ਹੈਦਰਾਬਾਦ— ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ‘ਚ ਆਪਣੇ 2 ਸੰਸਦ ਮੈਂਬਰਾਂ ਦੇ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਨੇ ਵੀ ਆਖਰਕਾਰ ਐੱਨ.ਡੀ.ਏ. ਦਾ ਸਾਥ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਟੀ.ਡੀ.ਪੀ. ਨੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ। ਅਵਿਸ਼ਵਾਸ ਪ੍ਰਸਤਾਵ ਲਿਆਉਣ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਐੱਨ.ਡੀ.ਏ. ਨਾਲ ਰਸਮੀ ਤੌਰ ‘ਤੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। 2019 ਦੀਆਂ ਆਮ ਚੋਣਾਂ ਦੀ ਤਿਆਰੀ ਤੋਂ ਪਹਿਲਾਂ ਇਸ ਨੂੰ ਭਾਜਪਾ ਲਈ ਝਟਕੇ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਵਿਧਾਨ ਸਭਾ ‘ਚ ਚੰਦਰਬਾਬੂ ਨਾਇਡੂ ਨੇ ਕਿਹਾ,”ਅਸੀਂ ਐੱਨ.ਡੀ.ਏ. ਦਾ ਸਾਥ ਛੱਡ ਦਿੱਤਾ ਹੈ। ਅਸੀਂ ਇਹ ਫੈਸਲਾ ਸਵਾਰਥਪੂਰਨ ਕਾਰਨਾਂ ਕਰ ਕੇ ਨਹੀਂ ਸਗੋਂ ਆਂਧਰਾ ਪ੍ਰਦੇਸ਼ ਦੇ ਹਿੱਤ ‘ਚ ਲਿਆ ਹੈ। ਚਾਰ ਸਾਲਾਂ ਤੋਂ ਮੈਂ ਹਰ ਤਰ੍ਹਾਂ ਨਾਲ ਕੋਸ਼ਿਸ਼ ਕੀਤੀ, 29 ਵਾਰ ਦਿੱਲੀ ਗਿਆ ਅਤੇ ਕਈ ਵਾਰ ਪੁੱਛਿਆ। ਇਹ ਕੇਂਦਰ ਦਾ ਆਖਰੀ ਪੂਰਨ ਬਜਟ ਸੀ ਅਤੇ ਇੱਥੇ ਆਂਧਰਾ ਪ੍ਰਦੇਸ਼ ਲਈ ਕੋਈ ਐਲਾਨ ਨਹੀਂ। ਸਾਨੂੰ ਆਪਣੇ ਮੰਤਰੀਆਂ ਨੂੰ ਕੈਬਨਿਟ ਤੋਂ ਵਾਪਸ ਬੁਲਾਉਣਾ ਪਿਆ।” ਉਨ੍ਹਾਂ ਨੇ ਅੱਗੇ ਕਿਹਾ,”ਕੇਂਦਰ ਦੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਜੇਕਰ ਵਿਸ਼ੇਸ਼ ਦਰਜ ਨੂੰ ਉਦੋਂ ਲੋਕ ਸਭਾ ਦੇ ਐਕਟ ‘ਚ ਸ਼ਾਮਲ ਕੀਤਾ ਜਾਂਦਾ ਤਾਂ ਇਹ ਸਥਿਤੀ ਪੈਦਾ ਨਹੀਂ ਹੁੰਦੀ। ਟੀ.ਡੀ.ਪੀ. ਨੇ ਕਈ ਸੰਕਟ ਝੱਲੇ ਹਨ ਅਤੇ ਅਸੀਂ ਇਸ ਸਥਿਤੀ ਤੋਂ ਵੀ ਬਾਹਰ ਆ ਜਾਵਾਂਗੇ। ਮੈਂ ਕੇਂਦਰ ਨੂੰ ਕਈ ਪੱਤਰ ਲਿਖ ੇਹਨ। ਹਾਲ ਹੀ ‘ਚ ਮੈਂ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਵੀ ਦਿੱਤਾ ਪਰ ਕੁਝ ਵੀ ਨਹੀਂ ਮਿਲਿਆ।
