ਪਟਿਆਲਾ – ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਚਰਚਿਤ ਕਬੂਤਰਬਾਜ਼ੀ ਮਾਮਲੇ ਵਿਚ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ| ਪਟਿਆਲਾ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ ਤੋਂ ਇਲਾਵਾ 2 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ|
ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਦਲੇਰ ਮਹਿੰਦੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਪਰ ਸਜ਼ਾ ਤਿੰਨ ਸਾਲ ਤੋਂ ਘੱਟ ਹੋਣ ਕਾਰਨ ਉਨ੍ਹਾਂ ਅਦਾਲਤ ਨੇ ਜ਼ਮਾਨਤ ਦੇ ਦਿੱਤੀ।
ਦੱਸਣਯੋਗ ਹੈ ਕਿ ਇਹ ਮਾਮਲਾ 15 ਸਾਲ ਪੁਰਾਣਾ ਹੈ, ਜਦੋਂ ਸਾਲ 2003 ਵਿਚ ਪਟਿਆਲਾ ਦੇ ਪਿੰਡ ਬਲਬੇੜਾ ਦੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ਉਤੇ ਦਲੇਰ ਮਹਿੰਦੀ ਖਿਲਾਫ ਕਬੂਤਰਬਾਜੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ|ਉਸ ਦਾ ਕਹਿਣਾ ਸੀ ਕਿ ਦਲੇਰ ਮਹਿੰਦੀ ਨੇ ਉਸ ਤੋਂ ਵਿਦੇਸ਼ ਭੇਜਣ ਦੇ ਨਾਂਅ ‘ਤੇ ਪੈਸੇ ਲਏ ਹਨ, ਜਿਸ ਦੇ ਬਾਅਦ ਨਾ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਉਸ ਦੇ ਰੁਪਏ ਵਾਪਸ ਕੀਤੇ।