-2 ਗੁਰਦਾਸਪੁਰ ਅਤੇ ਹੁਸ਼ਿਆਰਪੁਰ ਅਤੇ 3 ਨੌਜਵਾਨ ਬਟਾਲਾ ਨਾਲ ਸਬੰਧਤ ਹਨ|
ਦੱਸਣਯੋਗ ਹੈ ਕਿ ਅੱਜ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿਚ ਜਾਣਕਾਰੀ ਦਿੱਤੀ ਕਿ ਇਰਾਕ ਵਿਚ ਲਾਪਤਾ 39 ਭਾਰਤੀ ਮਾਰੇ ਜਾ ਚੁੱਕੇ ਹਨ| ਉਨ੍ਹਾਂ ਦੱਸਿਆ ਕਿ ਇਹ 39 ਭਾਰਤੀ ਇਸਲਾਮਿਕ ਸਟੇਟ ਦੇ ਹਮਲੇ ਵਿਚ ਮਾਰੇ ਗਏ ਹਨ|