ਭਾਵਨਾਵਾਂ ‘ਚ ਬਹੁਤ ਤਾਕਤ ਹੁੰਦੀ ਹੈ
ਉਨ੍ਹਾਂ ਨੇ ਕਿਹਾ,”ਅਰੁਣ ਜੇਤਲੀ ਨੇ ਕਿਹਾ ਕਿ ਭਾਵਨਾਵਾਂ ਧਨ ਦੀ ਮਾਤਰਾ ‘ਚ ਵਾਧਾ ਨਹੀਂ ਕਰ ਸਕਦੀ। ਇਹ ਕਿੰਨਾ ਲਾਪਰਵਾਹੀ ਵਾਲਾ ਬਿਆਨ ਹੈ। ਤੇਲੰਗਾਨਾ ਭਾਵਨਾਵਾਂ ‘ਤੇ ਹੀ ਤਿਆਰ ਕੀਤਾ ਗਿਆ। ਭਾਵਨਾਵਾਂ ਬਹੁਤ ਤਾਕਤਵਰ ਹੁੰਦੀਆਂ ਹਨ। ਹੁਣ ਤੁਸੀਂ ਅਨਿਆਂ ਕਰ ਰਹੇ ਹੋ।” ਉੱਥੇ ਹੀ ਏ.ਆਈ.ਏ.ਡੀ.ਐੱਮ.ਕੇ. ਵਿਧਾਇਕ ਅਤੇ ਤਾਮਿਲਨਾਡੂ ਦੇ ਮੰਤਰੀ ਡੀ. ਜੈਕੁਮਾਰ ਨੇ ਟੀ.ਡੀ.ਪੀ. ਦੇ ਅੰਦੋਲਨ ਨੂੰ ਮੌਕਾਪ੍ਰਸਤ ਦੱਸਿਆ। ਮੁੱਦੇ ਆਂਧਰਾ ਪ੍ਰਦੇਸ਼ ਦੀ ਵੰਡ ਦੇ ਬਾਅਦ ਤੋਂ ਹੀ ਸਨ ਅਤੇ ਇੰਨੇ ਸਾਲਾਂ ‘ਚ ਇਹ ਮੁੱਦੇ ਕਿਉਂ ਨਹੀਂ ਚੁੱਕੇ ਗਏ। ਇਸ ਤੋਂ ਸਿਰਫ ਮੌਕਾਪ੍ਰਸਤ ਸੁਭਾਅ ਦਾ ਪਤਾ ਲੱਗਦਾ ਹੈ।
ਅਵਿਸ਼ਵਾਸ ਪ੍ਰਸਤਾਵ ਨੂੰ ਵਿਰੋਧੀ ਦਲਾਂ ਦਾ ਸਮਰਥਨ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਈ.ਐੱਸ.ਆਰ. ਕਾਂਗਰਸ ਨੇ ਵੀ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਹੈ। ਟੀ.ਡੀ.ਪੀ. ਅੇਤ ਵਾਈ.ਐੱਸ.ਆਰ. ਕਾਂਗਰਸ ਦੇ ਅਵਿਸ਼ਵਾਸ ਪ੍ਰਸਤਾਵ ਨੂੰ ਕਈ ਵਿਰੋਧੀ ਦਲਾਂ ਦਾ ਸਮਰਥਨ ਮਿਲ ਗਿਆ ਹੈ। ਕਾਂਗਰਸ, ਏ.ਆਈ.ਏ.ਡੀ.ਐੱਮ.ਕੇ., ਟੀ.ਐੱਮ.ਸੀ., ਐੱਨ.ਸੀ.ਪੀ. ਅਤੇ ਸੀ.ਪੀ.ਐੱਮ. ਵਰਗੇ ਵੱਡੇ ਦਲਾਂ ਨੇ ਟੀ.ਡੀ.ਪੀ. ਦੇ ਅਵਿਸ਼ਵਾਸ ਪ੍ਰਸਤਾਵ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਮੌਜੂਦਾ ਹਾਲਤ ‘ਚ ਭਾਜਪਾ ਇਕੱਲੇ ਦਮ ‘ਤੇ ਬਹੁਮਤ ਸਾਬਤ ਕਰਨ ਦੀ ਸਥਿਤੀ ‘ਚ ਹੈ ਪਰ ਬਦਲੇ ਹੋਏ ਸਿਆਸੀ ਹਾਲਾਤ ‘ਚ ਐੱਨ.ਡੀ.ਏ. ਦੇ ਦੂਜੇ ਸਹਿਯੋਗੀ ਦਲਾਂ ਨੂੰ ਵੀ ਸਾਧਨ ਦੀ ਕੋਸ਼ਿਸ਼ ਜਾਰੀ ਹੈ। ਰਾਜ ਸਭਾ ‘ਚ ਪੀਊਸ਼ ਗੋਇਲ ਨੇ ਕਿਹਾ ਕਿ ਕੋਈ ਵੀ ਸਰਕਾਰ ਮੌਜੂਦਾ ਸਮੇਂ ਦੀ ਮੋਦੀ ਸਰਕਾਰ ਤੋਂ ਆਂਧਰਾ ਪ੍ਰਦੇਸ਼ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਮੰਗ ਦੇ ਮਾਮਲੇ ‘ਚ ਜ਼ਿਆਦਾ ਸੰਵੇਦਨਸ਼ੀਲ ਨਹੀਂ ਹੋ ਸਕਦੀ।